HOME ਨਿੱਕੀ ਕਹਾਣੀਂ- ਇੱਕ ਗੈਰ ਜ਼ਿੰਮੇਵਾਰ ਆਦਮੀ 

ਨਿੱਕੀ ਕਹਾਣੀਂ- ਇੱਕ ਗੈਰ ਜ਼ਿੰਮੇਵਾਰ ਆਦਮੀ 

ਸੁਖਜੀਵਨ ਕੌਰ ਮਾਨ
ਸੁਖਜੀਵਨ ਕੌਰ ਮਾਨ
  (ਸਮਾਜ ਵੀਕਲੀ)   “ਸੁਖਦੀਪ ਤੈਨੂੰ ਕਿੰਨੀ ਵਾਰ ਕਿਹਾ ਬਈ ਮਗਰ ਫੋਨ ਨਾ ਕਰਿਆ ਕਰ। ਮੈਨੂੰ ਪਤਾ ਈ ਏ ਮੈਂ ਘਰ ਆਉਣਾ। ਬੱਚਾ ਨੀਂ ਹੈਗਾ ਮੈਂ।”ਐਨੀ ਗੱਲ ਬੋਲਦਿਆਂ, ਬਿਨਾ ਹੈਲੋ,ਹਾਏ ਕਹੇ ਸੁਣੇ ਮੈਂ ਫੋਨ ਕੱਟ ਦਿੱਤਾ।ਦਸ ਕੁ ਮਿਘਟ ਬਾਅਦ ਫਿਰ ਫੋਨ ਦੀ ਬੈੱਲ ਵੱਜੀ,ਨੰਬਰ ਸੁਖਦੀਪ ਦਾ ਹੀ ਸੀ। ਮਹਿਫ਼ਿਲ ਪੂਰੀ ਜੰਮੀ ਹੋਈ ਸੀ।ਮੈਂ ਖਿੱਝ ਕੇ ਫ਼ੋਨ ਬੰਦ ਕਰਕੇ ਜੇਬ ਵਿੱਚ ਪਾ ਲਿਆ। ਰਾਤ ਦੇ ਦਸ ਕੁ ਵਜੇ ਹੋਲੀ ਹੋਲੀ ਸਾਰੇ ਦੋਸਤ ਇੱਕ ਇੱਕ ਕਰਕੇ ਚਲੇ ਗ‌ਏ। ਮੈਂ ਵੀ ਨਸ਼ੇ ਦੀ ਲੋਰ ਵਿੱਚ ਹੀ ਗੱਡੀ ਸਟਾਰਟ ਕੀਤੀ। ਘਰ ਪਹੁੰਚਿਆ,ਬਾਪੂ ਜੀ ਗੇਟ ਦੇ ਬਾਹਰ ਹੀ ਘੁੰਮਦੇ ਦਿਸੇ।ਬਾਪੂ ਜੀ  ਨਜ਼ਰ ਕਮਜ਼ੋਰ ਹੋਣ ਕਰਕੇ, ਹੱਥ ਨਾਲ ਟੋਂਹਦੇ ਗੱਡੀ ਦੀ ਤਾਕੀ ਤੱਕ ਪੁੱਜੇ। ਘਬਰਾਈ ਆਵਾਜ਼ ਵਿੱਚ ਬੋਲੇ,”ਪੁੱਤ, ਸੁਖਦੀਪ ਨੂੰ ਪਤਾ ਨਹੀਂ ਕੀ ਹੋ ਗਿਆ।ਰੋਟੀ ਬਣਾਉਂਦੀ ਡਿੱਗ ਪਈ।ਕਾਕਾ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਗਿਆ।” ਗੱਲ ਸੁਣਦੇ ਹੀ ਅੱਧਾ ਕੁ ਨਸ਼ਾ ਤਾਂ ਲਹਿ ਗਿਆ। ਮੈਂ ਬਾਪੂ ਨੂੰ ਧਰਵਾਸ ਦਿੰਦਿਆਂ,ਜੇਬ ਵਿੱਚੋਂ ਫ਼ੋਨ ਕੱਢ ਦੁਬਾਰਾ ਚਾਲੂ ਕਰਿਆ।ਹਾਲੇ ਸੁਖਦੀਪ ਦਾ ਨੰਬਰ ਮਿਲਾਉਣ ਹੀ ਲੱਗਾ ਸੀ ਕਿ ਰੌਲਾ ਪਾਉਂਦੀ ਐਂਬੂਲੈਂਸ ਬੂਹੇ ਮੂਹਰੇ ਆ ਰੁਕੀ।ਤਾਕੀ ਖੁਲਦੀ ਸਾਰ ਹੀ ਕਾਕਾ ਭੱਜ ਕੇ ਬਾਪੂ ਦੇ ਗ਼ਲ ਲੱਗ ਧਾਹਾਂ ਮਾਰਨ ਲੱਗਿਆ।ਭਾਣਾ ਵਰਤ ਗਿਆ ਸੀ।ਸਾਰੀ ਪੀਤੀ ਲਹਿ ਗਈ ।