ਪੁਸਤਕ ਦਾ ਨਾਂ – ਝੀਲ ਪਿੰਡੇ ਤੇ ਲਿਖੀ ਬਹਿਰ
ਗ਼ਜ਼ਲਕਾਰ – ਜੋਗਿੰਦਰ ਸਿੰਘ ਪਾਂਧੀ ਕਸ਼ਮੀਰ
ਪੰਨੇ – 127 ਕੀਮਤ – 300/- ਰੁਪਏ
ਪ੍ਰਕਾਸ਼ਕ – ਹਾਈ ਬਰੋ ਪਬਲੀਕੇਸ਼ਨਜ਼, ਜੰਮੂ
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਕਾਵਿ ਵਿਧਾ ਵਿੱਚ ਗ਼ਜ਼ਲ ਦਾ ਆਪਣਾ ਹੀ ਮੁਕਾਮ ਹੈ। ਉਰਦੂ ਫ਼ਾਰਸੀ ਤੋਂ ਪੰਜਾਬੀ ਤੱਕ ਗ਼ਜ਼ਲ ਨੇ ਬਹੁਤ ਸਫ਼ਰ ਤਹਿ ਕੀਤਾ ਹੈ। ਖੇਤਰੀ ਭਾਸ਼ਾ ਵਿਚ ਖੀ ਜਾਣ ਵਾਲੀ ਗ਼ਜ਼ਲ ਦਾ ਇਸ ਇਲਾਕੇ ਵਿੱਚ ਅਹਿਮ ਥਾਂ ਹੁੰਦਾ ਹੈ। ਜੋਗਿੰਦਰ ਸਿੰਘ ਪਾਂਧੀ ਜੰਮੂ ਕਸ਼ਮੀਰ ਤੋਂ ਪ੍ਰਸਿੱਧ ਗ਼ਜ਼ਲਕਾਰ ਲਿਖਦਾ ਹੈ ਕਿ ਸਾਹਿਤ ਜਾਂ ਕਵਿਤਾ ਦਾ ਕੋਈ ਦੇਸ਼ ਨਹੀਂ ਹੁੰਦਾ ਪਰ ਭਾਸ਼ਾ ਦਾ ਹੋ ਸਕਦਾ ਹੈ। ਜਿਹੜਾ ਕਾਨੂੰਨ ਨਾਲ ਬਾਵਸਤਾ ਹੁੰਦੇ ਹੋਏ ਵੀ ਗ਼ਜ਼ਲ ਦੀ ਵਿਧਾ ਨੂੰ ਬਾਖੂਬੀ ਨਿਭਾ ਰਿਹਾ ਹੈ। ਭਾਵੇਂ ਪਾਂਧੀ ਨੇ ਸੱਤ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਹਨ ਅਤੇ ਇੱਕ ਗ਼ਜ਼ਲ ਸੰਗ੍ਰਹਿ ” ਗਜ਼ਾਲਾ” ਤੋਂ ਬਾਅਦ ਦੂਜਾ ਗ਼ਜ਼ਲ ਸੰਗ੍ਰਹਿ ” ਝੀਲ ਪਿੰਡੇ ਤੇ ਲਿਖੀ ਬਹਿਰ” ਪਾਠਕਾਂ ਦੀ ਸੱਥ ਵਿੱਚ ਪੇਸ਼ ਕੀਤਾ ਹੈ।
ਜਦੋਂ ਅਸੀਂ ਹਥਲੇ ਗ਼ਜ਼ਲ ਸੰਗ੍ਰਹਿ ਦੇ ਵਿੱਚੋ ਲੰਘਦੇ ਹਾਂ ਤਾਂ ਜੰਮੂ ਕਸ਼ਮੀਰ ਦੀਆਂ ਖੂਬਸੂਰਤ ਝੀਲਾਂ ਦੇ ਦਰਸ਼ਨ ਹੁੰਦੇ ਹਨ। ਇਹ ਪੁਸਤਕ ਗ਼ਜ਼ਲਕਾਰ ਪਾਂਧੀ ਨੇ ਉਹਨਾਂ ਲੇਖਕ ਮਿੱਤਰਾਂ ਨੂੰ ਸਮਰਪਿਤ ਕੀਤੀ ਹੈ ਜਿਹੜੇ ਸਾਡੇ ਵਿਚਕਾਰ ਨਹੀਂ ਹਨ। ਇਸ ਨੇ ਆਪਣੀ ਗ਼ਜ਼ਲ ਦਾ ਮੁਕੱਦਮਾ ਆਪ ਹੀ ਪਾਠਕਾਂ ਦੀ ਕਚਹਿਰੀ ਵਿਚ ਲਿਆ ਧਰਿਆ ਹੈ। ਜਿਸ ਵਿੱਚ ਉਸ ਨੇ ਜਿੱਥੇ ਆਪਣੇ ਸਾਹਿਤਕ ਸਫ਼ਰ ਦਾ ਵਰਨਣ ਕੀਤਾ ਹੈ ਉਥੇ ਇਸ ਨੇ ਇਸ ਦੀਆਂ ਪਹਿਲੀਆਂ ਪੁਸਤਕਾਂ ਦੇ ਸਾਹਿਤਕ ਵਿਦਵਾਨਾਂ ਵਲੋਂ ਕੀਤੇ ਰਿਵਿਊ ਅਤੇ ਵਿਚਾਰਾਂ ਨੂੰ ਗਵਾਹੀ ਦੇ ਤੌਰ ਤੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਮੈਗਜ਼ੀਨ ਸ਼ੀਰਾਜ਼ਾ ਦੇ ਸੰਪਾਦਕ ਅਤੇ ਲੇਖਕ ਪੋਪਿੰਦਰ ਸਿੰਘ ਪਾਰਸ ਨੇ ਇਸ ਗ਼ਜ਼ਲਗੋ ਬਾਰੇ ਕਿਹਾ ਹੈ ਕਿ “ਜੋਗਿੰਦਰ ਪਾਂਧੀ ਤਨਹਾਈ ਪਸੰਦ ਅਤੇ ਦਰਵੇਸ਼ ਬਿਰਤੀ ਦਾ ਕਵੀ ਹੈ।”
ਜਿਵੇਂ ਪਾਂਧੀ ਦੀ ਕਵਿਤਾ ਪ੍ਰਯੋਗਵਾਦੀ ਅਤੇ ਆਧੁਨਿਕਤਾਵਾਦੀ ਹੈ ਉਵੇਂ ਹੀ ਗ਼ਜ਼ਲ ਵਿੱਚੋਂ ਵੀ ਇਹਨਾਂ ਸਿਧਾਂਤਾਂ ਦਾ ਉਭਾਰ ਨਜ਼ਰ ਆਉਂਦਾ ਹੈ। ਪੁਸਤਕ ਵਿਚਲੀਆਂ ਸਾਰੀਆਂ ਗ਼ਜ਼ਲਾਂ ਵੱਖ ਵੱਖ ਬਹਿਰ ਵਿਚ ਮਿਲਦੀਆਂ ਹਨ ਜਿਵੇਂ ਕਿ ਬਹਿਰ ਰਮਲ, ਬਹਿਰ ਹਜਜ, ਫਾਇਲਾਤੁਨ ਅਤੇ ਫਾਇਲਨ ਮੁਤਦਰਿਕ, ਬਹਿਰ ਕਾਮਲ, ਖਫੀਫ਼, ਬਹਿਰ ਮੁਜਾਰਿਆਂ, ਮੁਜਤਸ ਅਤੇ ਤਵੀਲ ਆਦਿ । ਜੰਮੂ ਕਸ਼ਮੀਰ ਦੀ ਭਾਸ਼ਾ ਹੋਣ ਕਰਕੇ ਇਸ ਗ਼ਜ਼ਲ ਪੁਸਤਕ ਵਿਚ ਉਰਦੂ ਦਾ ਪ੍ਰਭਾਵ ਜ਼ਿਆਦਾ ਮਿਲਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਬੇਵਫ਼ਾਈ, ਰਿਸ਼ਤੇ, ਇੰਤਜ਼ਾਰ, ਤਨਹਾਈ, ਕਿਰਦਾਰ, ਮਜਬੂਰੀ ਆਦਿ ਵਿਸ਼ਿਆਂ ਨੂੰ ਪਰੋਇਆ ਹੈ। ਪੁਸਤਕ ਦੀ ਸਿਰਲੇਖਤ ਗੱਲ ਪੁਸਤਕ ਦੇ ਪੰਨਾ ਨੰਬਰ 70 ਤੇ ਦਰਜ ਕੀਤੀ ਹੈ। ਇਹ ਇੱਕ ਮੁਹੱਬਤੀ ਗ਼ਜ਼ਲ ਹੈ ਕਿ –
