-ਡੀਐਸਪੀ ਵੱਲੋਂ ਝੂਠੇ ਪਰਚੇ ਰੱਦ ਕਰਨ ਤੇ ਇਨਸਾਫ ਦੇਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ
-ਬਸਪਾ ਆਗੂਆਂ ਨੇ ਕਿਹਾ-ਝੂਠੇ ਪਰਚੇ ਰੱਦ ਨਾ ਹੋਏ ਤਾਂ ਥਾਣਿਆਂ ਤੇ ਐਸਐਸਪੀ ਦਫਤਰ ਅੱਗੇ ਲੜੀਵਾਰ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ
ਜਲੰਧਰ (ਸਮਾਜ ਵੀਕਲੀ) ਆਪ ਸਰਕਾਰ ਦੇ ਰਾਜ ਵਿੱਚ ਹਲਕਾ ਕਰਤਾਰਪੁਰ ਵਿੱਚ ਪੁਲਿਸ ਵੱਲੋਂ ਹੋਰ ਵਰਗਾਂ ਦੇ ਨਾਲ-ਨਾਲ ਦਲਿਤਾਂ ਖਿਲਾਫ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਵਿਰੋਧ ਵਿੱਚ ਅੱਜ ਬੁੱਧਵਾਰ ਨੂੰ ਬਸਪਾ ਵੱਲੋਂ ਥਾਣਾ ਮਕਸੂਦਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਅੱਗੇ ਇਨ੍ਹਾਂ ਮਾਮਲਿਆਂ ਨੂੰ ਚੁੱਕਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਆਪ ਸਰਕਾਰ ਦੌਰਾਨ ਹਲਕਾ ਕਰਤਾਰਪੁਰ ਵਿੱਚ ਪੁਲਿਸ ਪ੍ਰਸ਼ਾਸਨ ਰਾਹੀਂ ਲੋਕਾਂ ਨੂੰ ਲਗਾਤਾਰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ ਦਲਿਤ ਸਮਾਜ ਦੇ ਲੋਕਾਂ ਖਿਲਾਫ ਜਮ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਝੂਠੇ ਪਰਚਿਆਂ ਵਿੱਚ ਫਸਾਇਆ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਬਸਪਾ ਦੇ ਹਲਕਾ ਕਰਤਾਰਪੁਰ ਪ੍ਰਧਾਨ ਅਮਰਜੀਤ ਸਿੰਘ ਨੰਗਲ, ਜ਼ਿਲ੍ਹਾ ਸਕੱਤਰ ਕਮਲਦੀਪ ਬਾਦਸ਼ਾਹਪੁਰ, ਸ਼ਾਦੀ ਲਾਲ ਬੱਲ, ਸ਼ਾਮ ਕਟਾਰੀਆ ਤੇ ਹਲਕਾ ਕਰਤਾਰਪੁਰ ਉਪਪ੍ਰਧਾਨ ਪਰਮਜੀਤ ਮੰਨਣ ਨੇ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਦਲਿਤ ਸਮਾਜ ਦੇ ਬੇਕਸੂਰ ਲੋਕਾਂ ਨੂੰ ਟਾਰਗੇਟ ਕਰਕੇ ਊਨ੍ਹਾਂ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਧੱਕੇਸ਼ਾਹੀਆਂ ਨੂੰ ਲੈ ਕੇ ਦਲਿਤ ਬਹੁਜਨ ਸਮਾਜ ਦੇ ਲੋਕਾਂ ਵਿੱਚ ਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਝੂਠੇ ਪਰਚਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵੱਲੇ ਦਿਨਾਂ ਵਿੱਚ ਦਲਿਤ ਬਹੁਜਨ ਸਮਾਜ ਤੇ ਬਸਪਾ ਵੱਲੋਂ ਹਲਕਾ ਕਰਤਾਰਪੁਰ ਦੇ ਥਾਣਿਆਂ ਤੇ ਐਸਐਸਪੀ ਦਫਤਰ ਅੱਗੇ ਲੜੀਵਾਰ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਡੀਐਸਪੀ ਨਰਿੰਦਰ ਸਿੰਘ ਔਜਲਾ ਮੌਕੇ ’ਤੇ ਪਹੁੰਚੇ। ਉਨ੍ਹਾਂ ਵੱਲੋਂ ਝੂਠੇ ਪਰਚੇ ਰੱਦ ਕਰਨ ਤੇ ਇਨਸਾਫ ਦੇਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ। ਇਸ ਮੌਕੇ ਬਸਪਾ ਦੇ ਕਿਸਾਨ ਆਗੂ ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਪਾਲੀ ਹੁਸੈਨਪੁਰ, ਅਸ਼ੋਕ ਹੀਰ, ਅਮਰਜੀਤ ਸਿੰਘ ਜੀਤੀ, ਸੁੱਚਾ ਸਿੰਘ ਬਿਨਪਾਲਕੇ, ਤੇਜਰਾਮ ਵਰਿਆਣਾ, ਆਨੰਦ ਰਲ੍ਹ, ਮੰਗਾ ਦੇਸਲਪੁਰ, ਰੌਸ਼ਨ ਵਰਿਆਣਾ, ਰਵੀ ਕੋਟਲਾ, ਸਾਹਿਲ ਬਿਨਪਾਲਕੇ, ਦੇਵਰਾਜ ਭੱਠਾ ਆਦਿ ਵੀ ਮੌਜ਼ੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



