
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ ਦੇ ਡੇਵਨ ਖੇਤਰ ਵਿੱਚ ਰਾਇਲ ਨੇਵੀ ਦਾ ਇੱਕ ਮਰਲਿਨ ਐਮਕੇ-4 ਹੈਲੀਕਾਪਟਰ ਸਿਖਲਾਈ ਅਭਿਆਸ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਨੇਵੀ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਬਰਤਾਨੀਆ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਰਾਇਲ ਨੇਵੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਡੇਵਨ ਦੇ ਸੋਰਟਨ ਡਾਊਨ ਖੇਤਰ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ, ਪੁਲਿਸ ਅਤੇ ਖੋਜ ਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਸਨ, ਪਰ ਹੈਲੀਕਾਪਟਰ ਵਿੱਚ ਸਵਾਰ ਤਿੰਨ ਨੇਵੀ ਕਰਮਚਾਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ।ਰਾਇਲ ਨੇਵੀ ਦੇ ਮੁਖੀ ਜਨਰਲ ਸਰ ਗਵਿਨ ਜੇਨਕਿਨਜ਼ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੂਰੇ ਨੇਵਲ ਭਾਈਚਾਰੇ ਲਈ ਬਹੁਤ ਵੱਡਾ ਸਦਮਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ। ਡੇਵਨ ਅਤੇ ਕੋਰਨਵਾਲ ਪੁਲਿਸ ਅਨੁਸਾਰ ਹਾਦਸਾ ਓਕਹੈਂਪਟਨ ਨੇੜੇ ਇੱਕ ਖੇਤ ਵਿੱਚ ਵਾਪਰਿਆ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਕਾਰਨਾਂ ਕਰਕੇ ਸੀਲ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਏ-30 ਅਤੇ ਏ-386 ਸੜਕਾਂ ਦੇ ਕੁਝ ਹਿੱਸਿਆਂ ‘ਤੇ ਆਵਾਜਾਈ ਵੀ ਪ੍ਰਭਾਵਿਤ ਰਹੀ। ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੰਦਿਆਂ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਰੱਖਿਆ ਮੰਤਰੀ ਜੌਨ ਹੀਲੀ ਨੇ ਕਿਹਾ ਕਿ ਮ੍ਰਿਤਕ ਜਵਾਨਾਂ ਨੇ ਦੇਸ਼ ਦੀ ਸੇਵਾ ਬਹੁਤ ਸਮਰਪਣ ਅਤੇ ਸ਼ਾਨ ਨਾਲ ਕੀਤੀ ਸੀ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਕਿੰਗ ਚਾਰਲਜ਼ ਨੂੰ ਵੀ ਹਾਦਸੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸ਼ਾਹੀ ਪਰਿਵਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਪ੍ਰਿੰਸ ਵਿਲੀਅਮ ਅਤੇ ਪ੍ਰਿੰਸੈੱਸ ਕੈਥਰੀਨ ਨੇ ਵੀ ਆਪਣੇ ਸੰਦੇਸ਼ ਵਿੱਚ ਇਸ ਘਟਨਾ ‘ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


