ਸਿਆਸੀ ਗਲਿਆਰਿਆਂ ਵਿੱਚ ਹਾਰ-ਜਿੱਤ ਦੇ ਅੰਦਾਜ਼ੇ ਸ਼ੁਰੂ, ਪੱਤਰਕਾਰਾਂ ਤੋਂ ਕਨਸੋਅ ਲੈਣ ਵਿੱਚ ਜੁਟੇ ਵੱਖ-ਵੱਖ ਪਾਰਟੀਆਂ ਦੇ ਸਮਰਥਕ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਸਥਾਨਕ ਨਗਰ ਕੌਂਸਲ ਚੋਣਾਂ ਦਾ ਕੰਮ ਬੀਤੇ ਕੱਲ੍ਹ ਪੂਰੇ ਉਤਸ਼ਾਹ ਅਤੇ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੀਤੇ ਗਏ ਪੁਖ਼ਤਾ ਸੁਰੱਖਿਆ ਪ੍ਰਬੰਧਾਂ ਸਦਕਾ ਸ਼ਹਿਰ ਦੇ ਸਾਰੇ 15 ਵਾਰਡਾਂ ਵਿੱਚ ਵੋਟਿੰਗ ਪ੍ਰਕਿਰਿਆ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਅਮਨ-ਅਮਾਨ ਨਾਲ ਸੰਪੰਨ ਹੋਈ। ਇਸ ਦੇ ਨਾਲ ਹੀ ਚੋਣ ਮੈਦਾਨ ਵਿੱਚ ਨਿੱਤਰੇ ਕੁੱਲ 54 ਉਮੀਦਵਾਰਾਂ ਦੀ ਸਿਆਸੀ ਕਿਸਮਤ ਬੈਲਟ ਬਾਕਸਾਂ ਵਿੱਚ ਬੰਦ ਹੋ ਗਈ ਹੈ। ਹੁਣ ਸਾਰੇ ਉਮੀਦਵਾਰਾਂ ਅਤੇ ਵੋਟਰਾਂ ਦੀਆਂ ਨਜ਼ਰਾਂ 29 ਮਈ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿਕ ਗਈਆਂ ਹਨ। ਚੌਂਕ-ਚੌਰਾਹਿਆਂ ‘ਤੇ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੁੰਦਿਆਂ ਹੀ ਸ਼ਹਿਰ ਵਿੱਚ ਸਿਆਸੀ ਚਰਚਾਵਾਂ ਅਤੇ ਅਫ਼ਵਾਹਾਂ ਦਾ ਬਾਜ਼ਾਰ ਬੇਹੱਦ ਗਰਮ ਹੋ ਗਿਆ ਹੈ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਹੁਣ ਹਾਰ-ਜਿੱਤ ਦੇ ਜੋੜ-ਤੋੜ ਲਗਾਉਣ ਵਿੱਚ ਰੁੱਝੇ ਹੋਏ ਹਨ। ਹਾਲਾਤ ਇਹ ਹਨ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਸਥਾਨਕ ਪੱਤਰਕਾਰਾਂ ਫੋਨ ਕਰ ਰਹੇ ਹਨ ਅਤੇ ਇਹ ਕਨਸੋਅ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖ਼ਰ ਕਿਸ ਵਾਰਡ ਵਿੱਚੋਂ ਕੌਣ ਬਾਜ਼ੀ ਮਾਰ ਰਿਹਾ ਹੈ ਅਤੇ ਕਿਸ ਦਾ ਪਲੜਾ ਭਾਰੀ ਹੈ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਸ਼ਹਿਰ ਕਈ ਵਾਰਡਾਂ ਵਿੱਚ ਪੈਸਾ ਪਾਣੀ ਵਾਂਗ ਵਹਾਇਆ ਗਿਆ ਹੈ। ਸ਼ਹਿਰ ਦੀਆਂ ਚਾਹ ਦੀਆਂ ਦੁਕਾਨਾਂ, ਮਾਮੇ ਢਾਬੇ ਅਤੇ ਸੱਥਾਂ ਵਿੱਚ ਇਹ ਚਰਚਾ ਵੀ ਜ਼ੋਰਾਂ ‘ਤੇ ਹੈ ਕਿ ਫ਼ਲਾਣੇ-ਫ਼ਲਾਣੇ ਉਮੀਦਵਾਰ ਨੇ ਚੋਣ ਜਿੱਤਣ ਲਈ ਪਾਣੀ ਵਾਂਗ ਪੈਸਾ ਵਹਾਇਆ ਹੈ ਅਤੇ ਬਹੁਤ ਵੱਡਾ ਖ਼ਰਚਾ ਕੀਤਾ ਹੈ, ਜਿਸ ਕਾਰਨ ਉਸ ਦੀ ਸੀਟ ਤਾਂ ‘ਪੱਕੀ ਵੱਟ ‘ਤੇ’ ਪਈ ਹੈ। ਦੂਜੇ ਪਾਸੇ, ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਈ ਵਾਰ ਵੋਟਰਾਂ ਦੀ ‘ਚੁੱਪ’ ਵੱਡੇ-ਵੱਡੇ ਦਾਅਵਿਆਂ ਨੂੰ ਫ਼ੇਲ੍ਹ ਕਰ ਦਿੰਦੀ ਹੈ ਅਤੇ ਚੋਣ ਨਤੀਜੇ ਹੈਰਾਨੀਜਨਕ ਵੀ ਹੋ ਸਕਦੇ ਹਨ। 29 ਮਈ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ ਫ਼ਿਲਹਾਲ ਚੋਣਾਂ ਤੋਂ ਬਾਅਦ ਜਿੱਥੇ ਉਮੀਦਵਾਰਾਂ ਦੀ ਧੜਕਣ ਵਧੀ ਹੋਈ ਹੈ, ਉੱਥੇ ਹੀ ਸਮਰਥਕਾਂ ਦੇ ਦਾਅਵਿਆਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਪਰ ਇਨ੍ਹਾਂ ਸਾਰੇ ਅੰਦਾਜ਼ਿਆਂ, ਅਫ਼ਵਾਹਾਂ ਅਤੇ ਸਿਆਸੀ ਦਾਅਵਿਆਂ ਦਾ ਅਸਲ ਜਵਾਬ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਮਿਲੇਗਾ, ਜਦੋਂ ਵੋਟਰਾਂ ਦਾ ਅਸਲ ਫੈਸਲਾ ਸਭ ਦੇ ਸਾਹਮਣੇ ਹੋਵੇਗਾ। ਹਾਲ ਦੀ ਘੜੀ ਸਾਰੇ ਉਮੀਦਵਾਰ ਜਿੱਤੂ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



