(ਸਮਾਜ ਵੀਕਲੀ)
“ਪੁੱਤ ਆ, ਦਲਬੀਰੇ ਦੀ ਬਹੂ ਕਿਵੇਂ ਆਈ ਸੀ” ਗੁਰਮੀਤ ਕੌਰ ਨੇ ਨੂੰਹ ਨੂੰ ਪੁੱਛਿਆ।
“ਮੰਮੀ ਜੀ, ਬਸ ਐਵੇ ਈ ਆਈ ਸੀ” ਨੂੰਹ ਬੋਲੀ।
“ਐਵੇਂ ਕਾਹਨੂੰ ਪੁੱਤ ਏਹ ਕਿਸੇ ਕੰਨੀਂ ਜਾਂਦੀ ਆਂ। ਘਰ ਪੱਟ ਜਨਾਨੀ ਆ, ਦੇਖ ਪੁੱਤ ਤੂੰ ਇਹਨੂੰ ਬਾਹਲਾ ਮੂੰਹ ਨਾ ਲਾਈ” ਗੁਰਮੀਤ ਨੇ ਖਰੀ ਗੱਲ ਈ ਨੂੰਹ ਨੂੰ ਕਹਿ ਦਿੱਤੀ।
“ਨਹੀਂ, ਮੰਮੀ ਵਧੀਆ ਗੱਲਾਂ ਕਰਦੇ ਸੀ”
“ਤੂੰ ਪੁੱਤ ਅਜੇ ਨਿਆਣੀ ਆ, ਅਸੀਂ ਉਮਰਾਂ ਹੰਢਾਈ ਆ, ਫੇਰ ਪੁੱਤ ਮੈਨੂੰ ਇਥੇ ਆਈ ਨੂੰ ਤੀਹ ਸਾਲ ਹੋਗੇ, ਤੈਨੂੰ ਅਜੇ ਛੇ ਮਹੀਨੇ ਨਹੀਂ ਹੋਏ ਐ ਤਾਂ ਤੈਨੂੰ ਵੀ ਹੌਲੀ-ਹੌਲੀ ਹਿਸਾਬ ਜਿਹਾ ਆਜੂ, ਕੀਹਦੇ ਕੋਲ ਬਹਿਣਾ, ਕੀਹਦੀ ਗੱਲ ਸੁਣਨੀ ਕਿਹੜਾ ਕਿਵੇਂ ਦੇ ਸੁਭਾਅ ਦਾ ਪਰ ਦੱਸਣਾ ਮੇਰਾ ਫ਼ਰਜ਼ ਸੀ, ਅਗਾਂਹ ਭਾਈ ਦਿਮਾਗ ਤੁਸੀਂ ਆਪਣਾ ਵਰਤਣਾ” ਗੁਰਮੀਤ ਕੋਰ ਨੇ ਨੂੰਹ ਨੂੰ ਸਾਰੀ ਗੱਲ ਸਮਝਾਉਣੀ ਚਾਹੀ।
“ਚੱਲ ਮੇਰੀ ਧੀ ਰਾਣੀ, ਐ ਤਾਂ ਤੂੰ ਪੜ੍ਹੀ ਲਿਖੀ ਆ, ਹੁਣ ਐ ਕਰ ਮੈਂ ਵੀ ਥੱਕੀ ਪਈ ਆ, ਢੂਈ ਵੀ ਦੱੁਖਦੀ ਪਈ ਜੈ ਖਾਣੀ ਦੀ ਘੁੱਟ ਚਾਹ ਈ ਕਰ ਲਿਆ। ਫਿਰ ਚਾਹ ਘੁੱਟ ਪੀ ਕੇ, ਬਿੰਦ ਆਰਾਮ ਕਰ ਲੂ, ਆਪਣੇ ਕੰਮ ਮੈਂ ਕਰਲੂ, ਤੁਸੀਂ ਆਪਣੀ ਚਾਚੀ ਕੰਨੀ ਜਾਂ ਆਇਉ।”
“ਭੈਣ ਜੀ ਯਾਦ ਕਰਦੀ ਸੀ। ਅੱਜ ਮਿਲੀ ਸੀ ਨੰਬਰਦਾਰਾਂ ਦੇ ਭੋਗ ’ਤੇ ਕਹਿੰਦੀ ਛੋਟੇ ’ਤੇ ਉਹਦੀ ਬਹੂ ਨੂੰ ਕਹੀ ਮਿਲ ਜਾਣ। ਕਾਫ਼ੀ ਟਾਈਮ ਤੋਂ ਇਧਰ ਕਦੀ ਆਏ ਈ ਨਹੀਂ, ਰੋਟੀ ਵੀ ਕਹਿੰਦੀ ਸੀ ਖਵਾ ਕੇ ਈ ਭੇਜੂ।” ਨੂੰਹ ਰੀਤ ਚਾਹ ਦੇ ਕੇ ਸ਼ਾਮ ਨੂੰ ਜਾਣ ਦੀ ਤਿਆਰੀ ਕਰਨ ਲੱਗੀ।
ਗੁਰਮੀਤ ਨੇ ਰੀਤ ਨੂੰ ਕੁੱਝ ਪੈਸੇ ਆਣ ਫੜਾਏ ਤੇ ਕਿਹਾ, “ਪੁੱਤ ਆ ਚਾਚੀ ਤੇਰੀ ਦੇ ਪੋਤੇ ਪੋਤੀ ਨੂੰ ਦੇ ਆਈ।”
“ਠੀਕ ਮੰਮੀ ਜੀ”
ਰੀਤ ਤੇ ਉਸਦਾ ਪਤੀ ਚਾਚੀ ਘਰ ਚਲੇ ਗਏ। ਗੁਰਮੀਤ ਕੌਰ ਕੰਮਕਾਰ ਕਰਕੇ ਸੋਚਦੀ ਰਹੀ, ‘ਨੂੰਹ ਨੂੰ ਕਿੱਦਾਂ ਸਮਝਾਵਾਂ ਕਿ ਦਲਬੀਰੇ ਦੀ ਬਹੂ ਤੋਂ ਦੂਰ ਰਹਿਣਾ। ਉਹਨੇ ਤਾਂ ਘਰ ਪੱਟ ਲਿਆ, ਇਹਨੂੰ ਵੀ ਇਹੋ ਜਿਹੀ ਮੱਤ ਈ ਦੇਉ।’
ਰੀਤ ਤੇ ਉਸਦਾ ਪਤੀ ਰਾਤ ਲੇਟ ਘਰ ਆਏ ਤਾਂ ਰੀਤ ਗੁਰਮੀਤ ਕੌਰ ਕੋਲ ਬੈਠ ਗਈ। ਗੁਰਮੀਤ ਕੌਰ ਆਖਦੀ “ਕਿਵੇਂ ਖੁਸ਼ ਚਾਚੀ ਵੱਲ ਜਾ ਕੇ?”
ਰੀਤ ਆਖਦੀ, “ਮੰਮੀ ਤੁਸੀਂ ਤੇ ਚਾਚੀ ਕਾਫ਼ੀ ਸਾਲ ਇਕੱਠੇ ਰਹੇ ਹੋ। ਤੁਸੀਂ ਤਾਂ ਜਮ੍ਹਾਂ ਇਕੋ ਜਿਹਾ ਸੋਚਦੇ।”
ਗੁਰਮੀਤ ਹੱਸ ਪਈ, “ਆਹੋ ਪੁੱਤ ਵੱਡੇ ਜਵਾਕ ਵਿਆਹ ਕੇ ਵੱਖਰੇ ਹੋਏ ਆ, ਉਹਦਾ ਮੁੰਡਾ ਕਹਿੰਦਾ ਮੈਂ ਬਾਹਰ ਕੋਠੀ ਪਾਉਣੀ, ਇਥੇ ਥਾਂ ਦੀ ਕੁੱਝ ਥੋੜ੍ਹ ਸੀ ਤਾਂ ਬਾਹਰ ਉਠਗੇ, ਊ ਚੱਲ ਹੁਣ ਵੀ ਸੋਹਣੀ ਨਿਭੀ ਜਾਂਦੀ ਆ।”
“ਮੰਮੀ! ਮੈਂ ਚਾਚੀ ਕੋਲ ਗੱਲ ਕਰ ਬੈਠੀ ਦਲਬੀਰੇ ਦੀ ਬਹੂ ਆਈ ਸੀ। ਚਾਚੀ ਨੇ ਮੈਨੂੰ ਇਕ ਕਹਾਣੀ ਸੁਣਾ ਦਿੱਤੀ। ਚਾਚੀ ਕਹਿੰਦੀ ਇਕ ਵਾਰ ਇੱਕ ਔਰਤ ਕੋਲ ਮੱਝ ਸੀ ਤੇ ਇਕ ਕੋਲ ਬੱਕਰੀ ਸੀ, ਮੱਝ ਵਾਲੀ ਨੇ ਬੱਕਰੀ ਵਾਲੀ ਕੋਲੋਂ ਘਿਉ ਉਧਾਰ ਲਿਆ ਤੇ ਮੁਕਰ ਗਈ। ਉਨ੍ਹਾਂ ਦਾ ਝਗੜਾ ਰਾਜੇ ਕੋਲ ਪਹੁੰਚ ਗਿਆ ਤੇ ਰਾਜੇ ਨੇ ਨਿਆਂ ਕਰਨ ਲਈ ਦੋਨਾਂ ਨੂੰ ਦੋ-ਦੋ ਲੀਟਰ ਪਾਣੀ ਦੇ ਦਿੱਤਾ ਤੇ ਨਹਾ ਕੇ ਆਉਣ ਦਾ ਆਦੇਸ਼ ਦਿੱਤਾ। ਮੱਝ ਵਾਲੀ ਪਹਿਲਾਂ ਨਹਾ ਆਈ ਤੇ ਬੱਕਰੀ ਵਾਲੀ ਉਸ ਤੋਂ ਥੋੜ੍ਹਾ ਪਿਛੋਂ ਆਈ। ਰਾਜੇ ਨੇ ਦੋਵਾਂ ਨੂੰ ਦੇਖਿਆ ਤੇ ਫ਼ੈਸਲਾ ਬੱਕਰੀ ਵਾਲੀ ਦੇ ਹੱਕ ’ਚ ਸੁਣਾ ਦਿੱਤਾ। ਮੱਝ ਵਾਲੀ ਆਖੇ, “ਇਸ ਕੋਲ ਬੱਕਰੀ, ਮੇਰੇ ਕੋਲ ਮੱਝ। ਮੈਂ ਇਸ ਤੋਂ ਘਿਉ ਕਿਉਂ ਲਊ?”
“ਰਾਜੇ ਨੇ ਕਿਹਾ, ਤੂੰ ਘਿਉ ਲਿਆ ਏ ਕਿਉਂਕਿ ਤੁਹਾਨੂੰ ਦੋਵਾਂ ਨੂੰ ਇਕੋ ਜਿਹਾ ਪਾਣੀ ਦਿੱਤਾ, ਤੇਰੀਆਂ ਅੱਡੀਆਂ ਨਹੀਂ ਧੋਤੀਆਂ ਹੋਈਆਂ ਤੇ ਉਹ ਨਹਾ ਕੇ ਕੁੱਝ ਪਾਣੀ ਬਚਾ ਵੀ ਲਿਆਈ, ਇਸ ਲਈ ਤੂੰ ਮੱਝ ਹੋਣ ਦੇ ਬਾਵਜੂਦ ਵੀ ਨਹੀਂ ਜੋੜ ਸਕਦੀ ਪਰ ਉਹ ਬੱਕਰੀ ਨਾਲ ਵੀ ਘਿਉ ਜੋੜ ਸਕਦੀ ਏ ਕਿਉਂਕਿ ਉਸਨੂੰ ਸੁਚੱਜ ਏ।”
ਗੁਰਮੀਤ ਨੇ ਰੱਬ ਦਾ ਸ਼ੁਕਰ ਕੀਤਾ ਤੇ ਦਰਾਣੀ ਦਾ ਵੀ, ਜਿਸਨੇ ਕਹਾਣੀ ਦੇ ਰੂਪ ’ਚ ਬਹੁਤ ਵੱਡੀ ਮੱਤ ਰੀਤ ਨੂੰ ਦੇ ਭੇਜੀ ਸੀ।
ਰੀਤ ਨੇ ਕਿਹਾ, “ਮੰਮੀ ਮੈਨੂੰ ਸਮਝ ਨਹੀਂ ਆ ਰਿਹਾ, ਚਾਚੀ ਨੇ ਮੈਨੂੰ ਇਹ ਕਹਾਣੀ ਕਿਉਂ ਸੁਣਾਈ?”
