28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜਨਮ ਦਿਨ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
ਸ਼ਾਹਕੋਟ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ) -ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ 31 ਜ਼ਿਲ੍ਹਾ ਜਲੰਧਰ ਦੀ ਬ੍ਰਾਂਚ ਸ਼ਾਹਕੋਟ ਤੇ ਨਕੋਦਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮਾਣਕ ਦੀ ਅਗਵਾਈ ਹੇਠ ਕੀਤੀ ਗਈ।ਜਿਸ ਉਪਰੰਤ ਜਾਣਕਾਰੀ ਦਿੰਦਿਆਂ ਸੂਬਾ ਜੁਆਇੰਟ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸ਼ਹੀਦ-ਏ-ਆਜ਼ਮ ਸ਼੍ਰ ਭਗਤ ਸਿੰਘ ਜੀ ਦਾ ਜਨਮਦਿਨ ਦੇ ਮੌਕੇ ਤੇ 28 ਸਤੰਬਰ 2025 ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਸੰਗਰੂਰ ਦਾ ਘੇਰਾਓ ਕਰਨ ਦੇ ਉਲੀਕੇ ਸੰਘਰਸ਼ ਦੀ ਤਿਆਰੀ ਲਈ ਜ਼ਿਲ੍ਹਾ ਜਲੰਧਰ ਦੇ ਵਰਕਰਾਂ ਦੀ ਤਿਆਰੀ ਮੀਟਿੰਗ ਕੀਤੀ ਗਈ ਹੈ ਜਿਸ ਵਿਚ ਸ਼ਾਹਕੋਟ ਤੇ ਨਕੋਦਰ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਵਰਤਮਾਨ ਪੰਜਾਬ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਸਮੂਹ ਠੇਕਾ ਮੁਲਾਜਮਾਂ ਦੇ ਸਥਾਈ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਤ੍ਰਾਂਸਦੀ ਇਹ ਹੈ ਕਿ ਸਾਢੇ 3 ਸਾਲ ਬੀਤ ਜਾਣ ਦੇ ਬਾਅਦ ਵੀ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਤਰ੍ਹਾਂ ਆਊਟਸੋਰਸ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨਾਲ਼ ਨੰਗਾ-ਚਿੱਟਾ ਧੋਖਾ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਸਸਤੀਆਂ ਸੇਵਾਵਾਂ ਦੇਣ ਵਾਲੇ ਸਮੂਹ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ, ਪੰਚਾਇਤੀਕਰਨ ਅਤੇ ਸਕਾਡਾ ਸਿਸਟਮ ਲਗਾਉਣ ਵਾਲੀਆਂ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਸਮੂਹ ਵਿਭਾਗਾਂ ’ਚ ਲਗਾਤਾਰ ਸੇਵਾਵਾਂ ਦੇ ਰਹੇ ਆਊਟਸੋਰਸ/ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮਾਂ ਦੀਆਂ ‘ਮੰਗਾਂ-ਮਸਲਿਆਂ’ ਦਾ ਹੱਲ ਆਪਸੀ ਗੱਲਬਾਤ ਰਾਹੀ ਹੋਣ ਦੇ ਉਦੇਸ਼ ਨਾਲ ਪਿਛਲੇ ਸਾਢੇ 3 ਸਾਲਾਂ ਤੋਂ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਨ ਲਈ ਵਾਰ ਵਾਰ ਪੱਤਰ ਲਿਖ ਰਹੇ ਹਾਂ। ਜਿਸ ’ਤੇ ਭਾਵੇ ਕਿ ਮੁੱਖ ਮੰਤਰੀ ਪੰਜਾਬ ਵਲੋਂ ਹਰੇਕ ਵਾਰ ਲਿਖਤੀ ਰੂਪ ਵਿਚ ਮੀਟਿੰਗ ਕਰਨ ਲਈ ਸਮਾਂ ਤੈਅ ਕੀਤਾ ਗਿਆ ਪਰ ਐਨ ਮੌਕੇ ਤੇ ਆ ਕੇ ਆਪਣੇ ਜਰੂਰੀ ਰੁਝਵਿਆ ਦਾ ਬਹਾਨਾ ਲਗਾ ਕੇ ਮੁੱਖ ਮੰਤਰੀ ਸਾਹਿਬ ਵਲੋਂ ਹਰ ਵਾਰ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਸਰਕਾਰ ਵਲੋਂ ਠੇਕਾ ਮੁਲਾਜ਼ਮਾਂ ਦੀਆਂ ‘ਮੰਗਾਂ’ ਦੇ ਹੱਲ ਕਰਨ ਦੇ ਨਾਂਅ ਹੇਠ ਕੈਬਨਿਟ-ਸਬ-ਕਮੇਟੀ ਦਾ ਗਠਨ ਕੀਤਾ ਗਿਆ, ਇਸ ਸਬ-ਕਮੇਟੀ ਨਾਲ ਵੀ ਮੋਰਚੇ ਨੂੰ ਵਾਰ-ਵਾਰ ਮੀਟਿੰਗਾਂ ਦਾ ਲਿਖਤੀ ਰੂਪ ਵਿਚ ਸਮਾਂ ਦੇ ਕੇ ਐਨ ਮੌਕੇ ’ਤੇ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਇਹ ਮੀਟਿੰਗਾਂ ਰੱਦ ਕਰਕੇ ਗੱਲਬਾਤ ਕਰਨ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਮੁੱਖ ਮੰਤਰੀ ਅਤੇ ਸਬ-ਕਮੇਟੀ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਉਥੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਆਊਟਸੋਰਸ ਤੇ ਇਨਲਿਸਟਮੈਂਟ ਮੁਲਾਜਮਾਂ ਦੇ ਵਿਰੋਧ ਵਿਚ ਫੈਸਲੇ ਲਏ ਜਾ ਰਹੇ ਹਨ। ਸਰਕਾਰੀ ਵਿਭਾਗਾਂ ਦੇ ਨਿੱਜੀਕਰਨ/ਪੰਚਾਇਤੀਕਰਨ, ਸਕਾਡਾ ਸਿਸਟਮ ਲਗਾਉਣ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਮੌਜੂਦਾ ਸਰਕਾਰ ਬਜਿੱਦ ਹੈ। ਜਦਕਿ ਵਰਤਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਸਮੂਹ ਵਿਭਾਗਾਂ ਦੇ ਹਰ ਤਰ੍ਹਾਂ ਦੇ ਠੇਕਾ ਮੁਲਾਜਮ, ਜੋ ਪਿਛਲੇ 15-20 ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ ਅਤੇ ਠੇਕਾ ਪ੍ਰਣਾਲੀ ਦੀ ਚੱਕੀ ਵਿਚ ਪਿਸ ਰਹੇ ਹਨ, ਉਨ੍ਹਾਂ ਦੇ ਪੱਕੇ ਰੁਜਗਾਰ ਲਈ ਵਿਧਾਨ ਸਭਾ ਵਿਚ ਕਾਨੂੰਨ ਬਣਾ ਕੇ ਮਸਲੇ ਦਾ ਹੱਲ ਕਰਨ ਦਾ ਫੈਸਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਠੇਕਾ ਮੁਲਾਜਮ ਵਿਰੋਧੀ ਅਪਣਾਏ ਜਾ ਰਹੇ ਰਵੱਈਏ ਦੇ ਕਾਰਨ ਆਪਣੇ ਕੱਚੇ-ਪਿੱਲੇ ਰੁਜਗਾਰ ਨੂੰ ਬਚਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਸਰਕਾਰ ਵਲੋਂ ਪੈਦਾ ਕੀਤੀ ਜਾ ਰਹੀ ਮਜਬੂਰੀ ਵੱਸ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸ਼ਹੀਦ-ਏ-ਆਜ਼ਮ ਸ਼੍ਰ ਭਗਤ ਸਿੰਘ ਜੀ ਦਾ ਜਨਮਦਿਨ 28 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਸੰਗਰੂਰ ਦਾ ਘੇਰਾਓ ਕਰਕੇ ਉਲੀਕੇ ਸੂਬਾ ਪੱਧਰੀ ਸੰਘਰਸ਼ ਪ੍ਰੋਗਰਾਮ ਵਿਚ ਸਮੂਹ ਵਿਭਾਗਾਂ ਦੇ ਠੇਕਾ ਵਰਕਰਾਂ ਨੂੰ ਪਰਿਵਾਰਾਂ ਬੱਚਿਆਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ।ਮੋਰਚੇ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਅਧਾਰਿਤ ਮੁਲਾਜਮਾਂ ਨੂੰ ਤਜਰਬੇ ਦੇ ਅਧਾਰ ਤੇ ਸਬੰਧਤ ਵਿਭਾਗ ਵਿਚ ਮਰਜ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਵਾਲੀ ਪ੍ਰਪੋਜਲ ਨੂੰ ਲਾਗੂ ਕੀਤਾ ਜਾਵੇ ਅਤੇ 15 ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਘੱਟੋਂ-ਘੱਟ ਉਜਰਤ 34244 ਰੁਪਏ ਸਮੂਹ ਵਿਭਾਗ ’ਚ ਫੀਲਡ ਅਤੇ ਦਫਤਰਾਂ ਵਿੱਚ ਕੰਮ ਕਰਦੇ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਤੇ ਲਾਗੂ ਕੀਤੀਆਂ ਜਾਣ। ਵਰਕਰਾਂ ਨੂੰ ਈ.ਪੀ.ਐਫ., ਈ.ਐਸ.ਆਈ. ਸਹੂਲਤਾਂ ਦਿੱਤੀਆਂ ਜਾਣ। ਕਿਰਤ ਕਾਨੂੰਨ, ਬੋਨਸ ਦਾ ਭੁਗਤਾਨ ਐਕਟ, 1965 ਮੁਤਾਬਿਕ ਆਊਟਸੋਰਸ ਵਰਕਰਾਂ ਨੂੰ 8.33 ਪ੍ਰਤੀਸ਼ਤ ਬੋਨਸ ਤਨਖਾਹ ਦੇ ਨਾਲ ਦਿੱਤਾ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਰਕਾਰ ਦੇ ਅਧੀਨ ਚੱਲ ਰਹੀਆਂ ਪੇਂਡੂ ਜਲ ਸਪਲਾਈ ਸਕੀਮਾਂ (ਜਲ ਘਰ) ਦਾ ਜਬਰੀ ਪੰਚਾਇਤੀਕਰਨ/ਪੰਚਾਇਤੀਕਰਨ, ਸਕਾਡਾ ਪ੍ਰਣਾਲੀ ਲਗਾਉਣ ਦੀਆਂ ਨੀਤੀਆਂ ਨੂੰ ਤੁਰੰਤ ਵਾਪਸ ਲਿਆ ਜਾਵੇ। ਪੰਚਾਇਤਾਂ ਨੂੰ ਹੈਡ ਓਵਰ ਕੀਤੀਆਂ ਜਲ ਸਪਲਾਈ ਸਕੀਮਾਂ ਮੁੜ ਵਿਭਾਗ ਅਧੀਨ ਕੀਤੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਵਿੱਤ ਸਕੱਤਰ ਸੁਖਜਿੰਦਰ ਸਿੰਘ ਲਸੂੜੀ, ਜੁਆਇੰਟ ਵਿੱਤ ਸਕੱਤਰ ਰੇਸ਼ਮ ਸਿੰਘ ਭੋਇਪੁਰ, ਮੁੱਖ ਸਲਾਹਕਾਰ ਸ਼ਿੰਦਰਪਾਲ ਸੰਧੂ, ਪ੍ਰੈੱਸ ਸਕੱਤਰ ਰਾਜ ਕੁਮਾਰ ਸਹੋਤਾ, ਜਗਤਾਰ ਸਿੰਘ, ਸੰਦੀਪ ਸਿੰਘ ਕੰਗ, ਭਗਵੰਤ ਸਿੰਘ, ਗੁਰਜੀਤ ਸਿੰਘ ਗੁਰਵਿੰਦਰ ਸਿੰਘ ਸੰਧੂ ਆਦਿ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



