(ਸਮਾਜ ਵੀਕਲੀ) ਸਾਡੇ ਦੇਸ਼ ਅੰਦਰ ਖਾਸ ਕਰਕੇ ਪੰਜਾਬ ਤੇ ਇਸ ਦੇ ਆਸ-ਪਾਸ ਦੇ ਸੂਬਿਆਂ ਅੰਦਰ ਧਰਮ ਦੀ ਆੜ ਚ ਹਜ਼ਾਰਾਂ ਦੀ ਗਿਣਤੀ ਵਿੱਚ ਬਣੇ ਨਿੱਝੀ ਡੇਰਿਆਂ ਚ ਗੁਰੂ ਸਹਿਵਾਨਾਂ ਦੇ ਸਮਾਗਮ ਮਨਾਉਣ ਦੀ ਥਾਂ ਇਨ੍ਹਾਂ ਡੇਰਿਆਂ ਚ ਜਿਆਦਾਤਰ ਮਰਹੂਮ ਡੇਰੇਦਾਰਾਂ (ਬਾਬਿਆਂ) ਦੇ ਜਨਮ ਦਿਨ ਤੇ ਬਰਸੀ ਸਮਾਗਮ ਹੀ ਕਿਉਂ ਮਨਾਏ ਜਾਂਦੇ ਹਨ, ਇਹ ਗੱਲ ਸੋਚਣ ਤੇ ਵਿਚਾਰਨ ਯੋਗ ਹੈ।ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਵਾਪਰ ਰਹੇ ਇਸ ਵਿਪਰਨ ਘਟਨਾਕ੍ਰਮ ਲਈ ਜਿੰਨਾ ਕੁ ਇਹ ਡੇਰੇਦਾਰ ਜਿੰਮੇਵਾਰ ਹਨ, ਉਸ ਤੋਂ ਕਿਤੇ ਜਿਆਦਾ ਇਨ੍ਹਾਂ ਡੇਰਿਆਂ ਚ ਜਾਣ ਵਾਲੇ ਲੋਕੀਂ ਵੀ ਵਧੇਰੇ ਕਸੂਰਵਾਰ ਹਨ, ਕਿਉਂਕਿ ਇਨ੍ਹਾਂ ਡੇਰਿਆਂ ਚ ਜਾਣ ਵਾਲੇ ਲੱਖਾਂ ਗਿਣਤੀ ਸਰਧਾਲੂ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਜਿਨ੍ਹਾਂ ਗੁਰੂ ਸਹਿਵਾਨਾਂ ਦਾ ਨਾਮ ਵਰਤ ਕੇ ਇਹ ਡੇਰੇਦਾਰ ਆਪਣਾ ਇਹ ਕਾਰੋਵਾਰ ਚਲਾ ਰਹੇ ਹਨ, ਸਾਡੇ ਉਨ੍ਹਾਂ ਗੁਰੂਆਂ ਦੇ ਵਾਰੇ ਤਾਂ ਸਾਇਦ ਕਦੇ ਇੰਨ੍ਹਾਂ ਡੇਰਿਆਂ ਅੰਦਰ ਇੰਨ੍ਹੇ ਵੱਡੇ ਵੱਡੇ ਸਮਾਗਮ ਕਰਵਾਏ ਹੀ ਨਹੀ ਜਾਂਦੇ।
ਵਰਨਣਯੋਗ ਹੈ ਕਿ ਜਿੱਥੇ ਇਨ੍ਹਾਂ ਡੇਰਿਆਂ ਵਿੱਚ ਡੇਰੇ ਦੇ ਪੁਰਾਤਨ ਮੁਖੀਆਂ ਦੇ ਜਨਮ ਦਿਨ ਅਤੇ ਉਨ੍ਹਾਂ ਦੀ ਬਰਸੀ ਮਨਾਉਣ ਵਾਸਤੇ ਸੰਗਤਾਂ ਵੱਲੋਂ ਭੇਂਟ ਕੀਤੇ ਹੋਏ ਲੱਖਾਂ ਰੁਪਏ ਖਰਚ ਕੇ ਬਹੁਤ ਵੱਡੇ-2 ਸਮਾਗਮ ਕਰਵਾਏ ਜਾਂਦੇ ਹਨ, ਉੱਥੇ ਹੀ ਇਨ੍ਹਾਂ ਸਮਾਗਮਾਂ ਦੀ ਮਸ਼ਹੂਰੀ ਵਾਸਤੇ ਵੀ ਲੱਖਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਦੇ ਨਾਲ-2 ਸੈਂਕੜੇ ਵੱਡੇ-ਵੱਡੇ ਹੋਰਡਿੰਗ ਬੋਰਡ ਲਗਾਉਣ ਦਾ ਸ਼ੁਭ ਕਾਰਜ ਵੀ ਕੀਤਾ ਜਾਂਦਾ ਹੈ।ਜਦਕਿ ਗੁਰੂ ਸਾਹਵਾਨਾਂ ਵਾਸਤੇ ਸਾਇਦ ਹੀ ਕਦੇ ਇਨ੍ਹਾਂ ਡੇਰੇਦਾਰਾਂ ਵੱਲੋਂ ਅਜਿਹੀ ਇਸ਼ਤਿਹਾਰਬਾਜ਼ੀ ਜਾਂ ਪ੍ਰਚਾਰ ਕੀਤਾ ਗਿਆ ਹੋਵੇ।