ਪਲੋ ਪਲੀ ਸਾਰਾ ਪਿੰਡ ਕੱਠਾ ਹੋ ਗਿਆ। ਸਵੇਰ ਤੱਕ ਸਾਰੇ ਰਿਸ਼ਤੇਦਾਰ, ਫਿਰ ਸੰਸਕਾਰ, ਫਿਰ ਭੋਗ-ਪਤਾ ਹੀ ਨਹੀਂ ਚੱਲਿਆ ਕਦੋਂ ਸਾਰਾ ਕੁਝ ਸਮੇਟਿਆ ਗਿਆ ਤੇ ਨਾਲ ਹੀ ਸਮੇਟਿਆ ਗਿਆ-ਘਰ ਦਾ ਖੇੜਾ, ਸਕੂਨ ਤੇ ਰੌਣਕ। ਬਾਪੂ ਦੀ ਅੱਖਾਂ ਦੀ ਲੋਅ ਘੱਟ ਹੋਣ ਕਰਕੇ, ਬੜਾ ਭਾਜੀ ਉਨ੍ਹਾਂ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ,ਖੁੰਡੇ ਬੰਨੀ ਮੱਝ, ਜਿਹਨੂੰ ਸੁਖਦੀਪ ਹੀ ਸਾਂਭਦੀ ਸੀ, ਕਿਸੇ ਰਿਸ਼ਤੇਦਾਰ ਨੂੰ ਦੇ ਦਿੱਤੀ,ਸੋ ਖੁੰਡਾ ਵੀ ਖ਼ਾਲੀ ਹੋ ਗਿਆ।ਕਾਕਾ ਹਾਲੇ ਸਿਰਫ਼ ਬਾਰਾਂ ਕੁ ਸਾਲ ਦਾ ਸੀ,ਸਾਂਭ ਸੰਭਾਲ ਲਈ ਨਾਨੀ ਨਾਲ਼ ਹੋ ਤੁਰਿਆ-ਪਰ ਜਾਂਦਾ ਜਾਂਦਾ ਬੋਲ ਗਿਆ,”ਤੁਸੀਂ ਮਾਰਿਆ ਮੇਰੀ ਮੰਮੀ ਨੂੰ, ਮੈਂ ਐਨੀ ਵਾਰ ਫੋਨ ਕੀਤਾ, ਪਰ ਤੁਸੀਂ ਫੋਨ ਬੰਦ ਕਰ ਲਿਆ।ਸ਼ਰਾਬਾਂ ਪੀਂਦੇ ਰਹੇ। ਡਾਕਟਰ ਕਹਿੰਦਾ ਸੀ ਜੇ ਅੱਧਾ ਕੁ ਘੰਟਾ ਪਹਿਲਾਂ ਲੈ ਆਉਂਦੇ ਤਾਂ ਮੰਮੀ ਨੇ ਬਚ ਜਾਣਾ ਸੀ, ਪਰ ਤੁਸੀਂ,,,,,,,”ਐਨੀ ਗੱਲ ਬੋਲਦਿਆਂ ਉਹ ਧਾਹੀ ਰੋ ਪਿਆ। ਮੇਰੇ ਵਿੱਚ ਐਨੀ ਵੀ ਹਿੰਮਤ ਨਹੀਂ ਸੀ ਕਿ ਉਹਨੂੰ ਘੁੱਟ ਕੇ ਜੱਫੀ ਪਾ ਲੈਂਦਾ।ਦੋਸ਼ੀ ਤਾਂ ਮੈਂ ਖੁਦ ਨੂੰ ਪਹਿਲਾਂ ਹੀ ਮੰਨਦਾ ਸੀ, ਮੂੰਹ ਲਕੋਂਦਾ ਫਿਰਦਾ ਸੀ।ਪਰ ਪੁੱਤ ਮੂੰਹੋਂ ਇਹ ਬੋਲ ਸੁਣ ਕੇ ਲੱਗਿਆ, ਜਿਵੇਂ ਸਜ਼ਾ ਵੀ ਮਿਲ ਗਈ ਹੋਵੇ। ਮੈਨੂੰ ਲੱਗਦਾ ਸੀ, ਘਰ ਸਿਰਫ ਮੈਂ ਸਾਂਭਿਆ ਹੋਇਆ।ਮੈਂ ਚਲਾ ਰਿਹਾਂ। ਪਰ ਅੱਜ ਪਤਾ ਲੱਗਾ ਅਸਲੀਅਤ ਦਾ।ਘਰ ਤੀਵੀਂ ਆਦਮੀ ਦੋਨਾਂ ਜੀਆਂ ਨਾਲ ਚੱਲਦਾ ਹੈ।ਪਰ ਮੇਰੇ ਵਰਗੇ ਕ‌ਈ ਸਾਰਾ ਕੁਝ ਗੁਆ ਕੇ ਹੀ ਇਹ ਅਸਲੀਅਤ ਸਮਝਦੇ ਨੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੌਧਰੀ ਦਰਸ਼ਨ ਲਾਲ ਸੇਠੀ ਸ਼ੀਸ਼ੇਵਾਲੇ ਬਾਗੋਵਾਲ ਬਣੇ ਜਿਲ੍ਹਾਂ ਕਾਂਗਰਸ ਕਮੇਟੀ ਦੇ ਸਕੱਤਰ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਸੌਪਿਆ ਨਿਯੁਕਤੀ ਪੱਤਰ, ਪਾਰਟੀ ਹਾਈਕਮਾਂਡ ਦਾ ਕੀਤਾ ਤਹਿ ਦਿਲੋਂ ਧੰਨਵਾਦ
Next articleक्या मंदिर बना कर देश के जख्मों को भरा जा सकता है?