*ਕੰਬਾਈਨ ਚਾਲਕ ਤੇ ਹੈਲਪਰ ਮੌਕੇ ਤੋਂ ਹੋਏ ਫ਼ਰਾਰ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਬੀਤੀ ਰਾਤ ਲਗਭਗ 7-30 ਵਜੇ ਸਥਾਨਕ ਫਿਲੌਰ ਤੋਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਮੁੱਖ ਮਾਰਗ ‘ਤੇ ਪਿੰਡ ਥਲਾ ਦੇ ਪੈਟਰੋਲ ਪੰਪ ਦੇ ਨੇੜੇ ਇੱਕ ਭਿਆਨਕ ਤੇ ਜਬਰਦਸਤ ਸੜਕ ਹਾਦਸੇ ‘ਚ ਕਰੇਟਾ ਗੱਡੀ ‘ਚ ਸਵਾਰ ਦੋ ਨੌਜਵਾਨਾਂ ਤੇ ਦੋ ਔਰਤਾਂ ਸਮੇਤ ਕੁਲ ਚਾਰ ਜਣੇ ਜਖਮੀ ਹੋ ਗਈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਰਜਿੰਦਰ ਸ਼ਰਮਾ ਚੌਂਕੀ ਇੰਚਾਰਜ ਲਸਾੜਾ ਨੇ ਦੱਸਿਆ ਕਰੇਟਾ ਕਾਰ ‘ਚ ਸਵਾਰ ਨੌਜਵਾਨ ਮਨੀਸ਼ ਮਨੀ ਤੇ ਕਾਲਾ ਆਪਣੇ ਦੋ ਹੋਰ ਪਰਿਵਾਰਕ ਮੈਂਬਰ ਔਰਤਾਂ ਨਾਲ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਪਿੰਡ ਗਰਚਾ ਨੂੰ ਵਾਪਿਸ ਪਰਤ ਰਹੇ ਸਨ, ਕਿ ਪਿੰਡ ਥਲਾ ਦੇ ਨੇੜੇ ਇੱਕ ਕੰਬਾਈਨ ਨੇ ਉਨਾਂ ਨੂੰ ਮੁੱਖ ਮਾਰਗ ‘ਤੇ ਚੜਦੇ ਸਮੇਂ ਭਿਆਨਕ ਤੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਣ ਗੱਡੀ ‘ਚ ਸਵਾਰ ਚਾਰੇ ਜਣੇ ਜਖ਼ਮੀ ਹੋ ਗਏ | ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ ਓ ਅਮਨ ਸੈਣੀ ਥਾਣਾ ਫਿਲੌਰ ਤੇ ਏ. ਐੱਸ. ਆਈ ਰਜਿੰਦਰ ਸ਼ਰਮਾ ਚੌਂਕੀ ਇੰਚਾਰਜ ਲਸਾੜਾ ਘਟਨਾ ਸਥਾਨ ‘ਤੇ ਪਹੁੰਚ ਗਏ | ਉਨਾਂ ਰਾਹਗੀਰਾਂ ਦੀ ਮੱਦਦ ਨਾਲ ਜਖ਼ਮੀਆਂ ਨੂੰ ਅਰੋੜਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ | ਹਾਦਸੇ ਉਪਰੰਤ ਕੰਬਾਈਨ ਚਾਲਕ ਤੇ ਉਸਦਾ ਹੈਲਪਰ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |



