1400 ਲੀਟਰ ਰੋਜ਼ਾਨਾ ਦੁੱਧ ਸਪਲਾਈ ਦੇਣ ਵਾਲੀ ਸੁਸਾਇਟੀ ਬੰਦ ਕਰਨ ਦੇ ਹੁਕਮ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਅਮਰਾਲੀ ਦੀ ਵੇਰਕਾ ਮਿਲਕ ਪਲਾਂਟ ਨਾਲ ਸੰਬੰਧਤ ਦੁੱਧ ਦੀ ਡੇਅਰੀ ਨੂੰ ਮਿਲਕ ਪਲਾਂਟ ਮੋਹਾਲੀ ਦੇ ਉੱਚ ਅਧਿਕਾਰੀਆਂ ਵੱਲੋ ਮੌਖਿਕ ਤੌਰ ਤੇ ਬੰਦ ਕਰਨ ਦੇ ਦਿੱਤੇ ਗਏ ਹੁਕਮ ਤੋਂ ਬਾਅਦ ਪਿੰਡ ਦੇ ਪਸ਼ੂ ਪਾਲਕਾਂ ਤੇ ਦੁੱਧ ਉਤਪਾਦਕਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਹ ਡੇਅਰੀ ਅਚਨਚੇਤ ਬੰਦ ਕਰਨ ਦੇ ਹੁਕਮਾਂ ਕਾਰਨ ਦੁੱਧ ਉਤਪਾਦਕਾਂ ਦਾ ਅੱਜ ਸਵੇਰੇ ਕਰੀਬ ਸੱਤ ਕਵਿੰਟਲ ਦੁੱਧ ਖਰਾਬ ਹੋ ਗਿਆ।ਜਿਸ ਕਾਰਨ ਦੁੱਧ ਉਤਪਾਦਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਵੇਰਕਾ ਮਿਲਕ ਪਲਾਂਟ ਵੱਲੋ ਇਹ ਡੇਅਰੀ ਬੰਦ ਹੋਣ ਨਾਲ ਪਰੇਸ਼ਾਨ ਪਸ਼ੂ ਪਾਲਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਜੀ ਐਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਲੋਕਾਂ ਅਤੇ ਪਸ਼ੂਪਾਲਕਾਂ ਡਾ. ਗੁਰਦੀਪ ਸਿੰਘ, ਦਰਸ਼ਨ ਸਿੰਘ ਸੰਧੂ, ਅਮਰੀਕ ਸਿੰਘ, ਰਾਜਿੰਦਰ ਸਿੰਘ ਅਤੇ ਸਕੱਤਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਵੇਰਕਾ ਪਲਾਂਟ ਨਾਲ ਸੰਬੰਧਿਤ, ਦੋ ਡੈਅਰੀਆਂ ਹਨ ,ਜਿਨਾ ਵਿੱਚ ਦੀ ਅਮਰਾਲੀ ਦੁੱਧ ਉਤਪਾਦਕ ਸਹਿਕਾਰੀ ਸਭਾ ( ਜਨਰਲ)ਜੋ ਪਿਛਲੇ 25-30 ਸਾਲ ਤੋ ਕੰਮ ਕਰ ਰਹੀ ਹੈ । ਇਸ ਡੇਅਰੀ ਵਿੱਚ ਰੋਜਾਨਾ ਦਾ ਲਗਭਗ 13- 14 ਕੁਇੰਟਲ ਦੁੱਧ ਇਕੱਤਰ ਕਰਕੇ ਮਿਲਕ ਪਲਾਂਟ ਮੋਹਾਲੀ ਨੂੰ ਭੇਜਿਆ ਜਾਂਦਾ ਸੀ । ਪਰੰਤੂ 31 ਦਸੰਬਰ ਨੂੰ ਅਚਾਨਕ ਇਸ ਸੁਸਾਇਟੀ ਦੇ ਸਕੱਤਰ ਹਰਮਨਦੀਪ ਸਿੰਘ ਨੂੰ ਮਿਲਕ ਪਲਾਂਟ ਮੋਹਾਲੀ ਦੇ ਐਮ ਪੀ ਐਸ ਰਜਿੰਦਰ ਸਿੰਘ ਵੱਲੋਂ ਫੋਨ ਰਾਂਹੀ ਕਿਹਾ ਗਿਆ ਕਿ 1 ਜਨਵਰੀ ਤੋ ਦੁੱਧ ਨਹੀਂ ਲਿਆ ਜਾਵੇਗਾ। ਜਿਸ ਕਾਰਨ 1 ਜਨਵਰੀ ਨੂੰ ਸਵੇਰੇ ਇਸ ਡੇਅਰੀ ਵਿੱਚ ਇਕੱਤਰ ਹੋਇਆ ਕਰੀਬ 7 ਕਵਿੰਟਲ ਦੁੱਧ ਖਰਾਬ ਹੋਣ ਤੋ ਬਚਾਉਣ ਲਈ ਪ੍ਰਾਈਵੇਟ ਖਰੀਦਦਾਰਾਂ ਨੂੰ ਵੇਚਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਤੇ ਗੱਲ ਕਰਦਿਆ ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਚੋਣਾਂ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਹਨ , ਜਿਨਾਂ ਵਿੱਚ ਇੱਕ ਧਿਰ ਦੀ ਜਿੱਤ ਤੇ ਦੂਜੀ ਦੀ ਹਾਰ ਹੁੰਦੀ ਰਹੀ ਹੈ, ਪ੍ਰੰਤੂ ਬਲਾਕ ਸੰਮਤੀ ਚੋਣਾਂ ਵਿੱਚ ਆਪ ਉਮੀਦਵਾਰ ਦੀ ਹਾਰ ਆਪ ਆਗੂਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ , ਜਿਸ ਕਾਰਨ ਬੁਖਲਾਹਟ ਵਿੱਚ ਆ ਕੇ ਉਹਨਾਂ ਆਪਣੇ ਰਾਜਸੀ ਅਕਾਵਾਂ ਰਾਹੀਂ ਪਿੰਡ ਦੀ ਡੇਅਰੀ ਨੂੰ ਬੰਦ ਕਰਾਕੇ ਇਸ ਨਾਲ ਜੁੜੇ ਛੋਟੇ ਦੁੱਧ ਉਤਪਾਦਕਾਂ ਦੇ ਚੁੱਲੇ ਬੰਦ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜੋ ਅਧਿਕਾਰੀ ਰਾਜਨੀਤਿਕ ਦਬਾਅ ਹੇਠ ਇਸ ਡੇਅਰੀ ਨਾਲ ਜੁੜੇ ਦੁੱਧ ਉਤਪਾਦਕਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਗੱਲ ਕਰਦਿਆਂ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਡਾਇਰੈਕਟਰ ਬੰਤ ਸਿੰਘ ਕਲਾਰਾਂ ਨੇ ਕਿਹਾ ਕਿ ਇਹ ਪਿੰਡ ਦੀ ਵੱਡੀ ਸੋਸਾਇਟੀ ਹੈ, ਜਿੱਥੇ ਪਸ਼ੂ ਪਾਲਕਾਂ/ ਦੁੱਧ ਉਤਪਾਦਕਾਂ ਵੱਲੋ ਰੋਜਾਨਾ 1400 ਲੀਟਰ ਦੁੱਧ ਪਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਨੂੰ ਆਪੋ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਹੱਕ ਹੈ ਅਤੇ ਵੋਟਾਂ ਵਿੱਚ ਜਿੱਤ ਹਾਰ ਵੀ ਹੁੰਦੀ ਰਹਿੰਦੀ ਹੈ ਪਰੰਤੂ ਬਲਾਕ ਸੰਮਤੀ ਚੋਣਾਂ ਵਿੱਚ ਮਿਲੀ ਹਾਰ ਉਪਰੰਤ ਪਿੰਡ ਦੀ ਡੇਅਰੀ ਬੰਦ ਕਰਕੇ ਸਰਕਾਰ ਸਹਿਕਾਰਤਾ ਲਹਿਰ ਦਾ ਖਾਤਮਾ ਕਰਨ ਵੱਲ ਵਧ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।.ਉਹਨਾਂ ਮੰਗ ਕੀਤੀ ਕਿ ਪਿੰਡ ਅਮਰਾਲੀ ਦੀ ਇਸ ਡੇਅਰੀ ਨੂੰ ਬੰਦ ਕਰਨ ਲਈ ਜਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਡੇਅਰੀ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ ਨਹੀਂ ਤਾਂ ਸਮੂਹ ਦੁੱਧ ਉਤਪਾਦਕ ਤੇ ਕਿਸਾਨ ਸੜਕਾਂ ਤੇ ਆਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਦੁੱਧ ਦੀ ਕਮੀ ਹੋਣ ਕਾਰਨ ਕੈਮੀਕਲ ਵਾਲੇ ਦੁੱਧ ਦੀ ਵਿਕਰੀ ਦੀਆਂ ਆਮ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ, ਪਰੰਤੂ ਰੋਜਾਨਾ 1400 ਲੀਡਰ ਸ਼ੁੱਧ ਦੁੱਧ ਸਪਲਾਈ ਕਰਨ ਵਾਲੀ ਡੇਅਰੀ ਨੂੰ ਬੰਦ ਕਰਕੇ ਮਿਲਕ ਪਲਾਂਟ ਦੇ ਅਧਿਕਾਰੀ ਕਥਿਤ ਤੌਰ ਤੇ ਦੁੱਧ ਦੀ ਕਾਲੇ ਬਜਾਰੀ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋ ਤੰਗ ਪਰੇਸ਼ਾਨ ਹੋਏ ਪਸ਼ੂ ਪਾਲਕ ਤੇ ਦੁੱਧ ਉਤਪਾਦਕ ਦੂਰ ਦੁਰਾਡੇ ਸਥਿਤ ਪ੍ਰਾਈਵੇਟ ਡੇਅਰੀਆਂ ਨੂੰ ਆਪੋ ਆਪਣਾ ਦੁੱਧ ਸਪਲਾਈ ਕਰਨ ਲਈ ਮਜਬੂਰ ਹੋਣਗੇ, ਜਿਸ ਨਾਲ ਵੇਰਕਾ ਮਿਲਕ ਪਲਾਂਟ ਮੋਹਾਲੀ ਤੇ ਮਿਲਕਫੈੱਡ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪਸ਼ੂ ਪਾਲਕਾਂ ਤੇ ਉਤਪਾਦਕਾਂ ਦੇ ਰੁਜਗਾਰ ਤੇ ਰੋਜੀ ਰੋਟੀ ਨੂੰ ਬਚਾਉਣ ਲਈ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਇਹ ਡੇਅਰੀ ਤੁਰੰਤ ਚਾਲੂ ਕੀਤੀ ਜਾਵੇ। ਉਧਰ ਜਦੋਂ ਇਸ ਡੇਅਰੀ ਨੂੰ ਬੰਦ ਕਰਨ ਸਬੰਧੀ ਮਿਲਕ ਮੈਨੇਜਰ ਪਰਕਿਉਰਮੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਸੰਪਰਕ ਨਹੀ ਹੋ ਸਕਿਆ, ਪ੍ਰੰਤੂ ਜਦੋ ਇਸ ਡੇਅਰੀ ਨੂੰ ਬੰਦ ਕਰਨ ਲਈ ਸਕੱਤਰ ਹਰਮਨਦੀਪ ਸਿੰਘ ਨੂੰ ਫੋਨ ਕਰਨ ਵਾਲੇ ਐਮ ਪੀ ਐਸ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਦੱਸਿਆ ਕਿ ਮਿਲਕ ਪਲਾਂਟ ਦੇ ਉੱਚ ਅਧਿਕਾਰੀਆਂ ਦੇ ਆਦੇਸ਼ ਹੀ ਸਕੱਤਰ ਨੂੰ ਦੱਸੇ ਗਏ ਹਨ, ਪ੍ਰੰਤੂ ਉਨਾਂ ਇਸ ਮਾਮਲੇ ਵਿੱਚ ਹੋਰ ਕੁਝ ਵੀ ਦੱਸਣ ਤੋ ਟਾਲਾ ਵੱਟਦਿਆਂ ਬਾਕੀ ਮਿਲ ਬੈਠ ਕੇ ਗੱਲ ਕਰਨ ਲਈ ਆਖਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