ਇਥੇ ਹੀ ਬੱਸ ਨਹੀ ਇਨ੍ਹਾਂ ਬਰਸੀ ਸਮਾਗਮਾਂ ਦੌਰਾਨ ਕਈ ਥਾਈਂ ਇੱਕੋ ਦਿਨ, ਇਕੋ ਹੀ ਹਾਲ ਕਮਰੇ ਵਿੱਚ ਇਕੋਤਰੀ ਦੇ ਨੇ ਤੇ ਸੈਂਕੜੇ ਦੀ ਗਿਣਤੀ ਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਹਨ।ਪ੍ਰੰਤੂ ਇਨ੍ਹਾਂ ਡੇਰਿਆਂ ਅੰਦਰ ਸਾਇਦ ਹੀ ਕਦੇ ਸਾਡੇ ਗੁਰੂ ਸਹਿਵਾਨਾਂ ਦੇ ਗੁਰਪੂਰਵ ਜਾਂ ਜੋਤੀ ਜੋਤ ਸਮਾਉਣ ਸਬੰਧੀ ਅਜਿਹਾ ਕੋਈ ਇਕੋਤਰੀ ਸਮਾਗਮ ਕਰਵਾਇਆ ਜਾਂਦਾ ਹੋਵੇ, ਇਸ ਦੀ ਤਾਂ ਕਦੇ ਜਾਣਕਾਰੀ ਨਹੀ ਮਿਲੀ ਹੋਣੀ ਕਿਸੇ ਨੂੰ।
ਦੂਸਰਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਡੇਰਿਆਂ ਦੇ ਵਿਸਥਾਰ ਵਿੱਚ ਜੋ ਸਾਹਮਣੇ ਆਇਆ ਹੈ ਉਹ ਹੈ, ਇਨ੍ਹਾਂ ਨਿੱਜੀ ਡੇਰਿਆਂ ‘ਚ ਵੱਡੇ ਸਿਆਸੀ ਲੀਡਰਾਂ ਦਾ ਜਿਆਦਾ ਆਉਣਾ-ਜਾਣਾ ਅਤੇ ਡੇਰੇਦਾਰ ਦੇ ਪੈਰਾਂ ਚ ਬੈਠ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ,ਇੱਥੇ ਹੀ ਬੱਸ ਨਹੀ ਇਸ ਫੇਰੀ ਨੂੰ ਫਿਰ ਮੀਡੀਆ ਰਾਹੀਂ ਜਿਆਦਾ ਤੋਂ ਜਿਆਦਾ ਪ੍ਰਚਾਰਨਾ ਹੈ, ਤਾਂ ਕੀ ਇਸ ਤੋਂ ਪ੍ਰਭਾਵਤ ਹੋਕੇ ਆਮ ਤੇ ਭੋਲੇ-ਭਾਲੇ ਲੋਕੀਂ ਇਨ੍ਹਾਂ ਡੇਰਿਆਂ ਵੱਲ ਨੂੰ ਜਾਣ ਲਈ ਪ੍ਰੇਰਿਤ ਹੋਣ, ਇਸ ਕਰਕੇ ਹੀ ਇਨ੍ਹਾਂ ਡੇਰਿਆਂ ਵਿੱਚ ਸਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾਂਦੀ ਹੈ ਜੋ ਕਿ ਭਵਿੱਖ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ।ਬੁੱਧੀਜੀਵੀਆਂ ਨੂੰ ਇਸ ਵਾਸਤੇ ਚਿੰਤਾ ਕਰਨ, ਅਤੇ ਇਸ ਨੂੰ ਰੋਕਣ ਲਈ ਉਪਰਾਲੇ ਕਰਨ ਦੀ ਸਖ਼ਤ ਜਰੂਰਤ ਹੈ।
