(ਸਮਾਜ ਵੀਕਲੀ) ਸ਼੍ਰੀ ਮੂਲ ਚੰਦ ਸ਼ਰਮਾ ਕਿਸੇ ਰਸਮੀ ਜਾਣ ਪਛਾਣ ਦਾ ਮੁਹਤਾਜ ਨਹੀਂ । ਅਜੋਕੇ ਸਮੇਂ ਉਹ ਪੰਜਾਬੀ ਸਾਹਿਤ ਸਭਾ ਧੂਰੀ ( ਰਜਿ: ) ਦਾ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦਾ ਮੀਤ ਪ੍ਰਧਾਨ ਹੈ । ਮੁੱਖ ਤੌਰ ‘ਤੇ ਉਹ ਗੀਤਕਾਰ ਵਜੋਂ ਪ੍ਰਸਿੱਧ ਹੈ । ਉਸ ਦੇ ਲਿਖੇ ਗੀਤ ਪੰਜਾਬੀ ਦੇ ਭਿੰਨ ਭਿੰਨ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਹੀ ਰਹਿੰਦੇ ਹਨ । ਉਸ ਦੇ ਗੀਤਾਂ ਨੂੰ ਪੰਜਾਬੀ ਦੇ ਪ੍ਰਸਿੱਧ ਗਾਇਕ ਅਤੇ ਗਾਇਕਾਵਾਂ ਨੇ ਆਪਣੀ ਮਿੱਠੀ ਸੁਰ ਵਿੱਚ ਗਾਇਆ ਹੈ । ਜਿਹੜੇ ਅਨੇਕਾਂ ਤਵਿਆਂ , ਕੈਸਿਟਾਂ , ਸੀ.ਡੀਜ਼ ਅਤੇ ਯੂ ਟਿਊਬ ਚੈਨਲਾਂ ਰਾਹੀਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਹੀ ਰਹਿੰਦੇ ਹਨ ।
ਬੰਦੇ ਤੋਂ ਇਨਸਾਨ ਦਾ ਭਾਵ ਬੰਦੇ ਦੇ ਅਸਤਿਤਵ / ਸ਼ਖ਼ਸੀਅਤ ਦਾ ਵਿਕਾਸ ਹੈ । ਇਸ ਪੁਸਤਕ ਦਾ ਅਧਿਐਨ ਕੀਤਿਆਂ ਪਤਾ ਚਲਦਾ ਹੈ ਕਿ ਮੂਲ ਚੰਦ ਸ਼ਰਮਾ ਦਾ ਅਸਤਿਤਵ ਹਰ ਰਚਨਾ ਵਿੱਚ ਧੜਕਦਾ ਹੈ । ਉਸ ਦੀ ਕਿਰਤ ਦੇ ਤੱਤਾਂ ( ਵਿਚਾਰ ਭਾਵ , ਬੁੱਧੀ , ਕਲਪਨਾ , ਅਭਿਵਿਅਕਤੀ ) ਤੋਂ ਸਹਿਜੇ ਹੀ ਪਛਾਣਿਆਂ ਜਾ ਸਕਦਾ ਹੈ । ਉਸ ਲਈ ਅਸਤਿਤਵ ” ਮੈਂ ਵਾਦ ” ਅਰਥਾਤ Solipsism ਨਹੀਂ । ਇਹ ਤਾਂ ਉਸ ਦੇ ਮਿੱਤਰ ਮੰਡਲੀ ਨਾਲ਼ ਸੰਬੰਧਾਂ ਵਿੱਚੋਂ ਨੋਟ ਕੀਤਾ ਜਾ ਸਕਦਾ ਹੈ । ਕਵੀ ਲਈ ਅਸਤਿਤਵ ਮਾਨਵਵਾਦ ਹੈ / ਇਨਸਾਨੀਅਤ ਹੈ । ਇਸ ਲਈ ਉਸ ਦਾ ਵਿਚਾਰ ਹੈ ਮਾਨਵਤਾ ਦੇ ਅਧਿਐਨ ਲਈ ਮਾਨਵ / ਬੰਦੇ ਦਾ ਅਧਿਐਨ ਜ਼ਰੂਰੀ ਹੈ । ਸ਼ਰਮਾ ਦੀ ਪੁਸਤਕ ਬੰਦੇ ਨੂੰ ਇਨਸਾਨ ਬਣਾਉਂਣ ਵੱਲ ਰੁਚਿਤ ਹੈ । ਉਸ ਦਾ ਵਿਚਾਰ ਹੈ ਅਸਤਿਤਵ ਤਾਂ ਆਪਣੇ ਅਰਥਾਂ ਦਾ ਵਿਸਤਾਰ ਕਰਕੇ ਮੁਲਕਾਂ ਦੀ ਪ੍ਰਭੂਸੱਤਾ ਤੱਕ ਆਪਣਾ ਪਾਸਾਰ ਕਰ ਚੁੱਕਾ ਹੈ । ਉਸ ਦੇ ਅਜਿਹੇ ਵਿਚਾਰ ਗੁਰਬਾਣੀ ਨਾਲ਼ ਵੀ ਮਿਲਦੇ ਹਨ ” ਮਨ ਤੂੰ ਜੋਤਿ ਸਰੂਪ ਹੈਂ , ਆਪਣਾ ਮੂਲ ਪਛਾਣ । ਸੁਕਰਾਤ ਨੇ ਵੀ ਤਾਂ ਕਿਹਾ ਸੀ – ਆਪਣੇ ਆਪ ਨੂੰ ਜਾਣੋਂ । ਅਲੈਗਜ਼ੈਂਡਰ ਪੋਪ ਦਾ ਕਹਿਣਾ ਹੈ ” Presume not God to scan proper study of mankind is man “
ਮੂਲ ਚੰਦ ਸ਼ਰਮਾ ਦੇ ਪਿੰਡ ਦਾ ਨਾਂ ਰਣ-ਚਣਾਂ ( ਰੰਚਣਾਂ ) ਹੈ । ਉਹ ਆਪਣੇ ਜੀਵਨ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ( Possibilities ) ਵਿੱਚੋਂ ਆਪਣੇ ਅਸਤਿੱਤਵ ਨੂੰ ਬੁਲੰਦ ਕਰਨ ਲਈ ਕਵਿਤਾ / ਗੀਤਾਂ ਦਾ ਰਣ-ਚੁਣਿਆਂ ਹੈ । ਸ਼ਰਮਾ ਸੱਚੀਆਂ ਨਿੱਕੀਆਂ ਕਵਿਤਾਵਾਂ ਲਿਖਦਾ ਹੈ , ਇਸੇ ਲਈ ਮੈਂ ਉਸ ਨੂੰ ਨਿਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਹਿ ਕੇ ਉਪਮਾਇਆ ਹੈ । ਉਹ ਆਪਣੇ ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਨੂੰ ਵੀ ਪ੍ਰਸਿੱਧ ਕਰ ਰਿਹਾ ਹੈ । ਪੰਜਾਬੀ ਸਾਹਿਤ ਸਭਾ ਧੂਰੀ ਦੇ ਅਸਤਿਤਵ ( ਹੋਂਦ ) ਨੂੰ ਬੀਇੰਗ ਨੂੰ ਬਿਕਮਿੰਗ ਕਰ ਰਿਹਾ ਹੈ ।
ਸ਼ਰਮਾ ਨਵੇਂ ਲੇਖਕਾਂ ਦਾ ਪ੍ਰੇਰਣਾ-ਸਰੋਤ ਹੈ । ਮੈਗ਼ਜ਼ੀਨਾਂ / ਫੇਸਬੁੱਕ ‘ਤੇ ਆਪਣੀ ਜਵਾਨੀ ਦੀ ਫੋਟੋ ਛਪਵਾਉਂਦਾ ਹੈ ਪਰ ਦਾੜ੍ਹੀ ਕਾਲ਼ੀ ਕਰਨ ਤੋਂ ਸੰਕੋਚ ਕਰਦਾ ਹੈ ।
ਨਿੱਤ ਹੀ ਸੱਜਰੀਆਂ ਰਚਨਾਵਾਂ ਪੇਸ਼ ਕਰਦਾ ਹੈ । ਸਮੇਂ ਦੀਆਂ ਘਟਨਾਵਾਂ ਨੂੰ ਕਾਵਿ ਰੂਪ ਵਿੱਚ ਪਾਠਕਾਂ ਨਾਲ਼ ਸਾਂਝੀਆਂ ਕਰਦਾ ਹੈ । ਉਸ ਦੀਆਂ ਰਚਨਾਵਾਂ ਪੜ੍ਹ ਕੇ ਮੁਬਾਰਕਾਂ ਦੇ ਢੇਰ ਲੱਗ ਜਾਂਦੇ ਹਨ । ਉਹ ਤਾਂ ਧੰਨਵਾਦ ਕਰਦਾ ਹੀ ਥੱਕ ਜਾਂਦਾ ਹੈ ।
ਸ਼ਰਮਾ ਜੀ ਦਾ ਅਸਤਿਤਵ / ਸ਼ਖ਼ਸੀਅਤ ਸਹਿਣਸ਼ੀਲਤਾ ਵਾਲ਼ਾ ਹੈ । ਉਸ ਦਾ ਜੀਵਨ ਉਸ ਦੀਆਂ ਕਾਵਿ- ਟੁਕੜੀਆਂ ਵਾਂਗ ਹੀ ਸਾਦਾ ਹੈ । ਦੁਖੀਆਂ ਦੇ ਦੁੱਖ ਵੰਡਾਉਂਦਾ ਹੈ । ਕਦੇ ਆਪਣੇ ਖੇਤਾਂ ਵਿੱਚ ਗੁਣਗੁਣਾਉਂਦਾ ਦਿਸਦਾ ਹੈ । ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ( ਸੰਗਰੂਰ ) ਦਾ ਹਰਮਨ ਪਿਆਰਾ ਅਧਿਆਪਕ ਰਿਹਾ ਹੈ । ਉਸ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹੁਣ ਵੀ ਉਸ ਦਾ ਸਨਮਾਨ ਕਰਦੇ ਹਨ ।
ਗੱਲ ਕੀ ਉਹ ਬਹੁਪੱਖੀ ਪ੍ਰਤਿਭਾ ਦਾ ਸਵਾਮੀ ਹੈ । ਇਸ ਪੁਸਤਕ ਨੂੰ ਪੜ੍ਹ ਕੇ ਕੋਈ ਵੀ ਵਿਦਵਾਨ ਉਸ ਦਾ ਕਮਾਲ ਦਾ ” ਸ਼ਬਦ ਚਿੱਤਰ ” ਉਲੀਕ ਸਕਦਾ ਹੈ ।
ਬੰਦੇ ਤੋਂ ਇਨਸਾਨ ਕਾਵਿ ਪੁਸਤਕ ਪਹਿਲਾਂ 2014 ਵਿੱਚ “ਪੱਥਰ ‘ਤੇ ਲਕੀਰਾਂ” ਸਿਰਲੇਖ ਹੇਠ ਛਪ ਚੁੱਕੀ ਹੈ । ਇਸ ਵਿੱਚ ਸਮੁੱਚੇ ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਉਪਲਬਧ ਹਨ । ਵਿਭਿੰਨ ਦ੍ਰਿਸ਼ਟੀਆਂ ਤੋਂ ਸੱਚੀ ਸੁੱਚੀ ਪੇਸ਼ਕਾਰੀ ਹੈ ।
ਘਰਾਂ , ਪਰਿਵਾਰਾਂ , ਮਿੱਤਰਾਂ – ਦੋਸਤਾਂ ਦੀਆਂ ਗੱਲਾਂ ਨੇ । ਰਾਜਿਆਂ , ਰਾਣਿਆਂ , ਅਫ਼ਸਰਾਂ , ਦਫ਼ਤਰਾਂ ਅਤੇ ਹਾਕਮਾਂ ਦੇ ਲਾਰਿਆਂ ਦੀਆਂ ਗੱਲਾਂ ਨੇ । ਧੋਖੇਬਾਜ਼ਾਂ , ਵਫ਼ਾਦਾਰਾਂ ਦੀਆਂ ਬਾਤਾਂ ਪਾਈਆਂ ਨੇ । ਹੱਟੀਆਂ , ਦੁਕਾਨਾਂ ਅਤੇ ਬਾਜ਼ਾਰਾਂ ਦੀਆਂ ਕਵਿਤਾਵਾਂ ਨੇ । ਸਿਹਤਮੰਦ , ਰੋਗੀਆਂ , ਬੀਮਾਰਾਂ ਦੀਆਂ ਬਾਤਾਂ ਨੇ । ਮਿਹਨਤੀਆਂ , ਹਿੰਮਤੀਆਂ , ਕਿਸਾਨਾਂ ਅਤੇ ਕਿਰਤੀਆਂ ਨੂੰ ਉਪਮਾਇਆ ਹੈ । ਵੋਟਾਂ ਪਾ ਕੇ ਚੁਣੀਆਂ ਸਰਕਾਰਾਂ , ਉਨ੍ਹਾਂ ਦੇ ਕਿਰਦਾਰਾਂ ਦੀਆਂ ਗੱਲਾਂ ਨੇ , ਕੰਮਾਂ- ਧੰਦਿਆਂ , ਵਿਉਪਾਰਾਂ ਤੇ ਨਕਦ-ਉਧਾਰਾਂ ਦੀਆਂ ਬਾਤਾਂ ਨੇ ; ਅਤਿ ਦੇ ਗ਼ਰੀਬਾਂ , ਰੱਜੇ-ਪੁੱਜੇ ਸਰਦਾਰਾਂ ਦੀਆਂ ਗੱਲਾਂ ਨੇ , ਛੁਰੀਆਂ , ਤਲਵਾਰਾਂ ਤੇ ਹਥਿਆਰਾਂ ਦੇ ਦ੍ਰਿਸ਼ ਨੇ ; ਸਰਦੀਆਂ , ਗਰਮੀਆਂ , ਮੀਂਹ ਦੀਆਂ ਫੁਹਾਰਾਂ ਦੀਆਂ ਬਾਤਾਂ ਨੇ ; ਕਿਸਾਨਾਂ , ਕਿਰਤੀਆਂ ਨੂੰ ਪੈਂਦੀਆਂ ਮਾਰਾਂ ਨੇ ; ਨਫ਼ਰਤਾਂ , ਇਸ਼ਕਾ-ਮੁਸ਼ਕਾਂ , ਪਿਆਰਾਂ ਦੀਆਂ ਬਾਤਾਂ ਨੇ । ਗੱਲ ਕੀ ਹਰ ਕਿਸਮ ਦੇ ਵਿਵਹਾਰਾਂ ਦੀਆਂ ਗੱਲਾਂ ਨੇ । ਭੂਤਕਾਲ ਅਤੇ ਵਰਤਮਾਨ ਦੀਆਂ ਸਚਾਈਆਂ ਲਾਹੇਵੰਦ ਹੋਣ ਦੀਆਂ ਸੰਭਾਵਨਾਵਾਂ ਰੱਖਦੀਆਂ ਨੇ । ਪੀ.ਬੀ Shelley ਦਾ ਅਜਿਹੇ ਕਾਵਿ ਸੰਗ੍ਰਹਿ ਬਾਰੇ ਕਥਨ ਢੁਕਵਾਂ ਹੈ , We look before and after and pine for what is not .
ਮੂਲ ਚੰਦ ਸ਼ਰਮਾ ਦੇ ਇਸ ਕਾਵਿ ਸੰਗ੍ਰਹਿ ਨੂੰ ਲਿਖਣ ਦੇ ਕਿੱਤੇ ( ਕਸਬਨਾਮਾ ) ਅਨੁਸਾਰ ਵੀ ਵਿਚਾਰਨਾ ਬਣਦਾ ਹੈ , ਇਸ ਕਾਵਿ ਸੰਗ੍ਰਹਿ ਨੂੰ ਕਸੀਦਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ “ਬੰਦੇ ਨੂੰ ਇਨਸਾਨ” ਬਣਾਉਂਣ ਦੇ ਮਨੋਰਥ ਨਾਲ਼ ਲਿਖਿਆ ਹੈ । ਕੋਈ ਵੀ ਪੁਸਤਕ ਜਿਹੜੀ ਕਿਸੇ ਖਾਸ ਮੰਤਵ ਲਈ ਲਿਖੀ ਜਾਂਦੀ ਹੈ “ਕਸੀਦਾ” ਹੀ ਤਾਂ ਅਖਵਾ ਸਕਦੀ ਹੈ ।
ਇਹ ਸਾਰਾ ਕਾਵਿ ਸੰਗ੍ਰਹਿ “ਚਉਪਦਿਆਂ , ਚਉਤੁਕਿਆਂ , ਚਉਬਰਗਿਆਂ ( Quatrain ) ਵਿੱਚ ਸਿਰਜਿਆ ਗਿਆ ਹੈ ।
ਮੂਲ ਚੰਦ ਸ਼ਰਮਾ ਨੇ ਸਿਆਣਿਆਂ ਦਿਆਂ ਅਖਾਣਾਂ , ਮੁਹਾਵਰਿਆਂ ਤੋਂ ਬਿਨਾਂ ਆਪਣੇ ਅਨੁਭਵ ਦੇ ਆਧਾਰ ‘ਤੇ ਵੀ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਹਨ । ਮਸਲਨ : ਕਾਲਖ਼ ਖੱਟੀਏ ਨਾ ਆਪਣੇ ਮਾਪਿਆਂ ਲਈ – ਪੰਨਾਂ 08 , ਘਰ ਔਰਤ ਨਾਲ਼ ਹੀ ਸੋਭਦੇ ਨੇ – ਪੰਨਾਂ 13 , ਰੁੱਸਣ ਵਾਲ਼ੇ ਨੂੰ ਮੰਨਣ ਦਾ ਦੇਈਏ ਮੌਕਾ – ਪੰਨਾਂ 14 , ਰਿਸ਼ਤੇ ਧੀਆਂ ਦੇ ਕਰੀਏ ਪੜਤਾਲ ਕਰਕੇ – ਪੰਨਾਂ 21 , ਹੁੰਦੇ ਵਰਤਮਾਨ , ਭਵਿੱਖ ਚੰਗੇ , ਜਿਨ੍ਹਾਂ ਲੋਕਾਂ ਦੇ ਚੰਗੇ ਅਤੀਤ ਹੁੰਦੇ – ਪੰਨਾਂ 30 ; ਬਿਨਾਂ ਕਹੇ ਤੋਂ ਜਾਣ ਦਾ ਹੱਕ ਹੁੰਦਾ , ਘੜੀ ਹੋਵੇ ਜੇ ਕਿਸੇ ਘਰ ਸੋਗ ਵਾਲ਼ੀ – ਪੰਨਾਂ 34 ; ਮਿਲ਼ਦੀ ਵਹਿਮ ਦੀ ਨਹੀਂ ਦਵਾਈ ਲੋਕੋ – ਪੰਨਾਂ 45 ; ਜਿਹੜੇ ਮਿਹਨਤ ਦੇ ਵਿੱਚ ਵਿਸ਼ਵਾਸ਼ ਕਰਦੇ , ਕਿਸਮਤ ਉਨ੍ਹਾਂ ਉੱਤੇ ਮਿਹਰਬਾਨ ਹੁੰਦੀ - ਪੰਨਾਂ 53 , ਨੈੱਟਵਰਕ ਦੇ ਨਾਲ਼ ਜੇ ਕੰਮ ਕਰੀਏ , ਕਈ ਗੁਣਾਂ ਕਮਾਈ ਹੈ ਵਧ ਜਾਂਦੀ – ਪੰਨਾਂ 57 , ਸੁਖੀ ਰਹਿਣ ਦੇ ਬਹੁਤ ਆਸਾਨ ਨੁਸਖੇ , ਖਾਣਾ ਪਹਿਨਣਾ ਰਹਿਣਾ ਜੇ ਹੋਵੇ ਸਾਦਾ – ਪੰਨਾਂ 100 ,
ਇਸ ਸੰਗ੍ਰਹਿ ਦੀਆਂ ਹੋਰ ਫੁਟਕਲ ਵਿਸ਼ੇਸ਼ਤਾਈਆਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਸਕਦੀ ਹੈ ।
( 1 ) ਸੱਚ ਕਿਹਾ ਸਿਆਣਿਆਂ ਬੰਦਿਆਂ ਨੇ – ਭਾਵ ਆਖ਼ਰੀ ਤੁਕ ਦੀ ਪੇਸ਼ਕਾਰੀ ਕਰਦਿਆਂ ਅਖਾਣਾਂ – ਮੁਹਾਵਰਿਆਂ ਦੇ ਰਾਹੀਂ ਜ਼ਿਆਦਾਤਰ ਕਵਿਤਾਇਆ ਗਿਆ ਹੈ ।
ਕੇਵਲ ਕੁੱਝ ਉਦਾਹਰਨਾਂ ਵੇਖੋ :
*ਹੀਲੇ ਰਿਜਕ ਬਹਾਨੇ ਨਾਲ਼ ਮੌਤ ਹੁੰਦੀ 12
*ਦੁੱਧ ਬਾਝ ਨਾ ਰਿੱਝਦੀ ਖੀਰ ਮੀਆਂ 13
*ਚਾਦਰ ਵੇਖ ਕੇ ਪੈਰ ਪਸਾਰੀਏ ਜੀ 19
*ਵਿਗੜੇ ਤਿਗੜਿਆਂ ਦਾ ਡੰਡਾ ਪੀਰ ਹੁੰਦਾ 23
*ਜੋਗੀ ਘਰ ਦਾ ਹੁੰਦਾ ਹੈ ਜੋਗੜਾ ਜੀ 25
*ਇੱਕ ‘ਕੱਲਾ ਤੇ ਦੋ ਗਿਆਰਾਂ ਹੁੰਦੇ 31
*ਦੁਨੀਆਂ ਗਿਰਗਿਟ ਵਾਂਗੂੰ ਰੰਗ ਬਦਲਦੀ ਏ 37
*ਡੱਡੂ ਟੋਭੇ ਦੇ ਸਦਾ ਗਵਾਹ ਹੁੰਦੇ 42
*ਲੂਣ ਖਾ ਕੇ ਨਾ ਕਦੇ ਹਰਾਮ ਕਰੀਏ 54
*ਸੌ ਹੱਥ ਰੱਸਾ ਸਿਰੇ ‘ਤੇ ਗੰਢ ਮੀਆਂ 58
*ਕਈ ਗੱਡੇ ਨਾਲ਼ ਕੱਟਾ ਬੰਨ੍ਹ ਟਾਲ਼ ਦਿੰਦੇ 67
*ਕਦੇ ਵਾੜ ਵੀ ਖੇਤ ਨੂੰ ਖਾ ਜਾਂਦੀ 70
*ਟੁੱਟੀ ਯਾਰੀ ਤੋਂ ਪੁੱਟੀ ਚੁਗਾਠ ਜਾਂਦੀ 74
*ਪਿੰਡ ਪਰਖਿਆ ਜਾਵੇ ਗੁਹਾਰਿਆਂ ਤੋਂ 83
*ਫਾਹਾ ਲਈਏ ਨਾ ਅੱਡੀਆਂ ਚੁੱਕ ਕੇ ਜੀ 94
*ਮਾਂ ਵੀ ਦੁੱਧ ਨਾ ਦੇਵੇ ਜੇ ਵਿਲਕੀਏ ਨਾ 102
*ਸੌ ਸੁਨਿਆਰ ਤੇ ਇੱਕ ਲੁਹਾਰ ਮਾਰੇ 106
*ਗੌਂ ਗਧੇ ਨੂੰ ਬਾਪ ਕਹਾ ਦਿੰਦੈ 108
( 02 ) ਇਤਿਹਾਸਕਾਰੀ ਦਾ ਪ੍ਰਯੋਗ ਵੀ ਹੈ – ਮਸਲਨ ,
ਜੀਹਨੂੰ ਤੇਗ ਤਲਵਾਰ ਨਾ ਮਾਰ ਸਕਦੀ ,
ਔਰੰਗਜ਼ੇਬ ਜਿਉਂ ਕਲਮ ਦਾ ਵਾਰ ਮਾਰੇ। ਪੰਨਾਂ 106
ਇਹ ਦਸਮ ਪਿਤਾ ਜੀ ਦੇ ਜ਼ਫ਼ਰਨਾਮੇ ਵੱਲ ਸੰਕੇਤ ਹੈ ।
( 03 ) ਵਿਅੰਗ ਵੀ ਥਾਂ ਪੁਰ ਥਾਂ ਹੈ – ਮਸਲਨ
*ਅੱਜ ਕੱਲ੍ਹ ਦੇ ਰਾਂਝੇ ਦੀ ਸੋਚ ਬਣ ‘ਗੀ ,
ਚੂਰੀ ਖਾਈਂ ਜਾਈਏ ਮੱਝੀਆਂ ਚਾਰੀਏ ਨਾ।
*ਬੁੱਢੀ ਘੋੜੀ ਲਾਲ ਲਗਾਮ ।
*ਗੰਜੀ ਨੂੰ ਕੰਘੀ ਵੇਚ ਜਾਂਦੇ ।
( 04 ) ਗ਼ਜ਼ਲ ਦੀ ਵਿਧਾ ਦਾ ਅਨੁਕਰਨ ਕਰਦਿਆਂ ਮੁਸਲਸਲ ਅਤੇ ਗੈਰ ਮੁਸਲਸਲ ਵਿਧੀ ਅਪਣਾਈ ਗਈ ਹੈ ।
ਮੁਸਲਸਲ ਦੀ ਉਦਾਹਰਨ ਵੇਖੋ
ਇਹ ਉਹ ਕਾਵਿ ਟੁਕੜੀ ( ਚੌਬਰਗਾ ) ਜਾਂ ਗ਼ਜ਼ਲ ਹੁੰਦੀ ਹੈ , ਜਿਸ ਵਿੱਚ ਇੱਕੋ ਵਿਚਾਰ ਦਾ ਵਿਸਥਾਰ ਹੁੰਦਾ ਹੈ ।
*ਚਿੜੀ ਸੋਨੇ ਦੀ ਹੁੰਦਾ ਸੀ ਕਿਸੇ ਵੇਲ਼ੇ ,
ਸਾਡਾ ਸੋਹਣਾ ਇਹ ਹਿੰਦੋਸਤਾਨ ਲੋਕੋ।
ਲਗਰਾਂ ਵਰਗੀਆਂ ਸੋਹਣੀਆਂ ਧੀਆਂ ਭੈਣਾਂ,
ਸਰੂ ਵਰਗੇ ਸੀ ਛੈਲ ਜਵਾਨ ਲੋਕੋ ।
ਗਾਥਾ ਏਸ ਦੀ ਭਗਤ ਸਰਾਭਿਆਂ ਦੀ ,
ਹੁੰਦੀ ਸ਼ਬਦਾਂ ਵਿੱਚ ਨਹੀਂ ਬਿਆਨ ਲੋਕੋ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਸਾਡਾ ਵਿਰਸਾ ਹੈ ਬੜਾ ਮਹਾਨ ਲੋਕੋ ।
ਇਸ ਉਦਾਹਰਨ ਵਿੱਚ ਚਉਪਦੇ ਇੱਕੋ ਵਿਸ਼ੇ ‘ਤੇ ਕੇਂਦਰਿਤ ਹਨ ।
ਹੁਣ ਗੈਰ ਮੁਸਲਸਲ ਦੀ ਮਿਸਾਲ ਵੇਖੋ :
*ਮਾੜਾ ਮੰਗਤਾ ਦਰਾਂ ‘ਤੇ ਆ ਜਾਵੇ ,
ਓਹਨੂੰ ਕਦੇ ਨਿਰਾਸ਼ ਨਾ ਤੋਰੀਏ ਜੀ ।
ਭਾਵੇਂ ਚਾੜ੍ਹਨਾ ਹੋਵੇ ਭਗਵਾਨ ਅੱਗੇ ,
ਫੁੱਲ ਟਾਹਣੀ ਤੋਂ ਕਦੇ ਨਾ ਤੋੜੀਏ ਜੀ ।
ਦੁੱਧ ਪੱਥਰਾਂ ਭਲਾਂ ਦੱਸੋ ਕੀ ਪੀਣਾ ,
ਐਵੇਂ ਨਾਲ਼ੀਆਂ ਵਿੱਚ ਨਾ ਰੋੜ੍ਹੀਏ ਜੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਘਰੋਂ ਧੀਆਂ ਨੂੰ ਖ਼ਾਲੀ ਨਾ ਮੋੜੀਏ ਜੀ ।
ਇਸ ਚੌਤੁਕੀਏ ਵਿੱਚ ਮੰਗਤਿਆਂ , ਫੁੱਲਾਂ , ਦੁੱਧ ਅਤੇ ਧੀਆਂ ਬਾਰੇ ਵੱਖ ਵੱਖ ਵਿਚਾਰ ਹਨ । ਇਸ ਲਈ ਚਉਪਦਾ ਗੈਰ ਮੁਸਲਸਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ । ਚੇਤੇ ਰਹੇ ਕਿ ਇਸ ਸੰਗ੍ਰਹਿ ਵਿੱਚ ਜ਼ਿਆਦਾ ਚਉਪਦੇ ਗ਼ੈਰ ਮੁਸਲਸਲ ਹਨ ।
ਕਵੀ ਦੀਆਂ ਸਾਰੀਆਂ ਗੱਲਾਂ ਸੱਚ ‘ਤੇ ਆਧਾਰਿਤ ਹਨ , ਖ਼ਰੀਆਂ ਹਨ ।
ਉਸ ਨੇ ਇਹ ” ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ” ਤੋਂ ਪਹਿਲਾਂ ਤਿੰਨਾਂ ਤੁਕਾਂ ਵਿੱਚ ਪੇਸ਼ ਕੀਤੀਆਂ ਜਾਪਦੀਆਂ ਹਨ ।
( 05 ) ਕਵੀ ਨੇ ਢੁਕਵੇਂ ਕਾਫ਼ੀਆਂ ਦੀ ਚੋਣ ਵਿੱਚ ਬਹੁਤ ਮਿਹਨਤ ਕੀਤੀ ਹੈ । ਅਜਿਹੀ ਚੋਣ ਹਰ ਕਵੀ ਦੇ ਵਸ ਦਾ ਰੋਗ ਨਹੀਂ । ਰਦੀਫ਼ਾਂ ਦਾ ਪ੍ਰਯੋਗ ਵੀ ਸਲਾਹੁਣਯੋਗ ਹੈ ।
( 06 ) ਇੰਜ ਜਾਪਦਾ ਹੈ ਜਿਵੇਂ ਅਟੱਲ ਸਚਾਈਆਂ ਪੇਸ਼ ਕਰਨ ਦੀ ਰੁਚੀ ਵਾਰਿਸ ਸ਼ਾਹ ਤੋਂ ਪ੍ਰਾਪਤ ਕੀਤੀ ਹੋਵੇ । ਇਸੇ ਲਈ ਤਾਂ ਉਹ ਲਿਖਦਾ ਹੈ :
*ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਾਰਿਸ ਸ਼ਾਹ ਵਰਗਾ ਕੋਈ ਸ਼ਾਇਰ ਨਈਓਂ।
*ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਿਰਲੇ ਸ਼ਾਇਰ ਹੁੰਦੇ ਵਾਰਿਸ ਸ਼ਾਹ ਵਰਗੇ ।
ਹੇਠਲੀ ਤੁਕ ਵਿੱਚ ਵੀ ਵਾਰਸ ਸ਼ਾਹ ਦਾ ਪ੍ਰਭਾਵ ਹੈ ।
ਵਾਰਿਸ ਨੇ ਲਿਖਿਆ ਹੈ :
*ਵਾਰਿਸ ਨੇ ਲਿਖਿਆ ਹੈ ਕਿ
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ।
ਤੇ ਸ਼ਰਮਾ ਜੀ ਲਿਖਦੇ ਹਨ ਕਿ
*ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਆਪਣੀ ਆਦਤ ਤੋਂ ਬੰਦਾ ਨਾ ਬਾਜ ਆਉਂਦਾ।
ਤੇ ਆਪਣੀ ਪੁਸਤਕ ਦੇ ਸਿਰਲੇਖ ਬਾਰੇ ਇੰਜ ਢੁਕਵੀਂ ਗੱਲ ਕਰਦਾ ਹੈ :
*ਪੂਜਾ ਕਰਦੇ ਨੇ ਜਿਹੜੇ ਮਨੁੱਖਤਾ ਦੀ ,
ਉਨ੍ਹਾਂ ਲਈ ਇਨਸਾਨੀਅਤ ਹੀ ਜਾਤ ਹੁੰਦੀ।
ਸੰਖੇਪ ਇਹ ਕਿ ਇਹ ਕਾਵਿ ਸੰਗ੍ਰਹਿ ਵਿਵਿਹਾਰਕ ਉਦਾਹਰਨਾਂ ਸਹਿਤ ਬੰਦੇ ਨੂੰ ਇਨਸਾਨ ਬਣਨ ਲਈ ਪ੍ਰੇਰਨਾ ਦਾ ਸੋਮਾ ਹੋ ਨਿੱਬੜਿਆ ਹੈ ।
ਸਾਰੇ ਸੰਗ੍ਰਹਿ ਦਾ ਨਿਚੋੜ ਇਹ ਹੈ –
*ਕੀ ਕਰਨਾ ਚਾਹੀਦਾ ਹੈ – ਕੀ ਨਹੀਂ ਕਰਨਾ ਚਾਹੀਦਾ।
*What to do and what not to do .
ਡਾ. ਧਰਮ ਚੰਦ ਵਾਤਿਸ਼ ਐੱਮ ਏਂ ( ਅੰਗਰੇਜ਼ੀ )
ਐੱਮ ਏਂ ( ਪੰਜਾਬੀ ਗੋਲਡਮੈਡਲਿਸਟ )
ਐੱਮ ਫਿਲ , ਪੀ ਐੱਚ ਡੀ ।
ਪੀ ਈ ਐੱਸ – 1 ( ਸੇਵਾ ਮੁਕਤ )



