ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਸਰਬਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਸ਼ਹਿਰ ਦੇ ਇੱਕ ਅਹਿਮ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ। ਬ੍ਰਹਮਚਾਰੀ ਮੰਦਰ ਗਹੂੰਣ ਰੋਡ ਤੋਂ ਚੰਡੀਗੜ੍ਹ ਰੋਡ ਸੋਨੀ ਗੈਸ ਏਜੰਸੀ ਤੱਕ ਬਣਨ ਵਾਲੀ ਇਸ ਕੰਕਰੀਟ ਸੜਕ ‘ਤੇ ਲਗਭਗ 81 ਲੱਖ ਰੁਪਏ ਦੀ ਲਾਗਤ ਆਵੇਗੀ।ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਗੁਰਦੁਆਰਾ ਸਾਹਿਬ ਨਿਰਮਲ ਡੇਰਾ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਸੰਤ ਬਾਬਾ ਮਾਨ ਸਿੰਘ ਜੀ ਤੋਂ ਇਲਾਕੇ ਦੀ ਚੜ੍ਹਦੀ ਕਲਾ ਲਈ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇੱਕੋ-ਇੱਕ ਮਕਸਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਬਲਾਚੌਰ ਦੀ ਇਸ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਖਸਤਾ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਅੱਜ ਲੋਕਾਂ ਦੀ ਇਹ ਚਿਰੋਕਣੀ ਮੰਗ ਪੂਰੀ ਹੋਈ ਹੈ। ਅਸੀਂ ਸਿਰਫ਼ ਵਾਅਦੇ ਨਹੀਂ ਕਰਦੇ, ਸਗੋਂ ਧਰਾਤਲ ‘ਤੇ ਕੰਮ ਕਰਕੇ ਦਿਖਾ ਰਹੇ ਹਾਂ। ਆਉਣ ਵਾਲੇ ਸਮੇਂ ਵਿੱਚ ਹਲਕੇ ਦਾ ਕੋਈ ਵੀ ਕੋਨਾ ਵਿਕਾਸ ਪੱਖੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।” ਵਿਧਾਇਕਾ ਸੰਤੋਸ਼ ਕਟਾਰੀਆ ਨੇ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ ਅਤੇ ਕੌਂਸਲਰ ਹਨੀ ਡੱਬ ਦੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੜਕ ਇਲਾਕੇ ਦੀ ਆਵਾਜਾਈ ਨੂੰ ਸੁਗਮ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕੰਕਰੀਟ ਸੜਕ ਹੋਣ ਕਾਰਨ ਇਸ ਦੀ ਮਿਆਦ ਲੰਬੀ ਹੋਵੇਗੀ ਅਤੇ ਬਾਰਿਸ਼ ਦੇ ਦਿਨਾਂ ਵਿੱਚ ਲੋਕਾਂ ਨੂੰ ਚਿੱਕੜ ਅਤੇ ਟੋਇਆਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਕੌਂਸਲਰ ਹਨੀ ਡੱਬ, ਕੁਲਦੀਪ ਕੁਮਾਰ, ਅਨਿਲ ਨਾਹਰ, ਗੁਰਪ੍ਰੀਤ ਸਿੰਘ ਸੈਣੀ, ਡਾ. ਭੁਪਿੰਦਰ, ਧਨਵੰਤ ਸਿੰਘ ਸੈਣੀ, ਗੁਰਪ੍ਰੀਤ ਸੈਣੀ ਗੋਪੀ ਸਮੇਤ ਭਾਰੀ ਗਿਣਤੀ ਵਿੱਚ ਵਾਰਡ ਨਿਵਾਸੀ ਅਤੇ ਪਤਵੰਤੇ ਸੱਜਣ ਮੌਜੂਦ ਸਨ। ਇਲਾਕਾ ਨਿਵਾਸੀਆਂ ਨੇ ਵਿਧਾਇਕਾ ਕਟਾਰੀਆ ਦਾ ਧੰਨਵਾਦ ਕਰਦਿਆਂ ਇਸ ਨੂੰ ਵੱਡੀ ਰਾਹਤ ਦੱਸਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



