(ਸਮਾਜ ਵੀਕਲੀ)
ਭੁੱਲ ਕੇ ਦੁਬਾਰਾ ਨਾ ਤੂੰ ਆਈਂ ਬਾਬਾ ਨਾਨਕਾ ।
ਵਿਗੜਿਆਂ ਨੂੰ ਰਾਹ ਨਾ ਵਿਖਾਈਂ ਬਾਬਾ ਨਾਨਕਾ ।
ਓਸ ਵੇਲ਼ੇ ਗੱਲ ਕੁੱਝ ਹੋਰ ਸੀ ਜ਼ਮਾਨੇ ਦੀ ;
ਬਾਲੇ ਮਰਦਾਨੇ ਨੂੰ ਬਚਾਈਂ ਬਾਬਾ ਨਾਨਕਾ ।
ਅਮਲ ਨਈਓਂ ਕਰਨਾ ਕਿਸੇ ਨੇ ਤੇਰੀ ਗੱਲ ‘ਤੇ ;
ਮੱਝ ਅੱਗੇ ਬੀਨ ਨਾ ਵਜਾਈਂ ਬਾਬਾ ਨਾਨਕਾ ।
ਤੇਰਾ ਚਿੱਤ ਵੇਖ ਵੇਖ ਹੋਊਗਾ ਉਦਾਸ ਹੀ ;
ਧਰਮ ਸਥਾਨਾਂ ‘ਤੇ ਨਾ ਜਾਈਂ ਬਾਬਾ ਨਾਨਕਾ ।
ਗੁਰੂਆਂ ਤੋਂ ਚੇਲੇ ਅੱਗੇ ਸਮਝਦੇ ਨੇ ਆਪ ਨੂੰ ;
” ਸਮਝਿਆਂ ” ਨੂੰ ਨਾ ਤੂੰ ਸਮਝਾਈਂ ਬਾਬਾ ਨਾਨਕਾ ।
ਵੇਖ ਵੇਖ ਗੱਦੀਆਂ ‘ਤੇ ਬਾਬਰਾਂ ਨੂੰ ਬੈਠਿਆਂ ,
ਕਿਵੇਂ ਕਹੀਏ ਜਾਬਰ ਸਿਖਾਈਂ ਬਾਬਾ ਨਾਨਕਾ ।
ਅਜੇ ਵੀ ਲਕੀਰ ਦੇ ਫ਼ਕੀਰਾਂ ਦੀ ਕੋਈ ਘਾਟ ‘ਨੀਂ ;
ਵੇਖੀਂ ਜਾਤ ਪਾਤ ਨਾ ਮਿਟਾਈਂ ਬਾਬਾ ਨਾਨਕਾ ।
ਕੋਈ ਆਖੇ ਕੱਤਕ ‘ਚ ਕਿਤੇ ਹੈ ਵਿਸਾਖ ਵਿੱਚ ;
ਦੋ ਦੋ ਜਨਮ ਦਿਨ ਨਾ ਮਨਾਈਂ ਬਾਬਾ ਨਾਨਕਾ ।
ਫ਼ੇਰ ਵੀ ਜੇ ਆਉਂਣਾ ਹੋਇਆ ਸੁਪਨੇ ‘ਚ ਆਣ ਕੇ ;
ਰੰਚਣਾਂ ਵਾਲ਼ੇ ਨੂੰ ਸਮਝਾਈਂ ਬਾਬਾ ਨਾਨਕਾ ।
ਤੇਰੀ ਦਿੱਤੀ ਸਿੱਖਿਆ ‘ਤੇ ਅਸੀਂ ਚੱਲ ਸਕੀਏ ;
ਸਾਡੇ ਖੋਪਰਾਂ ਨੂੰ ਰੁਸ਼ਨਾਈਂ ਬਾਬਾ ਨਾਨਕਾ ।
ਬਾਣੀਂ ਰਾਹੀਂ ਸਦਾ ਸਾਡੇ ਅੰਗ ਸੰਗ ਰਹੇਂ ਤੂੰ ;
ਸਾਨੂੰ ਜਾਂਚ ਅਮਲ ਦੀ ਸਿਖਾਈਂ ਬਾਬਾ ਨਾਨਕਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037



