ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੈਨਸ਼ਨਰ ਐਸੋਸੀਏਸ਼ਨ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਪੰਚਾਇਤ ਸੰਮਤੀ ਦਫ਼ਤਰ ਦੀ ਇਮਾਰਤ ਵਿੱਚ ਸਵੇਰੇ 10-00 ਵਜੇ ਹੋਈ ਜਿਸ ਵਿੱਚ ਬਲਾਕ ਭਗਤਾ ਭਾਈ ਕਾ ਦੇ ਸਮੂਹ ਪੈਨਸ਼ਨਰ ਹਾਜ਼ਿਰ ਹੋਏ। ਸਮਾਗਮ ਦੇ ਆਰੰਭ ਵਿੱਚ ਸ੍ਵਰਗੀਯ ਮਾਸਟਰ ਬਲਦੇਵ ਸਿੰਘ ਜੀ ਬੰਗਾ ਭਗਤਾ ਭਾਈ ਕਾ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ, ਜੋ ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਸ੍ਵਰਗ ਸਿਧਾਰ ਗਏ ਹਨ। ਉਪਰੰਤ ਗੁਰਜੀਤ ਸਿੰਘ ਜੀ ਜ਼ਿਲ੍ਹਾ ਜਨਰਲ ਸਕੱਤਰ ਨੇ ਪਿਛਲੇ ਮਹੀਨੇ ਵੱਖ-ਵੱਖ ਥਾਵਾਂ ਤੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣ ਵਾਲੇ ਰੋਸ ਪੱਤਰ ਦੀ ਗੱਲ ਕਰਦਿਆਂ ਦੱਸਿਆ ਕਿ ਬਲਾਕ ਭਗਤਾ ਭਾਈ ਕਾ ਅਤੇ ਸੂਬਾ ਜਨਰਲ ਬਾਡੀ ਦੇ ਅਹੁਦੇਦਾਰਾਂ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਸੰਗਰੂਰ ਵਿਖੇ ਪਹੁੰਚ ਕੇ ਇਹ ਰੋਸ ਪੱਤਰ ‘ਪੰਜਾਬ ਐਸ.ਸੀ. ਕਮਿਸ਼ਨ’ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੂੰ ਦਿੱਤਾ ਗਿਆ। ਗੁਰਜੀਤ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਸਾਰੇ ਐਸੋਸੀਏਸ਼ਨ ਮੈਂਬਰਾਂ ਨੂੰ ਨਵੰਬਰ ਮਹੀਨੇ ਦੀ 15 ਤਾਰੀਖ਼ ਤੱਕ ਆਪਣੇ -ਆਪਣੇ ਜੀਵਨ ਪ੍ਰਮਾਣ ਪੱਤਰ (ਲਾਈਫ਼ ਸਰਟੀਫਿਕੇਟ) ਸੰਬੰਧਿਤ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਲਈ ਬੇਨਤੀ ਕੀਤੀ। ਮਾਸਟਰ ਆਤਮ ਤੇਜ ਜੀ ਸ਼ਰਮਾਂ ਜ਼ਿਲ੍ਹਾ ਐਸੋਸ਼ੀਏਸ਼ਨ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਦਿਨੀਂ ਪੈਨਸ਼ਨ ਸਮੱਸਿਆਵਾਂ ਸੰਬੰਧੀ ਲਗਾਈ ਗਈ ਸਪੈਸ਼ਲ ਲੋਕ ਅਦਾਲਤ ਬਠਿੰਡਾ ਵਿਖੇ ਪਹੁੰਚ ਕੇ ਪੈਨਸ਼ਨਾਂ ਸੰਬੰਧੀ, ਪਰਿਵਾਰਕ ਮੈਂਬਰਾਂ ਨੂੰ ਪੈਨਸ਼ਨ ਬਕਾਏ ਦਾ ਲਾਭ ਦਿਵਾਉਣ ਲਈ ਤਿਆਰ ਕੀਤੇ ਹੋਏ ਅੱਠ ਕੇਸ ਲੋਕ ਅਦਾਲਤ ਵਿਚ ਪੇਸ਼ ਕਰਕੇ ਮੌਕੇ ਤੇ ਹੀ ਇਹਨਾਂ ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਮਾਸਟਰ ਸ਼ਰਮਾ ਜੀ ਨੇ 16.ਨਵੰਬਰ ਨੂੰ ਧੂਰੀ (ਸੰਗਰੂਰ) ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿੱਚ ਵੱਧ -ਚੜ੍ਹ ਕੇ ਹਾਜ਼ਰੀ ਭਰਨ ਲਈ ਸਮੂਹ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ ਅਤੇ ਰੈਲੀ ਵਿੱਚ ਜਾਣ ਵਾਲੇ ਪੈਨਸ਼ਨਰਾਂ ਦੀ ਮੌਕੇ ਤੇ ਹੀ ਸੂਚੀ ਤਿਆਰ ਕੀਤੀ ਗਈ। ਨਰਿੰਦਰ ਕੁਮਾਰ ਭਗਤਾ ਭਾਈ ਨੇ ਪੈਨਸ਼ਨ ਸਮੱਸਿਆਵਾਂ ਦੇ ਨਾਲ-ਨਾਲ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ ਕਿ ਅਸਾਨੂੰ ਉੱਭਰ ਰਹੀ ਨਾਰੀ ਸ਼ਕਤੀ ਨੂੰ ਉਭਾਰਨ ਲਈ, ਉਤਸ਼ਾਹਿਤ ਕਰਨ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਹੁਣੇ ਹੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜ਼ਰਾਤ ਦੀਆਂ ਲੜਕੀਆਂ ਵੱਲੋਂ ਖੇਡਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਪਾਏ ਯੋਗਦਾਨ, ਤਗਮਿਆਂ ਤੇ ਪ੍ਰਾਪਤ ਕੀਤੇ ਮਾਣ ਸਨਮਾਨ ਦਾ ਜ਼ਿਕਰ ਕਰਦਿਆਂ ਨੂੰ ਮਹਿਲਾ ਸ਼ਕਤੀ ਨੂੰ ਉਭਾਰਨ ਲਈ ਉਪਰਾਲੇ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਰਣਧੀਰ ਸਿੰਘ ਮਲੂਕਾ ਨੇ ਜਲੰਧਰ ਵਿਖੇ ਕਰਵਾਏ ਗਏ ਗ਼ਦਰੀ ਬਾਬਿਆਂ ਦੇ ਤਿੰਨ ਰੋਜ਼ਾ ਮੇਲੇ ਵਿੱਚ ਸਰਕਾਰ ਵੱਲੋਂ ਲਏ ਗਏ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਪਾਸ ਕੀਤੇ ਗਏ ਦੋ ਮਤਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ, ਸਮਾਰਟ ਮੀਟਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਬਿਜ਼ਲੀ ਪ੍ਰਤੀ ਯੂਨਿਟ ਮਹਿੰਗੀ ਕੀਤੀ ਜਾ ਚੁੱਕੀ ਹੈ। ਏਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਤੋੜ ਕੇ ਸੈਂਟਰ ਸਰਕਾਰ ਵੱਲੋਂ ਨਵੀਂ ਸੈਨਟ ਗਠਿਤ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਦੀ ਮੈਂਬਰਸ਼ਿਪ ਖਤਮ ਕਰ ਕੇ ਯੂਨੀਵਰਸਿਟੀ ਸਿੱਧੀ ਸੈਂਟਰ ਸਰਕਾਰ ਦੇ ਪ੍ਰਬੰਧ ਵਿੱਚ ਦੇ ਦਿੱਤੀ ਗਈ ਹੈ, ਜਿਸ ਦਾ ਹਰ ਪੰਜਾਬ ਵਾਸੀ ਵੱਲੋਂ ਵਿਰੋਧ ਕੀਤਾ ਜਾਣਾ ਬਣਦਾ ਹੈ । ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਇਹਨਾਂ ਪਾਸ ਕੀਤੇ ਗਏ ਦੋਨੋਂ ਮਤਿਆਂ ਨਾਲ ਸਹਿਮਤੀ ਜਤਾਉਂਦਿਆਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਭਰਪੂਰ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ। ਇਹਨਾਂ ਲੋਕ ਵਿਰੋਧੀ ਨੀਤੀਆਂ/ਫ਼ੈਸਲਿਆਂ ਖਿਲਾਫ ਲੋਕ ਲਹਿਰ ਉਸਾਰਨ ਲਈ, ਲੋਕਾਂ ਨੂੰ ਜਾਗਰੂਕ/ਲਾਮਬੰਦ ਕਰਨ ਲਈ ਅਤੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਪ੍ਰਣ ਕੀਤਾ ਗਿਆ। ਮਾਸਟਰ ਜਗਰੂਪ ਸਿੰਘ ਜੀ ਘਣੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਾ. ਗੁਰਦੀਪ ਸਿੰਘ ਭਗਤਾ, ਮਾ.ਨਛੱਤਰ ਸਿੰਘ ਭਗਤਾ,ਮਾ.ਸਵਰਨ ਸਿੰਘ ਕੇਸਰ ਵਾਲਾ, ਮਾ.ਅਮਰਜੀਤ ਸਿੰਘ ਭਗਤਾ, ਆਤਮਾ ਸਿੰਘ ਕੇਸਰ ਵਾਲਾ, ਰਾਮ ਸਿੰਘ ਏ.ਐਸ.ਆਈ., ਬਲਜਿੰਦਰ ਸਿੰਘ ਏ.ਐਸ.ਆਈ., ਮਾ.ਸੁਰਜੀਤ ਸਿੰਘ ਮਲੂਕਾ, ਮਾ.ਲਾਭ ਸਿੰਘ ਡੋਡ ਅਤੇ ਭਾਈ ਕੌਰ ਸਿੰਘ ਕੋਠਾ ਗੁਰੂ ਪ੍ਰੈਸ ਸਕੱਤਰ ਆਦਿਕ ਆਗੂ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



