ਭਾਗ ਪਹਿਲਾ
(ਸਮਾਜ ਵੀਕਲੀ) ਰਾਣੋ ਦੀ ਮਾਂ ਘਰ ਦੇ ਵਿਹੜੇ ਵਿੱਚ ਪੱਖੀਆਂ ਨੂੰ ਝਾਲਰ ਲਗਾ ਰਹੀ ਹੈ। ਰਾਣੋ ਸਕੂਲੋਂ ਆਉਂਦੀ ਹੈ ਅਤੇ ਮੰਜੇ ਉੁੱਪਰ ਆਪਣਾ ਬਸਤਾ ਰੱਖ ਮਾਂ ਨਾਲ ਲਿਪਟ ਜਾਂਦੀ ਹੈ, “ਆ ਗਿਆ ਮੇਰਾ ਪੁੱਤ ਪੜ੍ਹਕੇ” ਰਾਣੋ ਦੀ ਮਾਂ ਕਹਿੰਦੀ ਹੈ। “ਹਾਂ ਮਾਂ ਆ ਗਈ, ਪਰ ਤੁਸੀਂ ਇਹ ਕੀ ਕਰ ਰਹੇ ਓ”। ਪੁੱਤ ਪੱਖੀਆਂ ਨੂੰ ਝਾਲਰ ਲਗਾ ਰਹੀ ਆ, ਤੇਰੇ ਲਈ ਦਾਜ ਤਿਆਰ ਕਰ ਰਹੀ ਆ, ਆਖਿਰ ਇੱਕ ਦਿਨ ਤੇਰਾ ਵਿਆਹ ਕਰਨਾ ਹੈ ਤੈਨੂੰ ਬਲਾ ਨੂੰ ਆਪਣੇ ਸਿਰੋਂ ਲਾਹ ਸੁੱਟਣਾ ਹੈ” ਰਾਣੋ ਦੀ ਮਾਂ ਮਸਕਰੀ ਕਰਦੀ ਹੋਈ ਬੋਲਦੀ ਹੈ।”। ਨਹੀਂ ਮਾਂ ਮੈਂ ਨਹੀਂ ਵਿਆਹ ਕਰਾਉਂਣਾ, ਮੈਂ ਤਾਂ ਅਜੇ ਪੜ੍ਹ ਲਿਖਕੇ ਕੁੱਝ ਬਨਣਾ, ਆਪਣੇ ਅਤੇ ਤੁਹਾਡੇ ਸੁਪਨੇ ਪੂਰੇ ਕਰਨੇ ਨੇ। ਰਾਣੋ ਦੀ ਮਾਂ ਰਾਣੋ ਦਾ ਮੱਥਾ ਚੁੰਮਦੀ ਹੈ ਅਤੇ ਕਹਿੰਦੀ ਹੈ ਹਾਂ ਪੁੱਤ ਮੈਂ ਤੈਨੂੰ ਪੜ੍ਹਾ ਲਿਖਾ ਕੇ ਵੱਡਾ ਅਫ਼ਸਰ ਬਨਾਉਣਾ। ਰਾਣੋ ਮਾਂ ਹੱਥੋਂ ਪੱਖੀ ਖਿੱਚ ਪਾਸੇ ਰੱਖਦੀ ਹੈ ਅਤੇ ਮਾਂ ਦੀ ਗੋਦ ਵਿੱਚ ਆਪਣਾ ਸਿਰ ਰੱਖ ਲੇਟ ਜਾਂਦੀ ਹੈ। ਰਾਣੋ ਆਪਣੇ ਮਾਤਾ ਪਿਤਾ ਦੀ ਇੱਕਲੌਤੀ ਧੀ ਹੈ। ਜਿਸ ਕਰਕੇ ਸਾਰੇ ਉਸਨੂੰ ਬਹੁਤ ਲਾਡ ਪਿਆਰ ਕਰਦੇ ਹਨ। ਰਾਣੋ ਇੱਕ ਬਹੁਤ ਹੀ ਸੁਨੱਖੀ ਮੁਟਿਆਰ ਹੈ, ਜਿਸਦਾ ਰੰਗ ਗੋਰਾ ਨਾਛੋਰ ਮੂੰਹ, ਮੋਟੀਆਂ ਅੱਖਾਂ ਅਤੇ ਲੰਬੇ ਵਾਲ ਹਨ। ਰਾਣੋ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਹੁੰਦੀ ਹੈ ਅਤੇ ਹਰ ਸਾਲ ਆਪਣੀ ਕਲਾਸ ਵਿੱਚੋਂ ਸਭਨਾਂ ਨਾਲੋ ਚੰਗੇ ਅੰਕ ਪ੍ਰਾਪਤ ਕਰਦੀ ਹੈ।
ਰਾਣੋ ਆਪਣੇ ਸਕੂਲ ਦਾ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਮਾਂ ਨਾਲ ਘਰਦੇ ਨਿੱਕੇ- ਮੋਟੇ ਕੰਮ ਕਰਵਾ ਦਿੰਦੀ ਹੈ। ਰਾਣੋ ਦਾ ਸੁਭਾਅ ਸ਼ੁਰੂ ਤੋਂ ਹੀ ਹੱਸਮੁੱਖ ਹੈ ਅਤੇ ਉਹ ਹਰ ਸਮੇਂ ਆਪਣੇ ਘਰ ਵਿੱਚ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਅਤੇ ਮਸਤੀਆਂ ਨਾਲ ਸਭ ਦਾ ਦਿਲ ਪਰਚਾਈ ਰੱਖਦੀ ਹੈ। ਹੁਣ ਰਾਣੋ ਬਾਰਵੀਂ ਜਮਾਤ ਵਿੱਚੋਂ ਵਧੀਆ ਨੰਬਰਾਂ ਨਾਲ ਪਾਸ ਹੁੰਦੀ ਹੈ ਅਤੇ ਆਪਣੇ ਪਿੰਡ ਨਾਲ ਲੱਗਦੇ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਬੀ. ਏ ਵਿੱਚ ਦਾਖਲਾ ਲੈਂਦੀ ਹੈ। ਰਾਣੋ ਆਪਨੇ ਪਿੰਡੋ ਸ਼ਹਿਰ ਲਈ ਬੱਸ ਲੈਂਦੀ ਅਤੇ ਬੱਸ ਸਟੈਂਡ ਤੋਂ ਪੈਦਲ ਆਪਨੇ ਕਾਲਜ ਵੱਲ ਜਾਂਦੀ ਹੈ। ਰਾਣੋ ਦੇ ਛੇ ਮਹੀਨੇ ਕਾਲਜ ਵਿੱਚ ਬਹੁਤ ਵਧੀਆ ਲੰਘਦੇ ਹਨ ਅਤੇ ਰਾਣੋ ਆਪਣੀ ਜਿੰਦਗੀ ਵਿੱਚ ਬਹੁਤ ਖੁਸ਼ ਹੁੰਦੀ ਹੈ। ਅੱਜ ਰਾਣੋ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਕਾਲਜ ਵੱਲ ਨੂੰ ਆ ਰਹੀ ਹੁੰਦੀ ਹੈ ਅਚਾਨਕ ਹੀ ਉਸਦੇ ਸਾਹਮਣੇ ਇੱਕ ਗੱਡੀ ਰੁੱਕਦੀ ਹੈ ਅਤੇ ਉਸਨੂੰ ਜਬਰਦਸਤੀ ਚੁੱਕ ਗੱਡੀ ਵਿੱਚ ਸੁੱਟ ਲਿਆ ਜਾਂਦਾ ਹੈ ਅਤੇ ਕਿਸੇ ਸੁੰਨਸਾਨ ਜਗ੍ਹਾ ਲਿਜਾ ਉਸਦਾ ਰੇਪ ਕਰਦੇ ਹਨ ਅਤੇ ਦੁਬਾਰਾ ਵਾਪਿਸ ਉਸੇ ਥਾਂ ਸੁੱਟ ਜਾਂਦੇ ਹਨ। ਰਾਣੋ ਬਹੁਤ ਹੀ ਮਾੜੀ ਹਾਲਤ ਵਿੱਚ ਬੇਹੋਸ਼ ਸੜਕ ਕਿਨਾਰੇ ਪਈ ਦੇਖ ਕੁੱਝ ਲੋਕ ਉਸਦੇ ਦੁਆਲੇ ਇਕੱਠੇ ਹੋ ਜਾਂਦੇ ਹਨ ਅਤੇ ਉਸਨੂੰ ਹਸਪਤਾਲ ਦਾਖਲ ਕਰਵਾ ਦਿੰਦੇ ਹਨ। ਰਾਣੋ ਦਾ ਪਤਾ ਲੱਗਣ ਤੇ ਰਾਣੋ ਦਾ ਪਰਿਵਾਰ ਵੀ ਹਸਪਤਾਲ਼ ਪਹੁੰਚ ਜਾਂਦਾ ਹੈ ਜਿੱਥੇ ਰਾਣੋ ਦੀ ਹਾਲਤ ਬਹੁਤ ਗੰਭੀਰ ਹੁੰਦੀ ਹੈ। ਰਾਣੋ ਦੀ ਮਾਂ ਆਪਣੀ ਧੀ ਦੀ ਅਜਿਹੀ ਹਾਲਤ ਦੇਖ ਚੱਕਰ ਖਾ ਧਰਤੀ ਤੇ ਡਿੱਗ ਪੈਂਦੀ ਹੈ ਅਤੇ ਉੱਚੀ ਉੱਚੀ ਰੋਂਦੀ ਤੜਫ਼ਦੀ ਹੈ ਅਤੇ ਉਸਦੇ ਢਿੱਡੋਂ ਉਹਨਾਂ ਪਾਪੀਆ ਲਈ ਬਹੁਤ ਬਦ-ਦੁਆਵਾਂ ਨਿੱਕਲਦੀਆਂ ਹਨ। ਦੂਜੇ ਦਿਨ ਜਦੋਂ ਰਾਣੋ ਨੂੰ ਚੰਗੀ ਤਰ੍ਹਾਂ ਹੋਸ਼ ਆਉਂਦਾ ਹੈ ਤਾਂ ਰਾਣੋ ਆਪਣੀ ਮਾਂ ਦੇ ਗਲ ਲੱਗ ਕੇ ਬਹੁਤ ਰੋਂਦੀ ਹੈ ਅਤੇ ਥੋੜ੍ਹਾ ਥੋੜ੍ਹਾ ਸਦਮੇਂ ਵਿੱਚ ਚਲੀ ਜਾਂਦੀ ਹੈ। ਰਾਣੋ ਦੀ ਮਾਂ ਰਾਣੋ ਨੂੰ ਬਹੁਤ ਹੌਸਲਾ ਅਤੇ ਹਿੰਮਤ ਦਿੰਦੀ ਹੈ ਕੀ ਉਹ ਉਹਨਾ ਦਰਿੰਦਿਆਂ ਨੂੰ ਸਜ਼ਾ ਜਰੂਰ ਦਵਾਉਣਗੇ। ਰਾਣੋ ਦੀ ਮਾਂ ਅਤੇ ਪਿਤਾ ਉਹਨਾਂ ਖ਼ਿਲਾਫ਼ ਰਿਪੋਰਟ ਲਿਖਾਉਂਦੇ ਹਨ, ਪਰ ਪੁਲਿਸ ਓਹਨਾਂ ਨੂੰ ਲੱਭਣ ਵਿੱਚ ਅਸਮਰੱਥ ਰਹਿੰਦੀ ਹੈ ਅਤੇ ਰਾਣੋ ਦਾ ਪਰਿਵਾਰ ਟੁੱਟਕੇ ਸਬਰ ਦਾ ਘੁੱਟ ਭਰਕੇ ਬੈਠ ਜਾਂਦਾ ਹੈ। ਆਂਢ ਗੁਆਂਢ ਦੇ ਲੋਕ ਰਾਣੋ ਨਾਲ ਹੋਈ ਇਸ ਮਾੜੀ ਘਟਨਾ ਦਾ ਅਫ਼ਸੋਸ ਕਰਨ ਆਉਂਦੇ ਹਨ ਅਤੇ ਕੁੱਝ ਕਹਿੰਦੇ ਹਨ ਤੁਸੀਂ ਕੀ ਲੈਣਾ ਸੀ ਹੋਰ ਪੜ੍ਹਾ ਕੇ, ਬਾਰਵੀਂ ਕੱਢੀ ਵਿਆਹ ਕਰ ਦਿੰਦੇ ਅੱਜ ਆ ਦਿਨ ਤਾਂ ਨਾ ਦੇਖਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕ ਰਾਣੋ ਦੇ ਘਰ ਆ ਬੋਲਦੇ ਜਿਸਦਾ ਰਾਣੋ ਅਤੇ ਉਸਦੇ ਪਰਿਵਾਰ ਨੂੰ ਬਹੁਤ ਦੁੱਖ ਹੁੰਦਾ, ਸਾਰਾ ਦਿਨ ਹੱਸਣ ਖੇਡਣ ਵਾਲੀ ਰਾਣੋ ਹੁਣ ਗੁੰਮ ਸੁੰਮ ਜਹੀ ਰਹਿਣ ਲੱਗੀ ਸੀ ਨਾ ਢੰਗ ਨਾਲ ਕੁੱਝ ਖਾਂਦੀ ਪੀਦੀਂ ਨਾ ਸੌਂਦੀ, ਕੁੱਝ ਕ ਦਿਨਾਂ ਚ ਹੀ ਸੁੱਕ ਹੱਡੀਆਂ ਬਾਹਰ ਆ ਗਈਆ ਸੀ। ਕਦੀ-ਕਦੀ ਰਾਣੋ ਬਹੁਤ ਰੋਂਦੀ ਅਤੇ ਸੋਚਦੀ ਕੀ ਕਿਸੇ ਖੂਹ ਖਾਤੇ ਜਾ ਡੁੱਬ ਮਰੇ ਉਸਦੇ ਸਾਰੇ ਸੁਪਨੇ ਟੁੱਟ ਗਏ ਸੀ ਕਾਲਜ ਛੁੱਟ ਗਿਆ ਸੀ। ਰਾਣੋ ਦੀ ਮਾਂ ਆਪਣੀ ਧੀ ਦੀ ਹਾਲਤ ਦੇਖ ਬਹੁਤ ਤੜਫ਼ਦੀ ਪਰ ਖੁਦ ਚ ਹਿੰਮਤ ਭਰ ਰਾਣੋ ਨੂੰ ਹੌਸਲਾ ਦਿੰਦੀ ਉਸਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਪਰ ਰਾਣੋ ਦੇ ਦਿਲ ਵਿੱਚ ਉਸ ਘਟਨਾ ਨੇ ਘਰ ਕਰ ਲਿਆ ਸੀ, ਪਰ ਰਾਣੋ ਦੀ ਮਾਂ ਨੇ ਹਿੰਮਤ ਨਹੀਂ ਹਾਰੀ ਉਸਨੇ ਆਪਣੀ ਧੀ ਨੂੰ ਹੌਸਲਾ ਦਿੱਤਾ ਅਤੇ ਉਸਨੂੰ ਦੁਬਾਰਾ ਕਾਲਜ ਜਾਣ ਲਈ ਤਿਆਰ ਕੀਤਾ।
ਅੱਜ ਰਾਣੋ ਬਹੁਤ ਦਿਨਾਂ ਬਾਅਦ ਆਪਣੇ ਘਰੋਂ ਆਪਣੇ ਪਿਤਾ ਜੀ ਨਾਲ ਕਾਲਜ ਲਈ ਨਿੱਕਲੀ, ਉਸਨੂੰ ਇੰਝ ਲੱਗਦਾ ਸੀ ਜਿਵੇਂ ਸਾਰੇ ਲੋਕ ਉਸਨੂੰ ਹੀ ਤੱਕਦੇ ਹੋਣ। ਕਾਲਜ ਪਹੁੰਚਣ ਤੇ ਉਸਦੇ ਨਾਲ ਪੜ੍ਹਦੀਆਂ ਕੁੜੀਆਂ ਦੁਆਰਾ ਵੀ ਉਸਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ ਅਤੇ ਉਸ ਘਟਨਾ ਨੂੰ ਤਾਜ਼ਾ ਕੀਤਾ ਜਾਂਦਾ ਹੈਂ ਜਿਸ ਨਾਲ ਰਾਣੋ ਦੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ। ਰਾਣੋ ਦਾ ਸਾਰਾ ਦਿਨ ਕਾਲਜ ਵਿੱਚ ਸਹਿਮ ਵਿੱਚ ਲੰਘਦਾ ਹੈ ਅਤੇ ਉਸਦਾ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਜਾਂਦਾ ਜਿਸਦੇ ਕਾਰਨ ਰਾਣੋ ਫੇਰ ਹੌਸਲਾ ਹਾਰ ਜਾਂਦੀ ਹੈ ਤੇ ਕਾਲਜ ਜਾਣਾ ਬੰਦ ਕਰ ਦਿੰਦੀ ਹੈ।
ਕੁੱਝ ਸਾਲਾਂ ਬਾਅਦ ਰਾਣੋ ਦੇ ਪਿਤਾ ਨੇ ਰਾਣੋ ਲਈ ਰਿਸ਼ਤਾ ਦੇਖਿਆ, ਜਦੋਂ ਉਹਨਾਂ ਨੂੰ ਰਾਣੋ ਦੇ ਰੇਪ ਬਾਰੇ ਪਤਾ ਲੱਗਾ ਓਹਨਾਂ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸਤੋ ਬਾਅਦ ਜਿੰਨੇ ਵੀ ਚੰਗੇ ਰਿਸ਼ਤੇ ਦੇਖੇ ਹਰ ਕੋਈ ਰਾਣੋ ਦਾ ਅਤੀਤ ਜਾਣ ਉਸਦੇ ਨਾਲ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੰਦਾ, ਭਾਵੇਂ ਦਿਨ ਅਤੇ ਸਾਲ ਲੰਘ ਚੁੱਕੇ ਸੀ ਪਰ ਰਾਣੋ ਦਾ ਅਤੀਤ ਅੱਜ ਵੀ ਉਸਦੇ ਨਾਲ ਚੱਲ ਰਿਹਾ ਸੀ ਜਿਸਨੇ ਉਸਦੀਆਂ ਸਾਰੀਆਂ ਖੁਸ਼ੀਆਂ ਨੂੰ ਖਾ ਲਿਆ ਸੀ। ਰਾਣੋ ਦਿਨ – ਰਾਤ ਉਸ ਮਨਹੂਸ ਦਿਨ ਨੂੰ ਯਾਦ ਕਰਕੇ ਤੜਫ਼ਦੀ ਉਸਨੂੰ ਉਦੋਂ ਹੋਰ ਦੁੱਖ ਹੁੰਦਾ ਜਦੋਂ ਯਾਦ ਆਉਂਦਾ ਕੀ ਓਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ, ਓਹ ਰਾਕਸ਼ ਉਸਦੀ ਜ਼ਿੰਦਗੀ ਤਬਾ ਕਰ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਸਨ ਪਤਾ ਨਹੀਂ ਉਸਦੇ ਜਹੀਆਂ ਹੋਰ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਨਰਕ ਬਣਾ ਦੇਣਗੇ, ਰਾਣੋ ਦੇ ਅੰਦਰੋ ਇੱਕ ਲੰਬਾ ਹੌਂਕਾ ਨਿਕਲ਼ਦਾ ਹੈ ਅਤੇ ਆਪਣੀਆਂ ਅੱਖਾਂ ਵਿੱਚੋ ਹੰਝੂ ਪੂੰਝਦੀ ਸੌਣ ਲਈ ਲੇਟ ਜਾਂਦੀ ਹੈ।
ਸਵੇਰ ਦੇ ਨੌ ਵੱਜ ਚੁੱਕੇ ਸੀ ਸਾਜਰੇ ਛੇ ਵਜੇ ਉੱਠਣ ਵਾਲੀ ਰਾਣੋ ਅੱਜ ਬੇਫ਼ਿਕਰ ਸੌ ਰਹੀ ਸੀ, ਰਾਣੋ ਦੀ ਮਾਂ ਨੇ ਰਾਣੋ ਨੂੰ ਪਿਆਰ ਕਰਦੇ ਮੱਥੇ ਨੂੰ ਛੋਹਿਆ ਉਸਨੂੰ ਬਹੁਤ ਜਿਆਦਾ ਬੁਖ਼ਾਰ ਸੀ ਰਾਣੋ ਦਾ ਪੂਰਾ ਸਰੀਰ ਅੱਗ ਵਾਂਗ ਤਪ ਰਿਹਾ ਸੀ, ਰਾਣੋ ਦੀ ਮਾਂ ਨੇ ਰਾਣੋ ਦੇ ਪਿਤਾ ਨੂੰ ਜਲਦੀ ਡਾਕਟਰ ਲੈਕੇ ਆਉਣ ਲਈ ਕਿਹਾ ਅਤੇ ਆਪ ਰਾਣੋ ਦੇ ਮੱਥੇ ਠੰਢੇ ਪਾਣੀ ਦੀਆਂ ਪੱਟੀਆਂ ਕਰਨ ਲੱਗੀ। ਰਾਣੋ ਨੇ ਅੱਧ ਬੇਹੋਸ਼ੀ ਹਾਲਤ ਵਿੱਚ ਅੱਖਾਂ ਖੋਲ੍ਹੀਆਂ ਤੇ ਆਪਣੀ ਮਾਂ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕਿਹਾ “ਮਾਂ ਮੈਨੂੰ ਸਮਝ ਨਹੀਂ ਆ ਰਿਹਾ ਮੇਰਾ ਕਸੂਰ ਕੀ ਏ, ਜੋ ਮੇਰੇ ਨਾਲ ਹੋਇਆ ਉਸ ‘ਚ ਮੇਰਾ ਕੀ ਦੋਸ਼ ਏ ਇੱਕ ਤਾਂ ਮੇਰੇ ਨਾਲ ਓਹਨਾ ਦਰਿੰਦਿਆਂ ਗਲਤ ਕੀਤਾ ਤੇ ਦੂਜਾ ਸਮਾਜ ਨੇ।……. (ਚੱਲਦਾ)
ਮਨਪ੍ਰੀਤ ਕੌਰ
ਪਿੰਡ: ਬਖਸ਼ੀਵਾਲਾ, ਜਿਲ੍ਹਾ ਸੰਗਰੂਰ।
ਮੋ. ਨੰ. 84271-35578
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



