ਜ਼ੰਜ਼ਰਕਾ (ਗੁਜਰਾਤ) (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ਨਾਲ ਜੁੜੀਆਂ ਸਮੱਸਿਆਵਾਂ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਧਾਰਾ 370 ਹਟਾ ਕੇ ਇਨ੍ਹਾਂ ਮੁੱਦਿਆਂ ਦਾ ਹੱਲ ਕਰ ਦਿੱਤਾ ਹੈ। ਚੋਣਾਂ ਵਾਲੇ ਸੂਬੇ ਗੁਜਰਾਤ ’ਚ ਭਾਜਪਾ ਦੀ ‘ਗੌਰਵ ਯਾਤਰਾ’ ਨੂੰ ਹਰੀ ਝੰਡੀ ਦਿਖਾਉਂਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਬਾਰੇ ਉਨ੍ਹਾਂ ਦੀ ਪਾਰਟੀ ’ਤੇ ਵਿਅੰਗ ਕਸਦੀ ਰਹੀ, ਪਰ ਹੁਣ ਉਸਾਰੀ ਕਾਰਜ ਚੱਲ ਰਿਹਾ ਹੈ।
ਸ਼ਾਹ ਨੇ ਕਿਹਾ, ‘ਜਵਾਹਰ ਲਾਲ ਨਹਿਰੂ ਵੱਲੋਂ ਕੀਤੀ ਧਾਰਾ 370 ਦੀ ਗਲਤੀ ਕਾਰਨ ਕਸ਼ਮੀਰ ਵਿਚ ਹਾਲਾਤ ਖਰਾਬ ਹੋਏ। ਇਸ ਨੂੰ ਭਾਰਤ ਨਾਲ ਪੂਰੀ ਤਰ੍ਹਾਂ ਨਹੀਂ ਜੋੜਿਆ ਗਿਆ। ਹਰ ਕੋਈ ਧਾਰਾ 370 ਹਟਾਉਣਾ ਚਾਹੁੰਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਇਕ ਝਟਕੇ ਨਾਲ ਹਟਾ ਦਿੱਤਾ ਤੇ ਕਸ਼ਮੀਰ ਦਾ ਭਾਰਤ ਵਿਚ ਏਕੀਕਰਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਇਸੇ ਹਫ਼ਤੇ ਹੋਏ ਜਨਤਕ ਇਕੱਠ ’ਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਸ਼ਮੀਰ ਦੇ ਮਸਲਿਆਂ ਲਈ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਕਿਹਾ ਕਿ ਜਦ ਕਾਂਗਰਸ ਰਾਜ ਵਿਚ ਸੱਤਾ ’ਚ ਸੀ ਤਾਂ ‘365 ਦਿਨਾਂ ਵਿਚੋਂ ਗੁਜਰਾਤ ’ਚ 200 ਦਿਨ ਤੱਕ ਕਰਫਿਊ ਰਹਿੰਦਾ ਸੀ। ਉਹ ਸੋਚਦੇ ਸਨ ਕਿ ਜੇ ਲੋਕ ਇਕ-ਦੂਜੇ ਨਾਲ ਲੜਨਗੇ ਤਾਂ ਉਨ੍ਹਾਂ ਨੂੰ ਲਾਭ ਹੋਵੇਗਾ ਪਰ ਹੁਣ ਅਜਿਹਾ ਨਹੀਂ ਹੁੰਦਾ।’
ਇਸ ਮੌਕੇ ਗ੍ਰਹਿ ਮੰਤਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਕਾਂਗਰਸ ਸੱਤਾ ’ਚ ਨਾ ਆ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੋਕ ਵੋਟਰਾਂ ਨੂੰ ਜਾਤ-ਧਰਮ ਦੇ ਅਧਾਰ ਉਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਲੋਕਾਂ ਨੂੰ ਉਨ੍ਹਾਂ ਦੇ ਅਜਿਹੇ ਹੱਥਕੰਡਿਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly