(ਸਮਾਜ ਵੀਕਲੀ)
ਲੋਰੀਆਂ, ਕਹਾਣੀਆਂ, ਕਹਾਵਤਾਂ, ਪੰਜਾਬੀ।
ਤਾਹਨੇ-ਮਿਹਣੇ, ਗਾਲ਼ਾਂ, ਸੱਦੇ, ਦਾਅਵਤਾਂ ਪੰਜਾਬੀ।
ਪਰ ਹਰ ਥਾਂ ‘ਤੇ ਅੰਗਰੇਜ਼ੀ ਨੂੰ ਹੀ ਹਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਲਿਟਲ ਸਟਾਰ, ਜੋਨੀ-ਜੋਨੀ ਗਾਉਣ ਨਿਆਣੇ।
‘ਮੰਗਦੇ ਨਾ ਮੀਂਹ’ ਤੇ ਨਾ ‘ਕੋਠੀ ਵਿੱਚ ਦਾਣੇ’।
‘ਸੱਤ ਸ਼੍ਰੀ ਅਕਾਲ’ ਕਹਿਣਾ ਲੱਗੇ ਬਦਨਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਮਾਪੇ ਮੌਮ-ਡੈਡ, ਦਾਦਾ-ਦਾਦੀ ਨੇ ਗ੍ਰੈਂਡ।
ਘਰ ਹੋਏ ਹੋਮਜ਼ ਤੇ ਪੈਲ਼ੀਆਂ ਨੇ ਲੈਂਡ।
ਬਣੀ ਬੱਸ ਅੰਟੀ, ਚਾਚੀ, ਤਾਈ, ਭੂਆ, ਮਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਪੱਚੀ ਕਿੱਲੇ ਭੌਂਇ ਪਰ ਫੌਰਨ ਦੀ ਤਿਆਰੀ।
ਭਾਵੇਂ ਲੱਗੇ ਸ਼ੈੱਫ਼ ਜਾਂ ਡਰਾਇਵਰੀ, ਦਿਹਾੜੀ।
ਐਥੇ ਘਟੇ ਟੋਹਰ ਉੱਥੇ ਨਹੀਂਉ ਬਦਨਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਜੂਨ ਦੇ ਮਹੀਨੇ ਭਾਵੇਂ ਵਿਆਹ ਜੇ ਆ ਜਾਵੇ।
ਲਾੜਾ ਸਾਹਬ ਪਹਿਲਾਂ ਪੈਂਟ-ਕੋਟ ਹੀ ਸਵਾਂਵੇ।
ਟਾਈ-ਸ਼ਾਈ ਬਿਨਾ ਆਖੇ ਲੈਣੀ ਨ੍ਹੀ ਸਲਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਮੰਨਿਆ ਜਰੂਰੀ ਅੰਗਰੇਜ਼ੀ ਦਾ ਹੈ ਗਿਆਨ
ਪਰ ਨੀਂਹਾਂ ਬਿਨਾਂ ਨਹੀਂਉ ਬਣਦੇ ਮਕਾਨ।
ਰੋਮੀਆਂ ਘੜਾਮੇਂ ਬੱਸ ਇਹੀ ਹੈ ਖੁਨਾਮੀ।
ਹੋਰ ਕੀਹਨੂੰ ਕਹਿੰਦੇ ਯਾਰੋ ਖੂਨ ਚ ਗੁਲਾਮੀ।
ਰੋਮੀ ਘੜਾਮਾਂ
7717380107



