(ਸਮਾਜ ਵੀਕਲੀ) ਸਾਡੇ ਭਾਪਾ ਜੀ, ਸਰਦਾਰ ਮਿਲਖਾ ਸਿੰਘ, ਉਹਨਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਜਿਉਂਦੀ -ਜਾਗਦੀ ਇਤਿਹਾਸਕ ਕਿਤਾਬ ਸੀ। ਪੰਜ ਭਰਾਵਾਂ ਵਿੱਚੋਂ ਵੱਡੇ ਹੋਣ ਕਰਕੇ ਜ਼ਿੰਮੇਵਾਰੀਆਂ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਮੱਥੇ ਲੈ ਲਈਆਂ। ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਜਨਮ 10 ਨਵੰਬਰ 1939 ਨੂੰ ਹੋਇਆ ਅਤੇ 1947 ਦੀ ਵੰਡ ਦੀ ਤਰਾਸਦੀ ਉਹਨਾਂ ਨੇ ਅੱਖੀਂ ਦੇਖੀ। ਭਾਵੇਂ ਉਹ ਅੱਠਵੀਂ ਤੱਕ ਹੀ ਪੜ੍ਹੇ ਸਨ, ਪਰ ਉਸ ਸਮੇਂ ਦੀ ਅੱਠਵੀਂ ਅੱਜ ਦੀ ਉੱਚ ਤਾਲੀਮ ਦੇ ਬਰਾਬਰ ਮੰਨੀ ਜਾਂਦੀ ਸੀ। ਉਹ ਕਿਤਾਬਾਂ ਮੰਗ ਕੇ ਪੜ੍ਹਦੇ ਅਤੇ ਪਿੰਡ ਤੋਂ ਲਗਭਗ 7–8 ਕਿਲੋਮੀਟਰ ਪੈਦਲ ਸਕੂਲ ਜਾਂਦੇ। ਪੜ੍ਹਾਈ ਤੋਂ ਬਾਅਦ ਘਰ ਆ ਕੇ ਮਾਂ ਨਾਲ ਖੇਤਾਂ ਵਿੱਚ ਮਿਹਨਤ ਕਰਦੇ, ਕਿਉਂਕਿ ਉਸ ਵੇਲੇ ਬਲਦਾਂ ਨਾਲ ਖੇਤੀ ਹੁੰਦੀ ਸੀ ਅਤੇ ਜੋ ਦਾਣੇ ਮਿਲਦੇ, ਉਹੀ ਘਰ ਦੀ ਰੋਟੀ ਬਣਦੇ। ਰੋਜ਼ਾਨਾ ਦੀ ਜੀਵਨ-ਜੰਗ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਸਬਰ, ਮਿਹਨਤ ਅਤੇ ਜ਼ਿੰਮੇਵਾਰੀ ਸਿਖਾ ਦਿੱਤੀ। ਅੱਠਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਮਿਲੀ। ਉਹ ਸਮਾਂ ਨੌਕਰੀ ਲਈ ਬਹੁਤ ਕਠਿਨ ਸੀ। ਕਈ ਸਾਥੀ ਰਸਤੇ ਵਿੱਚ ਹੀ ਹੌਂਸਲਾ ਹਾਰ ਗਏ, ਪਰ ਭਾਪਾ ਜੀ ਘਰ ਦੇ ਹਾਲਾਤਾਂ ਨੂੰ ਸਮਝਦੇ ਹੋਏ ਮੁਸ਼ਕਲ ਸਮਿਆਂ ਵਿੱਚ ਵੀ ਡਟੇ ਰਹੇ। ਉਹਨਾਂ ਦੀ ਨੌਕਰੀ ਸਿਰਫ਼ ਰੁਜ਼ਗਾਰ ਨਹੀਂ ਸੀ, ਸਗੋਂ ਇਮਾਨਦਾਰੀ ਅਤੇ ਫ਼ਰਜ਼ ਦੀ ਇੱਕ ਮਿਸਾਲ ਸੀ। ਉਹਨਾਂ ਦਾ ਵਿਆਹ ਬੀਬੀ ਕ੍ਰਿਸ਼ਨ ਕੌਰ ਨਾਲ ਹੋਇਆ, ਜੋ ਨੇੜਲੇ ਪਿੰਡ ਦੇ ਹਨ। ਭਾਵੇਂ ਬੀਬੀ ਜੀ ਦਾ ਕੋਈ ਭਰਾ ਨਹੀਂ ਸੀ, ਪਰ ਭਾਪਾ ਜੀ ਅਸੂਲਾਂ ਦੇ ਇੰਨੇ ਪੱਕੇ ਸਨ ਕਿ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕਦੇ ਕੁਝ ਨਹੀਂ ਲਿਆ। ਇਹ ਗੁਣ ਉਹਨਾਂ ਦੀ ਇਮਾਨਦਾਰ ਅਤੇ ਖੁਦਦਾਰ ਸੋਚ ਦਾ ਪ੍ਰਤੀਕ ਸੀ। ਭਾਪਾ ਜੀ ਇਕਲੌਤੇ ਪੁੱਤਰ ਅਤੇ ਤਿੰਨ ਧੀਆਂ ਦੇ ਪਿਤਾ ਸਨ। ਪੂਰੀ ਨੌਕਰੀ ਦੌਰਾਨ ਉਹਨਾਂ ਨੇ ਮਿਹਨਤ, ਇਮਾਨਦਾਰੀ ਅਤੇ ਸਾਦਗੀ ਨੂੰ ਕਦੇ ਨਹੀਂ ਛੱਡਿਆ। 1997 ਵਿੱਚ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦਾ ਜੀਵਨ ਓਹੀ ਸਾਦਾ ਤੇ ਸੰਯਮੀ ਰਿਹਾ। ਉਹਨਾਂ ਨੇ ਆਪਣੇ ਪੁੱਤਰ ਨੂੰ ਸਖ਼ਤ ਅਨੁਸ਼ਾਸਨ ਨਾਲ ਪੜ੍ਹਾਇਆ। ਸਖ਼ਤੀ ਦੇ ਪਿੱਛੇ ਮਕਸਦ ਸੀ—ਉੱਜਵਲ ਭਵਿੱਖ। ਅੱਜ ਉਹੀ ਪੁੱਤਰ ਸਰਕਾਰੀ ਸਕੂਲ ਵਿੱਚ ਹੈਡ ਟੀਚਰ ਵਜੋਂ ਸੇਵਾ ਨਿਭਾ ਰਹੇ ਹਨ, ਜੋ ਭਾਪਾ ਜੀ ਦੀ ਸੋਚ ਅਤੇ ਮਿਹਨਤ ਦਾ ਜਿਓੰਦਾ -ਜਾਗਦਾ ਸਬੂਤ ਹੈ। ਪੋਤਿਆਂ ਲਈ ਭਾਪਾ ਜੀ ਪਿਆਰ, ਸੁਰੱਖਿਆ ਅਤੇ ਵਿਸ਼ਵਾਸ ਦਾ ਨਾਮ ਸਨ। ਜੇ ਕਿਤੇ ਜਾਣਾ ਹੋਵੇ ਤਾਂ ਸਾਨੂੰ ਨਾਲ ਲੈ ਕੇ ਜਾਣਾ, ਜੇ ਪੈਸਿਆਂ ਦੀ ਲੋੜ ਪਵੇ ਤਾਂ ਜੇਬ ਵਿੱਚੋਂ ਪੈਸਿਆਂ ਵਾਲਾ ਲਿਫ਼ਾਫ਼ਾ ਕੱਢ ਕੇ ਦੇਣਾ ਅਤੇ ਕਹਿਣਾ ਜਿੰਨੇ ਚਾਹੀਦੇ ਨੇ ਕੱਢ ਲਓ ਪੁੱਤ —ਇਹ ਉਹਨਾਂ ਦੀ ਮਮਤਾ ਦੇ ਛੋਟੇ ਪਰ ਅਮਿੱਟ ਪਲ ਸਨ। ਪੈਨਸ਼ਨ ਵਾਲੇ ਦਿਨ ਸਾਡੇ ਲਈ ਤਿਉਹਾਰ ਵਰਗੇ ਹੁੰਦੇ, ਕਿਉਂਕਿ ਸ਼ਹਿਰ ਤੋਂ ਉਹ ਹਮੇਸ਼ਾ ਕੁਝ ਨਾ ਕੁਝ ਲੈ ਕੇ ਆਉਂਦੇ। ਹਿੰਮਤ ਭਾਪਾ ਜੀ ਦੀ ਸਭ ਤੋਂ ਵੱਡੀ ਪਹਿਚਾਣ ਸੀ। ਦਿਲ ਦੇ ਦੌਰੇ ਵਰਗੇ ਭਾਰੀ ਪਲਾਂ ਵਿੱਚ ਵੀ ਉਹ ਨਹੀਂ ਡੋਲ੍ਹੇ। ਸਰੀਰਕ ਕਸ਼ਟਾਂ ਦੇ ਬਾਵਜੂਦ ਉਹ ਸਾਨੂੰ ਹੌਂਸਲਾ ਦਿੰਦੇ ਰਹੇ। ਲੋੜਵੰਦਾਂ ਦੀ ਮਦਦ ਕਰਨਾ, ਰਿਸ਼ਤੇਦਾਰਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਅਤੇ ਕਿਸੇ ਲਈ ਵੀ ਬੁਰਾ ਸ਼ਬਦ ਨਾ ਕਹਿਣਾ—ਇਹ ਉਹਨਾਂ ਦੇ ਜੀਵਨ ਦੇ ਅਟੱਲ ਅਸੂਲ ਸਨ। ਭਾਪਾ ਜੀ ਲਈ ਪੜ੍ਹਾਈ ਸਭ ਤੋਂ ਵੱਡੀ ਦੌਲਤ ਸੀ। ਉਹ ਸਾਨੂੰ ਸਦਾ ਕਹਿੰਦੇ, “ਪੁੱਤਰੋ, ਪੜ੍ਹਦੇ ਰਹੋ, ਕਿਸੇ ਚੀਜ਼ ਦੀ ਚਿੰਤਾ ਨਾ ਕਰੋ।” ਸਾਡੀ ਫੀਸ ਦੀ ਫਿਕਰ ਉਹ ਪਹਿਲਾਂ ਹੀ ਕਰ ਲੈਂਦੇ ਸਨ। ਉਹ ਸਵੇਰੇ ਚਾਰ ਵਜੇ ਉੱਠ ਕੇ ਪਾਠ ਕਰਦੇ ਅਤੇ ਰੱਬ ਨਾਲ ਅਟੁੱਟ ਨਾਤਾ ਰੱਖਦੇ। ਹਸਪਤਾਲ ਦੇ ਬਿਸਤਰੇ ‘ਤੇ ਵੀ ਪਾਠ ਨਾਲ ਉਹਨਾਂ ਦਾ ਸਾਥ ਨਹੀਂ ਛੁੱਟਿਆ। ਮੇਰੇ ਲਈ ਉਹ ਸਿਰਫ਼ ਭਾਪਾ ਜੀ ਨਹੀਂ, ਮੇਰਾ ਅਲਾਰਮ ਸਨ। ਸਵੇਰੇ ਪੰਜ ਵਜੇ ਉਹਨਾਂ ਦੀ ਆਵਾਜ਼—“ਉੱਠ ਪੁੱਤ, ਵੈਨ ਆ ਜਾਣੀ ਹੈ”—ਅੱਜ ਵੀ ਕੰਨਾਂ ਵਿੱਚ ਗੂੰਜਦੀ ਹੈ। ਆਖਰੀ ਦਿਨਾਂ ਵਿੱਚ ਵੀ ਉਹ ਮੇਰੇ ਪੇਪਰਾਂ ਅਤੇ ਭਵਿੱਖ ਦੀ ਚਿੰਤਾ ਕਰਦੇ ਰਹੇ। ਉਹਨਾਂ ਦੇ ਅਸ਼ੀਰਵਾਦ ਨਾਲ ਨੌਕਰੀ ਤਾਂ ਮਿਲ ਗਈ, ਭਾਵੇਂ ਉਹਨਾਂ ਦੇ ਜਾਣ ਤੋਂ ਬਾਅਦ। ਵਾਹਿਗੁਰੂ ਦੀ ਮੇਹਰ ਨਾਲ ਅੱਜ ਸਾਡਾ ਪਰਿਵਾਰ ਸੁਖੀ ਹੈ। ਸਾਡੇ ਭਾਪਾ ਜੀ ਸਾਡੇ ਲਈ ਸਿਰਫ਼ ਯਾਦ ਨਹੀਂ, ਇੱਕ ਸੋਚ, ਇੱਕ ਪ੍ਰੇਰਣਾ ਅਤੇ ਇੱਕ ਜੀਵਨ ਦਰਸ਼ਨ ਹਨ। ਭਾਵੇਂ ਉਹ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੇ ਸਿਖਾਏ ਅਸੂਲ ਹਰ ਕਦਮ ‘ਤੇ ਸਾਡੇ ਨਾਲ ਹਨ।
ਰਸ਼ਪਾਲ ਕੌਰ ਅਧਿਆਪਕਾ
ਕਪੂਰਥਲਾ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



