(ਸਮਾਜ ਵੀਕਲੀ)
ਦੁਨੀਆ ਦੀ ਅਖ਼ਬਾਰ ਛਾਪੀ ਫਿਰਦੈਂ,
ਕਦੇ ਸਾਰ ਲਈ ਧੁਰ ਅੰਦਰ ਦੀ।
ਜਿਸ ਹਿਰਦੇ ਭਗਵਾਨ ਹੈ ਵਸਦਾ ,
ਕਦੇ ਸਫ਼ਾਈ ਕੀਤੀ ਮਨ ਮੰਦਰ ਦੀ।
ਲਾ ਲੁੱਤੀਆਂ ਬੜਾ ਹੀ ਸਵਾਦ ਆਵੇ,
ਭਲਾ ਕਿਸੇ ਦਾ ਆਪਾਂ ਕਰਨਾ ਨਹੀਂ।
ਸਾਰ ਤਾਂ ਲੈ ਸਕਦੈਂ ਕਿਸੇ ਦੁਖਿਆਰੇ ਦੀ,
ਮੰਨਿਆਂ ਨਾਲ ਕਿਸੇ ਦੇ ਮਰਨਾ ਨਹੀ।
ਤੂੰ ਖ਼ਾਬ ਮਹਿਲਾਂ ਦੇ ਦੇਖੀ ਫਿਰਦਾਂ,
ਕਦੇ ਸਾਰ ਵੀ ਲੈ ਦਿਲ ਪਤੰਦਰ ਦੀ।
ਦੁਨੀਆਂ ਦੀ …….…………………
…………………………………….
ਮਾਖਿਓਂ ਮਿੱਠੀਆਂ ਗੱਲਾਂ ਕਰ ਕੇ ,
ਤੇ ਅੰਦਰ ਜ਼ਹਿਰ ਲੁਕਾ ਕੇ ਬੈਠਾਂ।
ਆਪਣੀ ਜਾਈ ਨੂੰ ਹੀ ਧੀ ਤੂੰ ਸਮਝੇਂ,
ਬੇਗਾਨੀਆਂ ਤੇ ਨਜ਼ਰ ਟਿਕਾ ਕੇ ਬੈਠਾਂ।
ਖਾਲੀ ਹੱਥੀਂ ਸੀ ਗਿਆ ਜਹਾਨੋਂ ,
ਕਹਾਣੀ ਸੁਣ ਮਹਾਨ ਸਿਕੰਦਰ ਦੀ।
ਦੁਨੀਆਂ ਦੀ ……………………
………………………………….
ਮੰਨਿਆਂ ਝੂਠ ਬੈਠਾ ਸਿੰਘਾਸਨ ਚੜ ਕੇ ,
ਬੇਚਾਰਾ ਸੱਚ ਰੂੜ੍ਹੀਆਂ ਤੇ ਰੁੱਲਦਾ ਫਿਰੇ।
ਜੀ ਹਾਂ ਸੱਚ ਨੇ ਹੀ ਸੂਲੀ ਚੜਨਾ,
ਝੰਡਾ ਝੂਠ ਦਾ ਹੀ ਝੁੱਲਦਾ ਫਿਰੇ।
ਕੂੜ ਦਾ ਬੇੜਾ ਤਾਂ ਡੁੱਬ ਹੀ ਜਾਣਾ,
ਜਦ ਲਹਿਰ ਆਉਣੀ ਸੱਚ ਸਮੁੰਦਰ ਦੀ।
ਦੁਨੀਆ ਦੀ ……..………………….
………………………………………
ਸੱਚ ਦੇ ਆਸ਼ਿਕ ਬਹੁਤ ਥੋੜੇ ਹੁੰਦੇ,
ਜੋ ਜਾਣ ਤਲੀ ਤੇ ਧਰ ਕੇ ਰੱਖਦੇ।
ਹੱਥ ਫੜ ਲੈਣ ਮੁਹੱਬਤ ਦਾ ਜੇ ,
ਲਾਜ ਕੌਲ ਦੀ ਮਰ ਕੇ ਰੱਖਦੇ।
“ਮਜਬੂਰ” ਸੱਜਣਾਂ ਬਿਨਾਂ ਕੀ ਜੀਣਾ ਆਪਾਂ,
ਹੂਰ ਆ ਜਾਵੇ ਭਾਵੇਂ ਇੰਦਰ ਦੀ।
ਦੁਨੀਆ ਦੀ …………………………..
……………………………………..
ਜਸਵੰਤ ਸਿੰਘ ਮਜਬੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly