(ਸਮਾਜ ਵੀਕਲੀ)
ਜੋਰ ਨਾਲੋਂ ਸ਼ੋਰਾਂ ਦੇ ਸੀ, ਹੌਂਸਲੇ ਬੁਲੰਦ ਵੇਖ,
ਡੋਲਿਆ ਸੀ, ਸੂਬਾ ਨਾਲੇ, ਡੋਲੀ ਸਰਹੰਦ ਵੇਖ।
ਅਣਖਾਂ ਨਾ ਭਰੇ ਹੋਏ, ਸੂਬੇ ਅੱਗੇ ਖੜ੍ਹੇ ਹੋਏ,
ਬੱਚਿਆਂ ਦੇ ਵੇਖ ਤੂੰ ਤਾਂ, ਹੌਂਸਲੇ ਬੁਲੰਦ ਵੇਖ।
ਅੱਖਾਂ ਵਿੱਚ ਮੁਗਲਾਂ ਦੇ, ਅੱਖਾਂ ਪਾ ਕੇ, ਵੇਖਦੇ ਨੇ,
ਨਿੱਕੇ-ਨਿੱਕੇ, ਤਿੱਖੇ-ਤਿੱਖੇ, ਚੰਡੇ ਹੋਏ, ਸੰਦ ਵੇਖ।
ਨਿੱਕੀ-ਨਿੱਕੀ ਗੱਲ ਦੇ, ਜਵਾਬ, ਵੱਡੇ ਦਿੰਦੇ ਜਾਣ,
ਤੱਕਲੇ ਤੋਂ, ਟੁੱਟਣੇ ਨਾਂ ਦਿੰਦੇ, ਉਹ ਤੰਦ ਵੇਖ ।
ਅਣਖਾਂ ਤੇ ਇੱਜਤਾਂ ਦੇ, ਪਾ ਕੇ ਲੀੜੇ ਸਾਫ਼ ਖੜੇ,
ਮੁਗਲਾਂ ਦਾ ਡਿੱਗਣੇ ਨਾ, ਦਿੰਦੇ ਉੱਤੇ, ਗੰਦ ਵੇਖ।
ਧਰਮ ਲਈ ਖੜ੍ਹੇ, ਕਿਵੇਂ ਡਟੇ, ਛੋਟੇ ਸੂਰਮੇ,
ਕੰਧਾਂ ਨਾਲੋਂ ਕਿੱਡੇ-ਕਿੱਡੇ, ਹੌਂਸਲੇ ਬੁਲੰਦ ਵੇਖ।
ਦਾਦੇ ਵਾਂਗੂੰ, ਖ਼ੂਨ ‘ਚੁ ਦਲੇਰੀ ਮਾਰੇ ਬੜ੍ਹਕਾਂ,
ਮੁਗਲਾਂ ਦਾ ਕੱਲਾ-ਕੱਲਾ ਕੰਬਦਾ ਤੂੰ, ਅੰਗ ਵੇਖ ।
ਦਾਦੀ ਕੋਲੋਂ, ਸੁਣ ਕੇ ਕਹਾਣੀਆਂ,ਦਲੇਰ ਹੋਏ,
ਹੌਂਸਲੇ ਨਾ, ਫ਼ਰਕਦਾ ਕੱਲਾ-ਕੱਲਾ ਅੰਗ ਵੇਖ।
ਫ਼ਤਵੇ ਨੂੰ ਸੁਣ, ਉਹਨਾਂ ਛੱਡ ਤੇ ਜੈਕਾਰੇ,
ਖ਼ੂਨ ਨਾਲ, ਰੰਗ ਦਿੱਤੀ, ਸਾਰੀ ਸਰਹੰਦ ਵੇਖ।
ਕੰਧਾਂ ਨਾਲੋਂ, ਹੌਂਸਲੇ ਬੁਲੰਦ, ਨਿੱਕੇ ਬੱਚਿਆਂ ਦੇ,
ਵਾਰਤੀਆਂ ਜਾਨਾਂ, ਕਿਵੇਂ ਬਾਰੇ, ਕੂਲੇ ਅੰਗ ਵੇਖ।
ਮੁਗਲਾਂ ਨੂੰ ਲਾਹਣਤਾਂ, ਇਹ, ਪਾਉਂਦੀ ਪੂਰੀ ਦੁਨੀਆਂ,
ਸੰਦੀਪ ਕਵੀਸ਼ਰਾਂ ਨੇ, ਲਿਖ-ਲਿਖ ਗਾਏ,ਜਿਹੜੇ ਛੰਦ ਵੇਖ।
ਸੰਦੀਪ ਸਿੰਘ ‘ ਬਖੋਪੀਰ ‘
ਸੰਪਰਕ:-9815321017