“ਪੁੱਤ ਰਾਤ ਕਾਫ਼ੀ ਹੋ ਗਈ ਏ, ਤੁਸੀਂ ਸੋ ਜਾਉ, ਮੈਂ ਤੈਨੂੰ ਕੱਲ੍ਹ ਸਾਰੀ ਗੱਲ ਸਮਝਾਵਾਂਗੀ ਪਰ ਤੂੰ ਕੁੱਝ ਵੀ ਸੋਚਣਾ ਨਹੀਂ।”
“ਠੀਕ ਏ, ਮੰਮੀ ਜੀ।”
ਸਵੇਰ ਹੁੰਦਿਆਂ ਈ, ਰੀਤ ਚਾਹ ਬਣਾ ਕੇ ਗੁਰਮੀਤ ਕੋਲ ਲੈ ਆਈ ਤੇ ਸਾਰੀ ਗੱਲ ਸਮਝਾਉਣ ਲਈ ਕਿਹਾ, ਰੀਤ ਨੂੰ ਬਾਹਲੀ ਕਾਹਲੀ ਸੀ, ਗੱਲ ਸੁਣਨ ਦੀ।
ਗੁਰਮੀਤ ਬੋਲੀ, “ਸੁਣ ਧੀਏ! ਆ ਦਲਬੀਰੇ ਦੀ ਬਹੁ ਕਾਟੋ ਤੇ ਇਸਦੀ ਵੱਡੀ ਭੈਣ ਮਾਟੋ ਦਰਾਣੀ ਜਠਾਣੀ ਨੇ। ਉਹ ਵੱਡੀ ਏ, ਰੱਜ ਕੇ ਸੁਚੱਜੀ, ਉਹਨੂੰ ਵੇਖ ਕੇ ਇਹਦਾ ਰਿਸ਼ਤਾ ਲੈ ਲਿਆ ਪਰ ਇਹ ਤਾਂ ਜਮ੍ਹਾਂ ਉਹਦੇ ਨਾਲ ਨਹੀਂ ਰਲਦੀ।”
ਗੁਰਮੀਤ ਦੇ ਸਾਰਾ ਕੁੱਝ ਅੱਖਾਂ ਅੱਗੇ ਘੁੰਮਣ ਲੱਗਾ।
“ਨਵੀਂ ਆਈ ਮਾਟੋ, ਸਭ ਨੂੰ ਜੀ-ਜੀ ਕਰਦੀ ਤੇ ਘਰ ਦੇ ਕੰਮ ਭੱਜ-ਭੱਜ ਕਰਦੀ, ਪੜ੍ਹੀ ਵੀ ਬਥੇਰਾ ਸੀ ਪਰ ਨੌਕਰੀ ਨਹੀਂ ਕੀਤੀ। ਘਰਵਾਲਾ ਨੌਕਰੀ ਤੋਂ ਆਉਂਦਾ ਤਾਂ ਪੁੱਛਦੀ, ਤੁਸੀਂ ਕਪੜੇ ਬਦਲੋ ਮੈਂ ਪਾਣੀ ਲੈ ਕੇ ਆਈ, ਪਾਣੀ ਦੇ ਪੁੱਛ ਜਾਂਦੀ ਕਿ ਕੀ ਖਾਓਗੇ, ਟਿਫ਼ਨ ਫੜ੍ਹ ਆਖਦੀ, ਤੁਸੀਂ ਰੋਟੀ ਖਾ ਲਈ ਸੀ। ਹਾਂ ਆਖਦਾ ਤਾਂ ਚਾਹ ਲੈ ਆਉਂਦੀ, ਨਹੀਂ ਤਾਂ ਰੋਟੀ ਜਾਂ ਕੁੱਝ ਹੋਰ ਬਣਾ ਲੈਂਦੀ। ਫਿਰ ਆਰਾਮ ਨਾਲ ਪੁੱਛਦੀ, ਤੁਹਾਡਾ ਦਿਨ ਕਿਵੇਂ ਰਿਹਾ? ਫਿਰ ਉਸਨੂੰ ਥੋੜ੍ਹਾ ਆਰਾਮ ਕਰਨ ਦਾ ਕਹਿ ਕੰਮਕਾਜ ’ਚ ਰੁੱਝ ਜਾਂਦੀ। ਜੇ ਕਿਤੇ ਘਰ ਉਨੀ-ਇੱਕੀ ਗੱਲ ਹੋ ਵੀ ਜਾਂਦੀ ਤਾਂ ਘਰਵਾਲੇ ਕੋਲ ਚੁਗਲੀ ਨਹੀਂ ਕਰਦੀ। ਘਰ ’ਚ ਕੀ ਸਾਮਾਨ ਚਾਹੀਦਾ, ਸਭ ਕਾਸੇ ਦਾ ਹਿਸਾਬ ਬਣਾ ਕੇ ਰੱਖਦੀ ਤੇ ਐਤਵਾਰ ਉਸਦਾ ਘਰ ਵਾਲਾ ਜਾ ਕੇ ਲੈ ਆਉਂਦਾ। ਉਹ ਫਾਲਤੂ ਕੁੱਝ ਨਹੀਂ ਖਰੀਦਦੀ ਸੀ। ਘਰ ਵਿੱਚ ਸ਼ਾਂਤੀ ਸੀ ਪਰ ਫਿਰ ਉਸਦੀ ਭੈਣ ਦਾ ਦੇਵਰ ਨੂੰ ਸਾਕ ਲੈ ਲਿਆ, ਇਸਨੇ ਆ ਕੇ ਖਲਾਰੇ ਪਾ ਦਿੱਤੇ। ਵੱਡਾ ਨੌਕਰੀ ’ਤੇ ਜਾਂਦਾ ਤਾਂ ਉਸਦੀ ਬਹੁ ਹੱਸ ਕੇ ਤੋਰਦੀ ਪਰ ਆ ਦਲਬੀਰੇ ਨੂੰ ਕਿੰਨਾ ਕੁੱਝ ਕਹਿ ਦਿੰਦੀ ਕਿ ਇਹ ਲੈ ਆਈ ਔਹ ਲੈ ਆਈ। ਫਿਰ ਵੀ ਪਿਛੋਂ ਫ਼ੋਨ ਕਰਕੇ ਕੁੱਝ ਨਾ ਕੁੱਝ ਦੱਸੀ ਜਾਣਾ। ਪਰ ਕਦੇ ਇਹ ਨੀ ਸੀ ਪੁੱਛਿਆ, ਖਾਣਾ ਖਾ ਲਿਆ। ਸ਼ਾਮ ਤੱਕ ਆਉਂਦਾ ਵਿਚਾਰਾ ਕਿੰਨਾ ਲਿਫ਼ਾਫ਼ੇ ਨਾਲ ਚੱਕੀ ਆਉਂਦਾ। ਵੱਡਾ ਆ ਕਾ ਆਰਾਮ ਵੀ ਕਰ ਲੈਂਦਾ ਪਰ ਉਹ ਸਾਮਾਨ ਖ਼ਰੀਦ ਕੇ ਦੇ ਜਾਂਦਾ, ਜਦ ਟਾਈਮ ਨਿਕਲਦਾ। ਆਉਂਦਿਆਂ ਫਿਰ ਮੂੰਹ ਬਣਿਆ ਹੁੰਦਾ, ਇਸ ਨੇ ਆਹ ਕਹਿ ਤਾਂ, ਉਸ ਨੇ ਔਹ। ਵਿਚਾਰਾ ਹੌਲੀ-ਹੌਲੀ ਪਰੇਸ਼ਾਨ ਰਹਿਣ ਲੱਗ ਗਿਆ ਤੇ ਫਿਰ ਦਾਰੂ ਪੀਣ ਲੱਗ ਗਿਆ। ਹੌਲੀ-ਹੌਲੀ ਘਰ ਵੀ ਰੋਜ਼ ਨਹੀਂ ਆਉਂਦਾ ਸੀ ਤੇ ਅੰਤ ਨੌਕਰੀ ਵੀ ਜਾਂਦੀ ਰਹੀ। ਇਕ ਦਿਨ ਵਿਚਾਰਾ ਘਰ ਈ ਛੱਡ ਗਿਆ ਤੇ ਫਿਰ ਕਦੇ ਵਾਪਸ ਨਹੀਂ ਆਇਆ। ਉਸ ਦੇ ਕੁਚੱਜ ਨੇ ਘਰ ਬਰਬਾਦ ਕਰ ਦਿੱਤਾ।”
“ਪੱੁਤ ਤਾਂ ਈ ਤੈਨੂੰ ਉਸਨੂੰ ਜ਼ਿਆਦਾ ਮੂੰਹ ਨਾ ਲਾਉਣ ਲਈ ਕਿਹਾ ਸੀ, ਜਿਨ੍ਹਾਂ ਆਪਣੇ ਨਹੀਂ ਵਸਾਏ, ਬੇਗਾਨੇ ਵੀ ਪੱਟ ਦਿੰਦੀਆਂ ਨੇ। ਰੀਤ ਨੇ ਅੱਖਾਂ ਝਪਕ ਕੇ ਸਭ ਸਮਝ ਲੈਣ ਦੀ ਹਾਮੀ ਭਰੀ।
ਦਿਲਪ੍ਰੀਤ ਕੌਰ ਗੁਰੀ



