HOME ਪੰਦਰਾਵਲ ਨੇੜੇ ਦਰਿਆ ਦੇ ਬੰਨ ਨੂੰ ਮੁੜ ਲੱਗੀ ਢਾਹ, ਨਜ਼ਦੀਕੀ ਪਿੰਡਾਂ ਦੇ...

ਪੰਦਰਾਵਲ ਨੇੜੇ ਦਰਿਆ ਦੇ ਬੰਨ ਨੂੰ ਮੁੜ ਲੱਗੀ ਢਾਹ, ਨਜ਼ਦੀਕੀ ਪਿੰਡਾਂ ਦੇ ਲੋਕਾਂ ਦੀ ਫਿਰ ਉੱਡੀ ਨੀਂਦ

3

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)– ਬਲਾਕ ਔੜ ਵਿੱਚ ਪੈਂਦੇ ਪਿੰਡ ਪੰਦਰਾਵਲ ਨੇੜੇ ਜਾਂਦੇ ਸਤਲੁਜ ਦਰਿਆ ਦੇ ਬੰਨ੍ਹ ਨੂੰ ਇੱਕ ਵਾਰ ਫਿਰ ਤੋਂ ਢਾਹ ਲੱਗਣ ਕਰਕੇ ਨਜ਼ਦੀਕੀ ਵਸਦੇ ਕਈ ਪਿੰਡਾਂ ਦੇ ਲੋਕਾਂ ਦੀ ਨੀਂਦ ਫਿਰ ਉੱਡ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਤੇ ਜਰਨੈਲ ਸਿੰਘ ਪੰਦਰਾਵਲ ਨੇ ਦੱਸਿਆ ਕਿ ਅਸੀਂ ਇੱਕ ਮਹੀਨੇ ਤੋਂ ਇਸ ਬੰਨ੍ਹ ਦੀ ਮੁਰੰਮਤ ਲਈ ਦੁਹਾਈ ਪਾ ਰਹੇ ਹਾਂ ਜਿਸ ਸਬੰਧੀ ਮੀਡੀਆ ਵਿੱਚ ਵੀ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਪ੍ਰੰਤੂ ਅੱਜ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਬੰਨ੍ਹ ਦੀ ਮਜਬੂਤੀ ਲਈ ਉਪਰਾਲੇ ਨਹੀਂ ਕੀਤੇ ਅਤੇ ਉਸ ਵਕਤ ਲਗਾਤਾਰ ਬਾਰਿਸ਼ ਵੀ ਨਹੀਂ ਹੋ ਰਹੀ ਸੀ ਜਿਸ ਕਰਕੇ ਗੱਡੀਆਂ ਵਿੱਚ ਸਮਾਨ ਲਿਆਉਣਾ ਵੀ ਸੌਖਾ ਸੀ। ਪ੍ਰੰਤੂ ਹੁਣ ਜਦੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਭਾਖੜਾ ਡੈਮ ਤੋਂ ਇਸ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਚੁੱਕਾ ਹੈ ਜਿਸ ਨਾਲ ਵੱਖ-ਵੱਖ ਥਾਵਾਂ ਤੋਂ ਦਰਿਆ ਦੇ ਬੰਨ੍ਹ ਨੂੰ ਢਾਹ ਲੱਗ ਚੁੱਕੀ ਹੈ ਅਤੇ ਹੁਣ ਵਰ੍ਹਦੇ ਮੀਂਹ ਵਿੱਚ ਸੰਬੰਧਿਤ ਅਫਸਰਾਂ ਵਲੋਂ ਮੌਕਾ ਦੇਖਿਆ ਜਾ ਰਿਹਾ ਹੈ ਅਤੇ ਵਰ੍ਹਦੇ ਮੀਂਹ ਵਿੱਚ ਤੇਜ਼ ਰਫਤਾਰ ਨਾਲ ਕੰਮ ਨਹੀਂ ਹੋ ਸਕੇਗਾ, ਕਿਉਂਕਿ ਦਰਿਆ ਦੇ ਬੰਨ੍ਹ ਤੋਂ ਪਦਰਾਵਲ ਵੱਲ੍ਹ ਨੂੰ ਜਾਂਦਾ ਇੱਕ ਕਿਲੋਮੀਟਰ ਤੱਕ ਦਾ ਰਸਤਾ ਕੱਚਾ ਹੈ ਜਿਸ ਵਿੱਚ ਟੋਏ ਅਤੇ ਚਿੱਕੜ ਹੋਣ ਕਰਕੇ ਇਸ ਰਸਤੇ ਤੋਂ ਤੁਰ ਕੇ ਜਾਣਾ ਵੀ ਮੁਸ਼ਕਿਲ ਹੈ, ਜਿਸ ਤੋਂ ਗੱਡੀਆਂ ਵਿੱਚ ਸਮਾਨ ਲੈ ਕੇ ਲੰਘਣਾ ਵੀ ਮੁਸ਼ਕਿਲ ਹੈ। ਉਨਾਂ ਦੱਸਿਆ ਕਿ ਇਸ ਦਰਿਆ ਵਿੱਚ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਬੰਨ੍ਹ ਦੇ ਨਜ਼ਦੀਕ ਕਈ ਪਿੰਡ ਵਸਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਹੈ, ਜਿਨਾਂ ਦੇ ਘਰਾਂ ਵਿੱਚ ਸੈਂਕੜੇ ਪਸ਼ੂ ਅਤੇ ਸੈਂਕੜੇ ਏਕੜ ਜ਼ਮੀਨ ਵਿੱਚ ਬੀਜੀਆਂ ਫਸਲਾਂ ਤੇ ਖਤਰੇ ਦੀ ਤਲਵਾਰ ਲਟਕਣ ਲੱਗ ਪੈਂਦੀ ਹੈ। ਉਨਾਂ ਆਖਿਆ ਕਿ ਜਦੋਂ ਹਰ ਸਾਲ ਹੀ ਬਰਸਾਤ ਵਿੱਚ ਇਹ ਬੰਨ੍ਹ ਟੁੱਟਣ ਕਿਨਾਰੇ ਆ ਜਾਂਦਾ ਹੈ ਤੇ ਫਿਰ ਇਸਦਾ ਪੱਕਾ ਹੱਲ ਕਿਉਂ ਨਹੀਂ ਕੀਤਾ ਜਾਂਦਾ? ਉਨਾਂ ਮੰਗ ਕੀਤੀ ਕਿ ਵਾਰ-ਵਾਰ ਬੰਨ੍ਹ ਤੋਂ ਹੁੰਦੀ ਇਸ ਸਮੱਸਿਆ ਦਾ ਸਰਕਾਰ ਵਲੋਂ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਚੈਨ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ,ਜੋ ਅੱਜ ਰਾਤਾਂ ਨੂੰ ਤਿੰਨ-ਤਿੰਨ ਵਾਰ ਦਰਿਆ ਤੇ ਜਾਕੇ ਪਾਣੀ ਦਾ ਵਹਾ ਦੇਖ ਰਹੇ ਹਨ, ਕਿ ਅਗਰ ਪਾਣੀ ਵੱਧ ਗਿਆ ਤਾਂ ਉਹ ਆਪਣੇ ਪਰਿਵਾਰਾਂ ਅਤੇ ਮਾਲ ਡੰਗਰ ਬਚਾਉਣ ਲਈ ਕਿਸੇ ਉੱਚੀ ਥਾਂ ਤੇ ਜਾ ਸਕਣ । ਕੀ ਕਹਿੰਦੇ ਹਨ ਮੌਕੇ ਤੇ ਪੁੱਜੇ ਡਰੇਨ ਵਿਭਾਗ ਦੇ ਐਕਸੀਅਨ: ਦਰਿਆ ਤੇ ਬੰਨ੍ਹ ਦੇ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਮੌਕੇ ਤੇ ਡਰੇਨ ਵਿਭਾਗ ਦੇ ਹੋਰ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਐਕਸੀਅਨ ਸੰਜੇ ਸ਼ਰਮਾ ਵੀ ਪੁੱਜੇ ਜਿਨਾਂ ਨੇ ਆਖਿਆ ਕਿ ਉਹ ਜਲਦੀ ਹੀ ਇਸ ਬੰਨ ਨੂੰ ਬਚਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਇਸ ਟੁੱਟਦੇ ਬੰਨ੍ਹ ਨੂੰ ਅੱਗੇ ਵਧਣ ਤੂੰ ਰੋਕਿਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰੀ ਚ ਟਰੈਵਲ ਦਫਤਰ ਤੇ ਗੋਲੀਬਾਰੀ ਦੀ ਘਟਨਾ ਮਗਰੋਂ ਸਹਿਮ ਦਾ ਮਾਹੌਲ
Next articleਡਾ. ਪਰਮਿੰਦਰ ਸਿੰਘ ਵਾਰੀਆ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਘਰੇਲੂ ਹਾਦਸਿਆਂ ਦੇ ਸ਼ਿਕਾਰ ਦੋ ਬੱਚਿਆਂ ਦੇ ਸਫਲ ਅਪਰੇਸ਼ਨ