ਗਰਭਵਤੀ ਮਹਿਲਾਵਾਂ ਦੀ ਹਿਮੋਗਲੋਬਿਨ ਜਾਂਚ ਨਿਯਮਿਤ ਤੌਰ ’ਤੇ ਕੀਤੀ ਜਾਵੇ : ਡਾ ਹਰੀਸ਼ ਕਿਰਪਾਲ
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਸਾ ਫੈਸੀਲੀਟੇਟਰਾਂ ਨਾਲ ਸਮੀਖਿਆ ਮੀਟਿੰਗ ਆਯੋਜਿਤ
ਨਵਾਂਸ਼ਹਿਰ, (ਸਮਾਜ ਵੀਕਲੀ) (ਮਨੋਰੰਜਨ ਕਾਲੀਆ)-ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਆਸਾ ਫੈਸੀਲੀਟੇਟਰਾਂ ਨਾਲ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਵੱਲੋਂ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਿਹਤ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਮੈਦਾਨੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਰੇਣੂ ਮਿੱਤਲ ਵੱਲੋਂ ਮੀਟਿੰਗ ਵਿੱਚ ਜਨਮ ਅਤੇ ਮੌਤਾਂ ਦੀ ਸਮੇਂ-ਸਿਰ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜੇਕਰ ਜਨਮ ਅਤੇ ਮੌਤ ਦੀ ਘਟਨਾ ਨੂੰ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰ ਕਰਵਾ ਲਿਆ ਜਾਵੇ ਤਾਂ ਲਾਭਪਾਤਰੀ ਨੂੰ ਭਵਿੱਖ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਪਰਿਵਾਰਕ ਨੂੰ ਸਰਟੀਫਿਕੇਟ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ 21 ਦਿਨਾਂ ਅੰਦਰ ਜਨਮ ਅਤੇ ਮੌਤ ਨੂੰ ਦਰਜ ਕਰਵਾਉਣ ਨਾਲ ਦੀ ਕੋਈ ਫੀਸ ਜਾਂ ਚਾਰਜਿਜ਼ ਨਹੀਂ ਦੇਣੇ ਪੈਂਦੇ ਹਨ। ਡਾ ਰੇਣੂ ਮਿੱਤਲ ਨੇ ਕਿਹਾ ਕਿ ਇਸ ਰਜਿਸਟ੍ਰੇਸ਼ਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਜਨਮ ਦੀ ਰਜਿਸਟ੍ਰੇਸ਼ਨ ਨਾਲ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਅਤੇ ਸਕੂਲ ਦਾਖਲੇ ਲਈ ਲੋੜੀਂਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਮੌਤ ਰਜਿਸਟ੍ਰੇਸ਼ਨ ਦੇ ਲਾਭ ਜਿਵੇਂ ਜਾਇਦਾਦ ਦਾ ਉੱਤਰਾਅਧਿਕਾਰੀ, ਬੈਂਕ ਅਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਟੇਲੀ-ਮਾਨਸ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਆਸਾ ਫੈਸੀਲੀਟੇਟਰਾਂ ਨੂੰ ਹਦਾਇਤ ਕੀਤੀ ਕਿ ਮਾਨਸਿਕ ਸਿਹਤ ਸੇਵਾਵਾਂ ਬਾਰੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸੇਵਾ ਰਾਹੀਂ ਲੋਕ ਘਰ ਬੈਠੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ। ਮੀਟਿੰਗ ਦੌਰਾਨ ਜਨਨੀ ਸੁਰੱਖਿਆ ਯੋਜਨਾ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਗਰਭਵਤੀ ਮਹਿਲਾਵਾਂ, ਖ਼ਾਸ ਕਰਕੇ ਹਾਈ ਰਿਸਕ ਗਰਭਵਤੀ ਮਾਵਾਂ ਨੂੰ ਤਰਜੀਹ ਦੇ ਅਧਾਰ ’ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ ਗਿਆ। ਸਾਰੀਆਂ ਗਰਭਵਤੀ ਮਹਿਲਾਵਾਂ ਦੇ ਸਮੇਂ-ਸਿਰ ਐਂਟੀਨੇਟਲ ਚੈਕਅੱਪ ਕਰਵਾਉਣ ਅਤੇ ਐੱਮ.ਸੀ.ਪੀ. ਕਾਰਡ ਲਾਜ਼ਮੀ ਤੌਰ ’ਤੇ ਬਣਾਉਣ ਦੀ ਹਦਾਇਤ ਦਿੱਤੀ ਗਈ। ਸਕੈਨ ਲਈ ਦਿੱਤੇ ਸਮੇਂ ਅਨੁਸਾਰ ਹੀ ਮਾਵਾਂ ਨੂੰ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਸੰਸਥਾਗਤ ਜਣੇਪੇ ਨੂੰ ਪਹਿਲ ਦਿੱਤੀ ਜਾਵੇ ਅਤੇ ਗਰਭਵਤੀ ਮਹਿਲਾਵਾਂ ਨੂੰ ਨੇੜਲੇ ਆਮ ਆਦਮੀ ਕਲੀਨਿਕ ਵਿੱਚ ਨਿਯਮਿਤ ਜਾਂਚ ਲਈ ਭੇਜਿਆ ਜਾਵੇ।
ਮੀਟਿੰਗ ਦੌਰਾਨ ਅਨੀਮੀਆ ਦੀ ਰੋਕਥਾਮ ਲਈ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ। ਗਰਭਵਤੀ ਮਹਿਲਾਵਾਂ ਦੀ ਹਿਮੋਗਲੋਬਿਨ ਜਾਂਚ ਨਿਯਮਿਤ ਤੌਰ ’ਤੇ ਕੀਤੀ ਜਾਵੇ। ਲੋੜ ਅਨੁਸਾਰ ਆਇਰਨ-ਫੋਲਿਕ ਐਸਿਡ ਗੋਲੀਆਂ ਦੀ ਸਪਲਾਈ ਅਤੇ ਖੁਰਾਕ ਬਾਰੇ ਸਲਾਹ ਦਿੱਤੀ ਜਾਵੇ। ਹਰੇ ਪੱਤੇਦਾਰ ਸਬਜ਼ੀਆਂ, ਦਾਲਾਂ, ਗੁੜ ਅਤੇ ਪੋਸ਼ਟਿਕ ਆਹਾਰ ਦੀ ਵਰਤੋਂ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇ। ਗੰਭੀਰ ਅਨੀਮੀਆ ਦੇ ਕੇਸਾਂ ਨੂੰ ਤੁਰੰਤ ਉੱਚ ਪੱਧਰੀ ਸਿਹਤ ਕੇਂਦਰਾਂ ’ਤੇ ਰੈਫਰ ਕੀਤਾ ਜਾਵੇ। ਡਾ ਕਿਰਪਾਲ ਵੱਲੋਂ ਹਾਈ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਦੀ ਪਹਿਚਾਣ ਅਤੇ ਸਮੇਂ-ਸਿਰ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਹਾਈਪਰਟੈਂਸ਼ਨ ਪੀੜਤ ਮਰੀਜ਼ਾਂ ਨੂੰ ਦਵਾਈਆਂ ਨਿਯਮਿਤ ਲੈਣ, ਨਮਕ ਦੀ ਘੱਟ ਵਰਤੋਂ, ਤੰਦਰੁਸਤ ਜੀਵਨਸ਼ੈਲੀ ਅਤੇ ਨਿਯਮਿਤ ਕਸਰਤ ਬਾਰੇ ਜਾਗਰੂਕ ਕੀਤਾ ਜਾਵੇ। ਗਰਭਵਤੀ ਮਹਿਲਾਵਾਂ ਵਿੱਚ ਉੱਚ ਰਕਤਚਾਪ ਦੀ ਨਿਗਰਾਨੀ ਵਿਸ਼ੇਸ਼ ਤੌਰ ’ਤੇ ਕੀਤੀ ਜਾਵੇ। ਅੰਤ ਵਿੱਚ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਯੋਜਨਾਵਾਂ ਨੂੰ ਮੈਦਾਨੀ ਪੱਧਰ ’ਤੇ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਯਕੀਨੀ ਬਣਾਉਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