” ਪਾਣੀ ਤੇ ਨੱਚ ਰਹੀ ਲਹਿਰ ਲੱਗੇ ।
ਝੀਲ ਪਿੰਡੇ ਤੇ ਲਿਖੀ ਬਹਿਰ ਲੱਗੇ”
ਨਾਲ ਚੱਲਣ ਵਾਲੇ ਨੂੰ ਉਹ ਹਮਸਫ਼ਰ ਆਖਦਾ ਹੈ ਤੇ ਸਾਥ ਛੱਡਣ ਵਾਲੇ ਨੂੰ ਬੇਵਫ਼ਾ। ਇਸ ਗ਼ਜ਼ਲ ਵਿੱਚ ਡਲ ਝੀਲ ਦਾ ਜਿਕਰ ਹੁੰਦਾ ਹੈ। ਅਸਲ ਪਿਆਰ ਕਰਨ ਵਾਲੇ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਉਹ ਆਖਦਾ ਹੈ ਜੇ ਇਸ਼ਕ ਦਾ ਦਰਿਆ ਤਰਨਾ ਹੈ ਤਾਂ ਜੀਣ ਤੋਂ ਪਹਿਲਾਂ ਮਾਰਨਾ ਪੈਂਦਾ ਹੈ। ਜ਼ਿੰਦਗੀ ਦੀ ਧਾਰਾ ਦੀ ਗੱਲ ਕਰਦੀ ਗੱਲ ਵਿਚ ਉਮਰ ਨੂੰ ਦਰਿਆ ਕੰਢੇ ਖੁਰਦੀ ਰੇਤ ਨਾਲ ਤੁਲਨਾ ਕਰਦਾ ਹੈ। ਰਿਸ਼ਤਿਆਂ ਦੀ ਪਰਪੱਕਤਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਸ ਬਾਰੇ ਗ਼ਜ਼ਲ ਦਾ ਸ਼ਿਅਰ ਦੇਖੋ –
” ਕਿਸ ਤਰ੍ਹਾਂ ਭੁਲਦਾ ਉਸਨੂੰ ਜੋ ਜ਼ਿੰਦਗੀ ਦੇ,
ਕੱਚੇ ਧਾਗੇ ਵਾਂਗ ਉਹ ਰਿਸ਼ਤਾ ਨਹੀਂ ਸੀ। ”
ਵਰਤਮਾਨ ਸਮੇਂ ਵਿੱਚ ਹੋ ਰਹੇ ਵਰਤਾਰੇ ਜਿਵੇਂ ਬੰਧ, ਹੜਤਾਲਾਂ, ਨਾਅਰੇ ਅਤੇ ਭਾਸ਼ਣਾ ਬਾਰੇ ਵੀ ਗੱਲ ਕਰਦਾ ਹੈ। ਆਸ਼ਕੀ ਬਾਰੇ ਉਸ ਦਾ ਵਿਚਾਰ ਹੈ ਕਿ ਸ਼ਾਇਰ ਇੱਕ ਪਹਾੜ ਜਿਨ੍ਹਾਂ ਜੇਰਾ ਰੱਖਦਾ ਹੈ ਜਿਹੜਾ ਹਰ ਮੌਸਮ ਦਾ ਸਿਤਮ ਆਪਣੇ ਉਪਰ ਸਹਿੰਦਾ ਹੈ। ਸਮਾਜ ਵਿੱਚ ਪੈਂਦੇ ਧਰਮਾਂ ਦੇ ਸ਼ੋਰ ਦੀ ਗੱਲ ਵੀ ਕਰਦਾ ਹੈ ਜਦੋਂ ਲਿਖਦਾ ਹੈ –
” ਅਪਣੇ ਅਪਣੇ ਰੱਬ ਕਿਤਨਾ ਸ਼ੋਰ ਵੇਖੋ।
ਕੌਣ ਕਿਸ ਤੇ ਹਾਵੀ ਹੁੰਦਾ ਜ਼ੋਰ ਵੇਖੋ। ”
ਪੁਸਤਕ ਵਿਚ ਮਾਂ ਦਾ ਦਰਜਾ ਸਭ ਤੋਂ ਉੱਚਾ ਮੰਨਿਆ ਗਿਆ ਹੈ। ਇੱਥੋਂ ਤੱਕ ਕਿ ਉਸ ਦੀ ਮਹੱਤਤਾ ਧਰਤੀ ਤੋਂ ਵੱਧ ਦਰਸਾਈ ਗਈ ਹੈ। ਉਸ ਦੇ ਕੁਝ ਸ਼ਿਅਰ ਗੌਰ ਤਲਬ ਹਨ। ਜਿਵੇਂ ਕਿ –
” ਯਾਰ ਦੇ ਘਰ ਵਲ ਰਾਹ ਜਾਂਦਾ,
ਉਹੀ ਸਵਰਗ ਨੂੰ ਰਾਹ ਜਾਂਦਾ।”
——–
“ਇਕ ਜਮਾਂ ਇਕ ਦੋ ਨਹੀਂ ਕਿੰਝ ਇਕ ਬਣੇ,
ਭੇਦ ਗਹਿਰਾ ਜੋ ਬਤਾਇਆ ਨਾ ਗਿਆ।”
ਅਤੇ ” ਤੂੰ ਨਹੀਂ ਜੈ ਕੋਈ ਬਾਹਰ ਨਹੀਂ।
ਹੋਠਾਂ ਤੇ ਹਾਸੇ ਪਰ ਕਰਾਰ ਨਹੀਂ।”
ਜੰਮੂ ਕਸ਼ਮੀਰ ਦੀਆਂ ਇਹਨਾਂ ਝੀਲਾਂ ਤੇ ਲਿਖੀਆਂ ਗਜ਼ਲਾਂ ਦੇ ਕੁਝ ਉਰਦੂ ਦੇ ਸ਼ਬਦਾਂ ਦੇ ਅਰਥ ਫੁੱਟ ਨੋਟ ਉਪਰ ਦਰਜ ਹਨ। ਉਸ ਇਲਾਕੇ ਦੀ ਆਮ ਬੋਲੀ ਵਿੱਚ ਗ਼ਜ਼ਲਾਂ ਲਿਖੀਆਂ ਹੋਈਆਂ ਹਨ। ਕਈ ਗ਼ਜ਼ਲਾਂ ਇੱਕ ਪੰਨੇ ਉਪਰ ਦੋ – ਦੋ ਵੀ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਇਹ ਇੱਕ ਖੂਬਸੂਰਤ ਗ਼ਜ਼ਲ ਸੰਗ੍ਰਹਿ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਗ਼ਜ਼ਲ ਸੰਗ੍ਰਹਿ ਨੂੰ ਪੜ੍ਹਦਿਆਂ ਦਿਲਚਸਪੀ ਪੈਦਾ ਹੁੰਦੀ ਹੈ। ਇਸ ਪੁਸਤਕ ਲਈ ਪਾਂਧੀ ਸਾਬ੍ਹ ਨੂੰ ਦਿਲੀ ਮੁਬਾਰਕਬਾਦ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ) ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



