(ਸਮਾਜ ਵੀਕਲੀ) ਜ਼ਿੰਦਗੀ , ਸੰਸਾਰ ਜਾਂ ਕਹਿ ਲਓ ਪੂਰੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਘਟਦਾ ਹੈ , ਵਾਪਰਦਾ ਹੈ , ਕਿਰਿਆਵਾਂ – ਪ੍ਰਤੀਕਿਰਿਆਵਾਂ ਹੁੰਦੀਆਂ ਹਨ , ਕੰਮ ਹੁੰਦੇ ਹਨ ਮੈਂ ਸਮਝਦਾ ਹਾਂ ਉਹ ਕਿਸੇ ਦਿਵਯ ਸ਼ਕਤੀ , ਬ੍ਰਹਿਮੰਡੀ ਸ਼ਕਤੀ ਜਿਸ ਨੂੰ ਸ਼ਾਇਦ ਅਸੀਂ ਭਗਵਾਨ , ਪਰਮਾਤਮਾ , ਰੱਬ ਕਹਿੰਦੇ ਹਾਂ ਉਸਦੇ ਅਧੀਨ , ਉਸਦੇ ਇਸ਼ਾਰੇ ਨਾਲ਼ , ਉਸਦੀ ਕਿਰਪਾ ਨਾਲ ਜਾਂ ਉਸਦੇ ਭਾਣੇ ਵਿੱਚ ਹੀ ਇਹ ਸਭ ਕੁਝ ਹੁੰਦਾ , ਵਾਪਰਦਾ , ਪ੍ਰਾਪਤ ਹੁੰਦਾ ਹੈ। ਮੈਂ ਵੀ ਉਸੇ ਬ੍ਰਹਿਮੰਡੀ ਸ਼ਕਤੀ , ਉਸ ਪਰਮਾਤਮਾ ਦੀ ਕਿਰਪਾ ਦੇ ਨਾਲ਼ ਕੁਦਰਤ , ਵਾਤਾਵਰਨ , ਜੀਵ – ਜੰਤੂਆਂ , ਕੀੜੇ – ਮਕੌੜਿਆਂ ਤੇ ਪੰਛੀ – ਪਰਿੰਦਿਆਂ ਦੀ ਸੇਵਾ ਦੇ ਲਈ ਅਕਸਰ ਨਿਰੰਤਰ ਪਿਛਲੇ ਲਗਭਗ 31 ਸਾਲਾਂ ਤੋਂ ਭਾਵ ਸੰਨ 1995 ਤੋਂ ਘਰ ਦੇ ਨਜ਼ਦੀਕ , ਕਾਰਜਖੇਤਰ ਦੇ ਨਜ਼ਦੀਕ ਅਤੇ ਦੂਰ – ਦੁਰਾਡੇ ਪਹਾੜਾਂ ਤੇ ਜੰਗਲਾਂ ਵਿੱਚ ਇਹਨਾਂ ਜੀਵਾਂ ਦੀ ਸੇਵਾ , ਇਹਨਾਂ ਨੂੰ ਭੋਜਨ , ਦਾਣਾ – ਪਾਣੀ ਪਾਉਣ ਅਤੇ ਪੌਦੇ ਲਗਾਉਣ ਲਈ ਅਕਸਰ ਇਸ ਸੇਵਾ ਨਾਲ਼ ਜੁੜਿਆ ਹੋਇਆ ਹਾਂ , ਪਰ ਇੱਥੇ ਜੇਕਰ ਮੈਂ ਕਹਾਂ ਕਿ ‘ ਮੈਂ ਜੁੜਿਆ ਹੋਇਆ ਹਾਂ ‘ ਤਾਂ ਇਹ ਸ਼ਬਦ ਵੀ ਗਲਤ ਹਨ। ਮੈਨੂੰ ਪਰਮਾਤਮਾ ਨੇ ਇਸ ਸੇਵਾ ਨਾਲ਼ ਜੋੜਿਆ ਹੋਇਆ ਹੈ ; ਕਿਉਂਕਿ ਸੋਚਣ – ਸਮਝਣ , ਵਿਚਾਰ ਕਰਨ ਅਤੇ ਦੇਖਣ ਵਾਲੀ ਗੱਲ ਹੈ ਕਿ ਜੰਗਲ ਸਾਡਾ ਘਰ ਨਹੀਂ ਹੈ। ਜੰਗਲ ਜੰਗਲੀ ਜਾਨਵਰਾਂ , ਖਤਰਨਾਕ ਤੇ ਖੁੰਖਾਰ ਜਾਨਵਰਾਂ ਦਾ ਘਰ ਹੈ। ਜਿੱਥੇ ਕਿ ਇੱਕ ਪਲ ਲਈ ਰਹਿਣਾ , ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਜੰਗਲਾਂ ਅਤੇ ਪਹਾੜਾਂ ਵਿੱਚ ਖਾਸ ਕਰਕੇ ਖਤਰਨਾਕ ਜਾਨਵਰਾਂ ਦਾ ਹੋਣਾ ਬਹੁਤ ਜਰੂਰੀ ਹੈ , ਪਰ ਪਿਛਲੇ 31 ਸਾਲਾਂ ਦੇ ਦੌਰਾਨ ਮੈਨੂੰ ਉੱਥੇ ਜਾ ਕੇ ਕੁਦਰਤ ਦੀ ਸੇਵਾ ਕਰਨ ਹਿੱਤ ਪਰਮਾਤਮਾ ਨੇ ਮੈਨੂੰ ਜੋੜਿਆ ਹੋਇਆ ਹੈ , ਪਰ ਇੱਥੋਂ ਕਿਸੇ ਨੂੰ ਇਹ ਪ੍ਰੇਰਨਾ ਨਹੀਂ ਲੈਣੀ ਚਾਹੀਦੀ ਕਿ ਤੁਸੀਂ ਵੀ ਮੇਰੀ ਨਕਲ ਕਰਕੇ , ਮੇਰੀ ਰੀਸ ਕਰਕੇ ਜੰਗਲਾਂ ਜਾਂ ਪਹਾੜਾਂ ਵਿੱਚ ਜਾ ਕੇ ਹੀ ਜੰਗਲੀ ਜਾਨਵਰਾਂ ਤੇ ਪੰਛੀਆਂ ਦੀ ਸੇਵਾ ਕਰੋ ; ਕਿਉਂਕਿ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। ਜੰਗਲਾਂ ਵਿੱਚ ਜਰੂਰੀ ਨਹੀਂ ਕਿ ਹਰ ਸਮੇਂ ਸਾਨੂੰ ਪਿਆਰੇ – ਪਿਆਰੇ ਪੰਛੀ , ਪਿਆਰੇ – ਪਿਆਰੇ ਕੋਮਲ ਹਿਰਨ , ਮੋਰ ਖਰਗੋਸ਼ ਅਤੇ ਹੋਰ ਕੋਮਲ ਤੇ ਸੁੰਦਰ ਪੰਛੀ ਜਾਂ ਜਾਨਵਰ ਹੀ ਮਿਲਣ। ਸਾਨੂੰ ਉੱਥੇ ਖਤਰਨਾਕ , ਖੁੰਖਾਰ ਜਾਨਵਰਾਂ , ਅਜਗਰਾਂ , ਸਰਾਲ਼ , ਭਿਆਨਕ ਜਹਿਰੀਲੇ ਸੱਪਾਂ , ਬਿੱਛੂਆਂ , ਜਹਿਰੀਲੀਆਂ ਜੜੀ – ਬਟੀਆਂ , ਜਹਿਰੀਲੇ ਪੌਦਿਆਂ , ਮਧੂ – ਮੱਖੀਆਂ , ਭਰਿੰਡਾਂ , ਜਹਿਰੀਲੇ ਪੌਦਿਆਂ ਜਾਂ ਹੋਰ ਜਹਿਰੀਲੇ ਖਤਰਨਾਕ ਉੱਡਦੇ ਹੋਏ ਕੀਟ – ਪਤੰਗਿਆਂ ਤੋਂ ਸਾਡੇ ਸਰੀਰ ਨੂੰ , ਸਾਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ /ਨੁਕਸਾਨ ਹੋ ਸਕਦਾ ਹੈ ਤੇ ਸਾਡੇ ਲਈ ਜਾਨਲੇਵਾ ਹੋ ਸਕਦਾ ਹੈ। ਪਰਮਾਤਮਾ ਦੀ ਕਿਰਪਾ ਨਾਲ਼ ਮੈਂ ਜੇਕਰ ਦੂਰ – ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਇਹ ਸੇਵਾ ਕਰਨ ਜਾਂ ਪੌਦੇ ਲਗਾਉਣ ਲਈ ਜਾਂਦਾ ਹਾਂ ਤੇ ਪਿਛਲੇ ਲਗਭਗ 31 ਸਾਲਾਂ ਤੋਂ ਜੰਗਲਾਂ ਨਾਲ਼ ਜੁੜਿਆ ਹੋਇਆ ਹਾਂ ਤਾਂ ਇਹ ਪਰਮਾਤਮਾ ਦੀ ਕਿਰਪਾ ਨਾਲ਼ ਹੀ ਮੈਂ ਜਾਂਦਾ ਹਾਂ ਤੇ ਮੇਰਾ ਆਪਣਾ ਸ਼ੌਕ ਤੇ ਕੁਦਰਤ ਨਾਲ਼ ਪਿਆਰ ਹੈ ਤੇ ਪਰਮਾਤਮਾ ਹੀ ਇਹ ਸਭ ਕੁਝ ਕਰਵਾ ਰਿਹਾ ਹੈ ਤੇ ਮੈਂ ਅੱਜ ਤੱਕ ਹਰ ਤਰ੍ਹਾਂ ਦੇ ਖਤਰੇ ਤੋਂ ਮਹਿਫ਼ੂਜ਼ ਵੀ ਰਿਹਾ। ਉਸਦੀ ਕਿਰਪਾ ਤੋਂ ਬਿਨਾਂ ਮੇਰੇ ਵਿੱਚ ਕੋਈ ਵੀ ਇਹੋ ਜਿਹੀ ਹਿੰਮਤ – ਹੌਸਲਾ ਜਾਂ ਧਨ / ਪੈਸਾ , ਸਮਾਂ ਤੇ ਸੁਰੱਖਿਆ ਕਵਚ ਨਹੀਂ ਹੈ ਕਿ ਮੈਂ ਘਰ , ਆਪਣੇ ਕਾਰਜਖੇਤਰ ਦੇ ਨਜ਼ਦੀਕ ਕੁਦਰਤ ਦੀ ਸੇਵਾ , ਵਾਤਾਵਰਨ ਦੀ ਸੇਵਾ ਕਰਨ ਦੇ ਨਾਲ਼ – ਨਾਲ਼ ਨਿਰੰਤਰ ਜੰਗਲਾਂ ਵਿੱਚ ਤੇ ਪਹਾੜਾਂ ਵਿੱਚ ਵੀ ਜਾਂਦਾ ਰਹਾਂ। ਮੈਂ ਸਮਝਦਾ ਹਾਂ ਕਿ ਪਰਮਾਤਮਾ ਆਪ ਹੀ ਇਹ ਕਾਰਜ ਮੇਰੇ ਕੋਲੋਂ ਕਰਵਾ ਰਿਹਾ ਹੈ ; ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਨਿਰੰਤਰ ਇਸ ਤਰ੍ਹਾਂ ਕਰਦੇ ਰਹਿਣਾ ਕੋਈ ਆਮ ਗੱਲ ਨਹੀਂ ਹੈ। ਨਾ ਹੀ ਸੰਜੀਵ ਧਰਮਾਣੀ ਦੇ ਵੱਸ ਦੀ ਗੱਲ ਹੈ। ਅੱਜ ਜੇਕਰ ਪਰਮਾਤਮਾ ਮੇਰੇ ਕੋਲੋਂ ਇਹ ਸੇਵਾ – ਕੰਮ ਕਰਵਾ ਰਿਹਾ ਹੈ ਤਾਂ ਉਹੀ ਕਰਵਾ ਰਿਹਾ ਹੈ। ਸੋ ਮੇਰੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਘਰ ਦੇ ਨਜ਼ਦੀਕ , ਕਾਰਜਖੇਤਰ ਦੇ ਨਜ਼ਦੀਕ ਰਹਿ ਕੇ ਹੀ ਕੁਦਰਤ ਤੇ ਵਾਤਾਵਰਨ ਦੀ ਸੇਵਾ ਕਰੋ। ਕੁਦਰਤ ਅਤੇ ਵਾਤਾਵਰਨ ਸੰਬੰਧੀ , ਜੰਗਲਾਂ – ਪਹਾੜਾਂ ਵਿੱਚ ਜਾ ਕੇ ਸੋਸ਼ਲ ਮੀਡੀਆ ‘ਤੇ ਆੱਨਲਾਈਨ ਜਾਂ ਆੱਫਲਾਈਨ ਢੰਗ ਨਾਲ਼ ਮੇਰੀ ਕੋਈ ਵੀ ਵੀਡੀਓ ਜਾਂ ਮੇਰੀ ਕੋਈ ਵੀ ਖਬਰ ਸਿਰਫ ਕੁਦਰਤ ਦੀ ਸੇਵਾ ਕਰਨ ਦੀ ਗੱਲ ਦੱਸਦੀ ਹੈ , ਇਸ ਤੋਂ ਇਹ ਪ੍ਰੇਰਿਤ ਨਾ ਹੋਇਆ ਜਾਵੇ ਕਿ ਜੰਗਲਾਂ ਜਾਂ ਪਹਾੜਾਂ ਵਿੱਚ ਹੀ ਜਾਣਾ ਹੈ ; ਕਿਉਂਕਿ ਉੱਥੇ ਜਾਣਾ ਤੁਹਾਡੇ ਲਈ ਖਤਰਨਾਕ ਹੈ ਤੇ ਇਹ ਤੁਹਾਡੀ ਆਪਣੀ ਜਿੰਮੇਵਾਰੀ ਹੈ।
https://play.google.com/store/apps/details?id=in.yourhost.samajweekly



