ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਮਿਡਲੈਂਡਜ਼ ਅਤੇ ਵੇਲਜ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਏਟੀਐਮ ਮਸ਼ੀਨਾਂ ‘ਤੇ ਹੋਈਆਂ ਲੁੱਟਾਂ ਦੀ ਲੜੀ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਚਾਰਜ ਕੀਤਾ ਹੈ। ਪੁਲਿਸ ਜਾਂਚ ਅਨੁਸਾਰ ਦੋਸ਼ੀਆਂ ਵੱਲੋਂ ਕੁੱਲ 27 ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿੱਚੋਂ ਲਗਭਗ 3 ਲੱਖ ਪੌਂਡ ਦੀ ਨਕਦੀ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਮੁਤਾਬਕ ਚਾਰਜ ਕੀਤੇ ਗਏ ਦੋਸ਼ੀਆਂ ਦੀ ਪਛਾਣ ਡੇਵਿਡ ਪ੍ਰਾਈਸ (43), ਐਡਮ ਵਾਕਰ (38) ਅਤੇ ਜੋਆਨ ਮੈਕਗ੍ਰੇਗਰ (40) ਵਜੋਂ ਹੋਈ ਹੈ, ਜੋ ਤਿੰਨੇ ਵੁਲਵਰਹੈਂਪਟਨ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ। ਦੋਸ਼ੀਆਂ ‘ਤੇ ਏਟੀਐਮ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਉਣ, ਸਾਜ਼ਿਸ਼ ਤਹਿਤ ਚੋਰੀ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਸ਼ੀ ਰਾਤ ਦੇ ਸਮੇਂ ਯੋਜਨਾ ਬੱਧ ਢੰਗ ਨਾਲ ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਭਾਰੀ ਸਾਜ਼ੋ-ਸਾਮਾਨ ਦੀ ਵਰਤੋਂ ਕਰ ਕੇ ਮਸ਼ੀਨਾਂ ਤੋੜੀਆਂ ਜਾਂਦੀਆਂ ਸਨ। ਕਈ ਥਾਵਾਂ ‘ਤੇ ਬੈਂਕ ਸ਼ਾਖਾਵਾਂ ਅਤੇ ਨੇੜਲੇ ਦੁਕਾਨਦਾਰਾਂ ਨੂੰ ਵੀ ਨੁਕਸਾਨ ਹੋਇਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗਿਰੋਹ ਦੀ ਸਰਗਰਮੀ ਕਾਰਨ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਮਾਮਲੇ ਸਬੰਧੀ ਹੋਰ ਵੀ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਨਾਲ ਜੁੜੀ ਹੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



