ਭਾਸ਼ਾ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਬਦਲੇ ਕੀਤਾ ਸਨਮਾਨਿਤ
ਕਪੂਰਥਲਾ (ਸਮਾਜ ਵੀਕਲੀ) (ਵਿਸ਼ੇਸ਼ ਪ੍ਰਤੀਨਿਧ)- ਉੱਘੀ ਲੇਖਿਕਾ, ਕੈਲੀਗ੍ਰਾਫ਼ਰ, ਲਿਪੀਅੰਤਰਨ ਕਰਤਾ ਅਤੇ ਮੰਚ ਸੰਚਾਲਕ ਸਹਿਤ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਮੁਨੱਜਾ ਇਰਸ਼ਾਦ ਈ.ਟੀ.ਟੀ. ਅਧਿਆਪਿਕਾ, ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲਾ, ਨੂੰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਵਿਖੇ ‘ਭਾਸ਼ਾ ਰਤਨ ਐਵਾਰਡ-2024’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਹਨਾਂ ਨੂੰ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਯੂ.ਐੱਸ.ਏ. ਵੱਲੋਂ ਭਾਸ਼ਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ। ਬਹੁ-ਪੱਖੀ ਪ੍ਰਤਿਭਾ ਦੇ ਧਨੀ ਸ਼੍ਰੀਮਤੀ ਮੁਨੱਜ਼ਾ ਇਰਸ਼ਾਦ ਇੱਕ ਬਹੁਤ ਵਧੀਆ ਕੈਲੀਗ੍ਰਾਫ਼ਰ, ਲਿਖਾਰੀ, ਲਿਪੀਅੰਤਰਨ ਕਰਤਾ ਅਤੇ ਮੰਚ ਸੰਚਾਲਕ ਹਨ। ਉਹਨਾਂ ਦੀ ਪ੍ਰਤਿਭਾ ਅਤੇ ਲਗਨ ਸਭ ਲਈ ਪ੍ਰੇਰਨਾ ਸਰੋਤ ਹੈ। ਸਿੱਖਿਆ ਦੇ ਖੇਤਰ ਵਿੱਚ ਵੀ ਉਹਨਾਂ ਦੀਆਂ ਸੇਵਾਵਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਕਪੂਰਥਲਾ ਦੁਆਰਾ ਭਰਪੂਰ ਸ਼ਲਾਘਾ ਕੀਤੀ ਗਈ ਹੈ। ਜਿਸਦੇ ਸਿੱਟੇ ਵਜੋਂ ਸਮੇਂ-ਸਮੇਂ ਉੱਤੇ ਮੁਨੱਜ਼ਾ ਇਰਸ਼ਾਦ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਰਿਹਾ ਹੈ। ਉਹਨਾਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਦੀਆਂ ਸਮੇਂ-ਸਮੇਂ ‘ਤੇ ਕਰਵਾਈਆਂ ਜਾਂਦੀਆਂ ਸੁੰਦਰ ਲਿਖਾਈ ਵਰਕਸ਼ਾਪਾਂ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਰਾਜ ਪੱਧਰੀ ਸਮਾਗਮਾਂ ਦੇ ਨਾਲ-ਨਾਲ ਸਾਲ 2024 ਅਤੇ ਸਾਲ 2025 ਦੇ ਕਪੂਰਥਲਾ ਵਿਰਾਸਤੀ ਮੇਲੇ ਦੌਰਾਨ ਸੌਂਪੀ ਗਈ ਮੰਚ ਸੰਚਾਲਕ ਦੀ ਭੂਮਿਕਾ ਵੀ ਉਹ ਬਾਖ਼ੂਬੀ ਨਿਭਾ ਚੁੱਕੇ ਹਨ। ਜ਼ਿਲ੍ਹਾ ਭਾਸ਼ਾ ਅਧਿਕਾਰੀ ਜਸਪ੍ਰੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ੍ਰੀ ਮਤੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ , ਸਾਹਿਤਕ ਸਿਰਜਣਾ ਕੇਂਦਰ ਕਪੂਰਥਲਾ,ਸਾਹਿਤ ਕਲਾ ਕੇਂਦਰ ਆਰ ਸੀ ਐੱਫ, ਸਾਹਿਤ ਸਭਾ ਸੁਲਤਾਨਪੁਰ ਲੋਧੀ ਨੇ ਮੁਨੱਜ਼ਾ ਇਰਸ਼ਾਦ ਨੂੰ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈਆਂ ਦਿੱਤੀਆਂ ਹਨ ਅਤੇ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ।