ਸਾਡੇ ਸਾਰਿਆਂ ਦੇ ਸਾਹਮਣੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਨਾਮੀ ਡੇਰਿਆਂ ਅੰਦਰ ਔਰਤਾਂ ਦਾ ਬਲਾਤਕਾਰ ਤੇ ਫਿਰ ਉਨ੍ਹਾਂ ਦੀਆਂ ਹਤਿਆਵਾਂ ਵਰਗੀਆਂ ਕਈ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਕਿ ਕਿਵੇਂ ਕਈ ਨਾਮੀ ਵੱਡੇ-2 ਡੇਰਿਆਂ ਅੰਦਰ ਡੇਰੇਦਾਰਾਂ ਜਾਂ ਉਨ੍ਹਾਂ ਦੇ ਚੇਲਿਆਂ ਵੱਲੋਂ ਔਰਤਾਂ ਤੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਤਾਂ ਕੀਤਾ ਹੀ ਗਿਆ ਹੈ ਬਲਕਿ ਕਈਆਂ ਦੀ ਤਾਂ ਜਾਨ ਤੱਕ ਲਈ ਜਾ ਚੁੱਕੀ ਹੈ, ਇਨ੍ਹਾਂ ਡੇਰਿਆਂ ਅੰਦਰ, ਪਰ ਅਫਸੋਸ ਕਿ ਲੋਕੀਂ ਕੁੱਝ ਸਮਾਂ ਤਾਂ ਅਜਿਹੇ ਘਟੀਆ ਕਾਰਨਾਮਿਆਂ ਨੂੰ ਬਹੁਤ ਜ਼ਿਆਦਾ ਪ੍ਰਚਾਰਦੇ ਹਨ, ਜਿਸਨੂੰ ਦੇਖ ਕੇ ਇੰਝ ਪ੍ਰਤੀਕ ਹੋਣ ਲੱਗਦਾ ਕਿ ਬੱਸ ਹੁਣ ਇਨ੍ਹਾਂ ਡੇਰਿਆਂ ਦਾ ਅੰਤ ਆ ਹੀ ਗਿਆ ਹੈ, ਪਰ ਅਸੀਂ ਇਨ੍ਹਾਂ ਕਾਲੇ ਕਰਨਾਮਿਆਂ ਨੂੰ ਜਿਆਦਾ ਸਮਾਂ ਯਾਦ ਹੀ ਨਹੀ ਰੱਖਦੇ,ਅਸੀਂ ਜਲਦੀ ਭੁੱਲ ਜਾਂਦੇ ਹਾਂ।ਜਿਸ ਪੂਰਾ ਲਾਭ ਇਨ੍ਹਾਂ ਡੇਰੇਦਾਰਾਂ ਨੂੰ ਮਿਲਦਾ ਹੈ, ਕਿਉਂਕਿ ਉਨ੍ਹਾਂ ਦੇ ਮਨ ਅੰਦਰੋਂ ਕਾਨੂੰਨ ਤੇ ਲੋਕਾਂ ਦਾ ਡਰ ਬਿਲਕੁਲ ਖ਼ਤਮ ਹੋ ਜਾਂਦਾ ਅਤੇ ਉਹ ਪਹਿਲਾਂ ਨਾਲੋਂ ਵੀ ਵਧੇਰੇ ਦਲੇਰੀ ਨਾਲ ਫਿਰ ਤੋਂ ਆਪਣੀ ਕਾਮ ਵਾਸ਼ਨਾ ਪੂਰੀ ਕਰਨ ਵਰਗੇ ਕੁੱਕਰਮ ਕਰਨ ਲੱਗ ਜਾਂਦੇ ਹਨ। ਇਸ ਤਰਾਂ ਇਨ੍ਹਾਂ ਡੇਰਿਆਂ ਅੰਦਰ ਔਰਤਾਂ ਤੇ ਬੱਚਿਆਂ ਦਾ ਸੋਸ਼ਣ ਲਗਤਾਰ ਜਾਰੀ ਰਹਿੰਦਾ ਹੈ, ਜੋ ਕਦੇ ਰੁਕਣ ਜਾਂ ਖ਼ਤਮ ਹੋਣ ਦੀ ਬਜਾਏ ਵਧਦਾ ਹੀ ਜਾਂਦਾ ਹੈ।
ਅਸੀਂ ਸਾਰੇ ਇਹ ਭਲੀਭਾਂਤ ਜਾਣਦੇ ਹਾਂ ਕਿ ਸਾਡੇ ਸਾਰੇ ਹੀ ਗੁਰੂ ਸਹਿਵਾਨਾਂ ਚੋਂ ਕਿਸੇ ਨੇ ਵੀ ਸਾਨੂੰ ਨਿੱਜੀ ਡੇਰਿਆਂ ਨਾਲ ਜੁੜਨ ਦੀ ਆਗਿਆ ਨਹੀ ਦਿੱਤੀ ਸਗੋਂ ਇਨ੍ਹਾਂ ਦੇਹ ਧਾਰੀਆਂ ਦੀ ਬਜਾਏ, ਗੁਰੂ ਸਾਹਵਾਨਾਂ ਵੱਲੋਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨ ਕੇ ਉਸਦੇ ਉਪਦੇਸ਼ ਅਨੁਸਾਰ ਜਿੰਦਗੀ ਜਿਉਣ ਲਈ ਕਿਹਾ ਹੈ। ਜਦਕਿ ਇਨ੍ਹਾਂ ਡੇਰਿਆਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਡੇਰੇਦਾਰ ਨੂੰ ਹੀ ਜਿਆਦਾ ਪੂਜਿਆ ਜਾਂਦਾ ਹੈ ਜੋ ਕਿ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਦੇ ਬਿਲਕੁਲ ਹੀ ਵਿਰੁੱਧ ਹੈ, ਫਿਰ ਵੀ ਅਸੀਂ ਗੁਰੂ ਘਰਾਂ ਚ ਜਾਣ ਦੀ ਬਜਾਏ ਇਨ੍ਹਾਂ ਨਿੱਜੀ ਡੇਰਿਆਂ ਚ ਜਾਣ ਨੂੰ ਹੀ ਤਰਜੀਹ ਦਿੰਦੇ ਹਾਂ।
ਸਿੱਖ ਧਰਮਦੇ ਪ੍ਰਚਾਰਕਾਂ ਵੱਲੋਂ ਆਪਣੇ ਪ੍ਰਚਾਰ ਰਾਹੀਂ, ਅਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਰਾਹੀਂ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਕਿ ਸਾਰੇ ਸਿੱਖ ਵੀਰ-ਭੈਣਾਂ-ਮਾਵਾਂ ਤੇ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ ਹੈ, ਇੰਨ੍ਹਾਂ ਡੇਰਿਆਂ ਅੰਦਰ ਜਾਣ ਦੀ ਬਜਾਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡਾਂ ਦੀਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧ ਅਧੀਨ ਬਣੇ ਗੁਰਦੁਆਰਾ ਸਾਹਿਬ ਅਤੇ ਸਾਡੇ ਇਤਿਹਾਸਕ ਗੁਰਦੁਆਰਾ ਸਾਹਿਵਾਨਾਂ ਵਿੱਚ ਜਾਣ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਜੇਕਰ ਸੱਚਮੁੱਚ ਅਸੀਂ ਗੁਰੂ ਸਾਹਿਬ ਜੀ ਦੇ ਲੜ ਲੱਗ ਕੇ ਉਨ੍ਹਾਂ ਦੇ ਉਪਦੇਸ਼ ਅਨੁਸਾਰ ਜਿੰਦਗੀ ਜੀਣ ਲੱਗ ਪਵਾਂਗੇ ਅਤੇ ਇਨ੍ਹਾਂ ਡੇਰਿਆਂ ਵੱਲੋਂ ਆਪਣਾ ਮੁੱਖ ਮੋੜ ਲਵਾਂਗੇ ਤਾਂ ਇਨ੍ਹਾਂ ਡੇਰਿਆਂ ਦਾ ਪਤਨ ਤਾਂ ਆਪਣੇ ਆਪ ਹੋਣਾ ਸ਼ੁਰੂ ਹੋ ਜਾਵੇਗਾ। ਅਜਿਹਾ ਹੋਣ ਨਾਲ ਥੋੜ੍ਹੇ ਸਮੇਂ ਅੰਦਰ ਹੀ ਪੰਜਾਬ ਚ ਫੈਲੇ ਇਸ ਡੇਰਾਵਾਦ ਦਾ ਅੰਤ ਹੋ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਡੇਰਿਆਂ ਦੇ ਮੱਕੜੀ ਜਾਲ ਚ ਫਸਣ ਤੋਂ ਬਚ ਜਾਣਗੀਆਂ।
ਦਾਸ : ਭਾਈ ਹਰਜਿੰਦਰ ਸਿੰਘ ਮਾਝੀ
ਸਿੱਖ ਧਰਮ ਪ੍ਰਚਾਰਕ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


