HOME “ਧਰਤੀ ਤੋਂ ਚੰਨ ਤੱਕ ——

“ਧਰਤੀ ਤੋਂ ਚੰਨ ਤੱਕ ——

2
ਕੁਲਦੀਪ ਸਿੰਘ ਸਾਹਿਲ 
9417990040
  (ਸਮਾਜ ਵੀਕਲੀ)   ਸਦੀਆਂ ਤੋਂ ਮਨੁੱਖਜਾਤੀ ਬਹੁਤ ਸਾਰੀਆਂ ਤਬਦੀਲੀਆਂ ਵਿਚੋਂ ਲੰਘ ਕੇ ਆਈ ਹੈ। ਜਿੰਨਾ ਕੁਝ ਪਿਛਲੀ ਇਕ ਸਦੀ ਵਿਚ ਬਦਲਿਆ ਹੈ, ਉਹ ਉਸ ਤੋਂ ਪਹਿਲਾਂ ਦੇ ਕਾਲ ਵਿਚ ਨਹੀਂ ਸੀ ਬਦਲਿਆ। 1947 ਤੋਂ ਪਹਿਲਾਂ ਦੇ ਜੰਮੇ ਹੋਏ ਲੋਕ ਜਦੋਂ ਆਪਣੇ ਬਚਪਨ ਦੀਆਂ ਗੱਲਾਂ ਅੱਜ ਦੇ ਬੱਚਿਆਂ ਨੂੰ ਸੁਣਾਉਂਦੇ ਹਨ, ਉਨ੍ਹਾਂ ਨੂੰ ਉਹੋ ਜਿਹੀ ਹੈਰਾਨਗੀ ਹੁੰਦੀ ਹੈ ਜੋ ਸਾਨੂੰ ਸ਼ੁਰੂਆਤੀ ਮੱਧ-ਕਾਲ ਦੇ ਮਨੁੱਖੀ ਜੀਵਨ ਬਾਰੇ ਪੜ੍ਹ ਕੇ ਹੁੰਦੀ ਸੀ। ਪਿਛਲੇ ਲੱਗਭਗ ਤਿੰਨ ਦਹਾਕਿਆਂ ਤੋਂ ਵਿਗਿਆਨ, ਕੰਪਿਊਟਰ, ਇੰਟਰਨੈੱਟ ,ਨਵੀਂ ਤਕਨਾਲੋਜੀ ਅਤੇ ਮੋਬਾਈਲ ਫੋਨ ਦੇ ਪਸਾਰ ਨੇ ਤਾਂ ਦੁਨੀਆ ਦਾ ਹੁਲੀਆ ਹੀ ਬਦਲ ਕੇ ਰੱਖ ਦਿੱਤਾ ਹੈ। ਖੋਜ-ਆਧਾਰਿਤ ਵਿਗਿਆਨ ਤੇ ਤਕਨਾਲੋਜੀ ਦਾ ਇੰਨੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਜੋ ਸਰੂਪ ਕੱਲ੍ਹ ਸੀ, ਉਹ ਅੱਜ ਨਹੀਂ ਤੇ ਜੋ ਅੱਜ ਹੈ, ਉਹ ਭਲਕੇ ਨਹੀਂ ਹੋਵੇਗਾ। ਅੱਜ ਵਿਗਿਆਨਕ ਟੈਕਨਾਲੋਜੀ ਦੇ ਚਲਦਿਆਂ ਨਵੇਂ ਨਵੇਂ ਪੁਲਾੜਾ ਦੀ ਖੋਜ ਜਾਰੀ ਹੈ। ਚੰਨ ਦੀ ਹੋਂਦ ਨੂੰ ਜਾਣਨ ਦੀ ਕਹਾਣੀ ਵੀ ਬਹੁਤ ਪੁਰਾਣੀ ਤੇ ਲੰਬੀ ਹੈ। ਵੱਖ-ਵੱਖ ਸਮੇਂ ਦੇ ਪੁਲਾੜ ਵਿਗਿਆਨੀ ਇਸ ਬਾਰੇ ਖੋਜ ਕਰਦੇ ਰਹੇ ਹਨ। 1609 ਈਸਵੀ ਵਿੱਚ ਗੈਲੀਲਿਓ ਨੇ ਦੂਰਬੀਨ ਰਾਹੀਂ ਦੇਖੇ ਚੰਨ ਦੇ ਚਿੱਤਰ ਪੇਸ਼ ਕੀਤੇ ਜੋ ਮਹਿਜ਼ ਅੰਦਾਜ਼ਿਆਂ’ਤੇ ਅਧਾਰਿਤ ਨਹੀਂ ਸੀ ਸਗੋਂ ਤੱਥਾਂ ਦੇ ਅਧਾਰਤ ਸਨ ਉਨ੍ਹਾਂ ਨੇ ਚੰਨ ਦੀ ਭੂਗੋਲਿਕਤਾ ਦਾ ਪਹਿਲਾ ਵਿਗਿਆਨਕ ਮਾਪ ਦੁਨੀਆ ਅੱਗੇ ਰੱਖਿਆ। ਉਨ੍ਹਾਂ ਨੇ ਦੱਸਿਆ ਕਿ ਚੰਨ ਪੂਰਾ ਉਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਕਿ ਮੁੱਢਲੇ ਯੂਨਾਨੀਆਂ ਅਤੇ ਈਸਾਈਆਂ ਨੇ ਦੱਸਿਆ ਸੀ। ਉਸ ਦੇ ਅਨੁਸਾਰ ਚੰਨ ਪੂਰੀ ਤਰ੍ਹਾਂ ਗੋਲ ਨਹੀਂ, ਇਸਦੇ ਉਪਰ ਵੀ ਧਰਤੀ ਵਾਂਗ ਪਹਾੜ ਅਤੇ ਵਾਦੀਆਂ ਹਨ, ਇਸਦੇ ਹਨੇਰੇ ਖੇਤਰ (ਭਾਵ ਚੰਨ ’ਤੇ ਦਿਖਾਈ ਦਿੰਦੇ ਧੱਬੇ) ਬਾਕੀ ਖੇਤਰ ਤੋਂ ਨੀਵੇਂ ਇਲਾਕੇ ਹਨ, ਜਿਨ੍ਹਾਂ ਨੂੰ (ਸਮੁੰਦਰ) ਦਾ ਨਾਂ ਦਿੱਤਾ ਗਿਆ। ਸੁਕਰਾਤ ਨੂੰ ਸਦੀਆਂ ਪਹਿਲਾਂ ਬ੍ਰਹਿਮੰਡ ਦੇ ਰਹੱਸਾਂ ਨੂੰ ਖੋਲ੍ਹਣ ਦੀ ਪਹਿਲ ਕਰਨ ਦੀ ਕੀਮਤ ਉਸ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਉਤਾਰਨੀ ਪਈ ਸੀ ਅਤੇ ਗੈਲੀਲਿਓ ਨੂੰ ਵੀ ਬ੍ਰਹਿਮੰਡ ਬਾਰੇ ਸੱਚ ਦੱਸਣ ਲਈ ਧਾਰਮਿਕ ਕੱਟੜਵਾਦ ਦੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ ਸੀ। ਇੰਝ 1609 ਤੋਂ ਬਾਅਦ 360 ਸਾਲਾਂ ਦੇ ਵਕਫੇ ਦੌਰਾਨ ਹੋਈਆਂ ਖੋਜਾਂ, ਆਖਿਰ 20 ਜੁਲਾਈ, 1969 ਨੂੰ ਮਨੁੱਖ ਨੂੰ ਧਰਤੀ ਤੋਂ ਚੰਨ ’ਤੇ ਲੈ ਪੁੱਜੀਆਂ। ਜਿਸ ਦੇ ਪਿੱਛੇ ਵੱਡਾ ਕਾਰਨ, ਉਸ ਸਮੇਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਛਿੜੀ ਹੋਈ ਠੰਢੀ ਜੰਗ ਸੀ ਜਿਸ ਕਾਰਨ ਮਨੁੱਖ ਨੂੰ ਚੰਨ ’ਤੇ ਉਤਾਰਨ ਦੀ ਦੌੜ ਸ਼ੁਰੂ ਹੋ ਗਈ ਸੀ। ਇਸ ਦੌਰਾਨ ਚੰਨ ’ਤੇ ਪਹੁੰਚਣ ਵਾਲਾ ਪਹਿਲਾ ਸਪੇਸ ਕਰਾਫਟ (ਪੁਲਾੜ ਵਾਹਨ) ‘ਲੂਨਾ -2’ ਸੀ, ਜੋ ਰੂਸ ਵਲੋਂ 1959 ਵਿੱਚ ਭੇਜਿਆ ਗਿਆ। ਇਸੇ ਤਰ੍ਹਾਂ ਰੂਸ ਵੱਲੋਂ ਹੀ ਭੇਜਿਆ ਲੂਨਾ-3 ਪਹਿਲਾ ਪੁਲਾੜੀ ਵਾਹਨ ਸੀ ਜਿਸ ਨੇ 7 ਅਕਤੂਬਰ, 1959 ਨੂੰ ਚੰਨ ਦੇ ਉਸ ਹਿੱਸੇ ਦੀ ਤਸਵੀਰ ਭੇਜੀ, ਜੋ ਧਰਤੀ ਤੋਂ ਪਹਿਲਾਂ ਕਦੇ ਨਹੀਂ ਦੇਖੀ ਗਈ ਸੀ। ਇਹ ਚੰਨ ਦਾ ਦੱਖਣੀ ਹਿੱਸਾ ਹੈ ਜਿਸਨੂੰ ‘ਫਾਰ ਸਾਈਡ’ ਜਾਂ ‘ਡਾਰਕ ਸਾਈਡ’ ਵੀ ਕਿਹਾ ਜਾਂਦਾ ਹੈ। ਅਮਰੀਕਾ 20 ਜੁਲਾਈ 1969 ਨੂੰ ਚੰਨ ਤੇ ਆਪਣਾ ਵਿਗਿਆਨੀ ਭੇਜ ਕੇ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਸੀ। ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਵੀ ਚੰਨ ਤੇ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ। ਇਸਰੋ ਸੰਸਥਾ ਸਹਾਰੇ ਭਾਰਤ ਨੇ ਪੁਲਾੜ ਖੇਤਰ ’ਚ ਬਹੁਤ ਤਰੱਕੀ ਕੀਤੀ ਹੈ। ਇਸਰੋ ਵੱਲੋਂ ਹੁਣ ਤੱਕ ਸੈਂਕੜੇ ਉਪਗ੍ਰਹਿ ਛੱਡੇ ਗਏ ਹਨ। ਇਸ ਭਾਰਤੀ ਪੁਲਾੜ ਖੋਜ ਸੰਸਥਾ ਨੇ ਚੰਦਰਯਾਨ-1 ਮਿਸ਼ਨ 22 ਅਕਤੂਬਰ 2008 ਨੂੰ ਅਤੇ ਚੰਦਰਯਾਨ-2 ਮਿਸ਼ਨ 22 ਜੁਲਾਈ 2019 ਨੂੰ ਲਾਂਚ ਕੀਤਾ ਸੀ। ਚੰਦਰਯਾਨ-1 ਮਿਸ਼ਨ ਦਾ 29 ਅਗਸਤ 2009 ਨੂੰ ਸਪੇਸਕ੍ਰਾਫਟ ਨਾਲ ਸੰਚਾਰ ਟੁੱਟ ਗਿਆ ਸੀ ਅਤੇ ਚੰਦਰਯਾਨ-2 ਮਿਸ਼ਨ 7 ਸਤੰਬਰ 2019 ਨੂੰ ਚੰਦਰਮਾ ’ਤੇ ਕਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਸਥਾ ਨੇ 14 ਜੁਲਾਈ 2023 ਨੂੰ ਸਤੀਸ਼ ਚੰਦਰ ਪੁਲਾੜ ਕੇਂਦਰ, ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਵਹੀਕਲ ਮਾਰਕ 3 (ਐੱਲਵੀਐੱਮ3-ਐੱਮ4) ਰਾਕਟ ਨਾਲ ਚੰਦਰਯਾਨ-3 ਮਿਸ਼ਨ ਲਾਂਚ ਕੀਤਾ। ਇਸ ਮਿਸ਼ਨ ਦੇ ਰੋਵਰ ਦਾ ਨਾਂ ਪ੍ਰਗਿਆਨ ਅਤੇ ਲੈਂਡਰ ਦਾ ਨਾਂ ਵਿਕਰਮ ਰੱਖਿਆ ਗਿਆ। ਵਿਕਰਮ ਲੈਂਡਰ ਦਾ ਨਾਂ ਭਾਰਤੀ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ। ਪ੍ਰਗਿਆਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਸਿਆਣਪ ਯਾਨੀ ਵਿਜਡਮ। ਚੰਦ੍ਰਯਾਨ 3 ਵਿਚ ਵਿਕਰਮ ਲੈਡਰ,ਰੋਵਰ ਪ੍ਰਗਿਆਨ ਸਨ ਪਰ ਇਸ ਵਿੱਚ ਚੰਦਰਯਾਨ 2 ਵਾਂਗ ਆਰਬਿਟਰ ਨਹੀਂ ਸੀ। ਲੈਂਡਰ ਤੇ ਰੋਵਰ ਨੂੰ ਧਰਤੀ ਦੇ 14 ਦਿਨ ਅਤੇ (1 ਚੰਦਰਮਾ ਦਾ ਦਿਨ) ਕੰਮ ਕਰਨ ਲਈ ਤਿਆਰ ਕੀਤਾ ਗਿਆ ਸੀ। ਚੰਦ੍ਰਯਾਨ -3 ਮਿਸ਼ਨ ’ਤੇ ਲੱਗਭਗ 610 ਕਰੋੜ ਰੁਪਏ ਦਾ ਖ਼ਰਚਾ ਆਇਆ ਸੀ। ਇਹ ਭਾਰਤ ਦਾ ਚੰਦਰਮਾ ਲਈ ਤੀਸਰਾ ਮਿਸ਼ਨ ਸੀ। ਚੰਦਰਯਾਨ-3 ਦਾ ਭਾਰ 3900 ਕਿੱਲੋਗ੍ਰਾਮ ਜਦਕਿ ਪ੍ਰਗਿਆਨ ਰੋਵਰ ਦਾ ਵਜ਼ਨ 26 ਕਿੱਲੋਗ੍ਰਾਮ ਸੀ। ਪ੍ਰਗਿਆਨ ਰੋਵਰ ਦੇ ਛੇ ਪਹੀਏ ਸਨ। ਵਿਕਰਮ ਲੈਂਡਰ ਨੇ 14 ਦਿਨ ਸਲੀਪ ਮੋਡ ਵਿਚ ਰਹਿਣਾ ਸੀ। ਚੰਦਰਯਾਨ-3 ਨੇ ਧਰਤੀ ਤੋਂ 3.84 ਲੱਖ ਕਿੱਲੋਮੀਟਰ ਦੀ ਦੂਰੀ ਤੈਅ ਕੀਤੀ। ਪੰਜ ਅਗਸਤ 2023 ਨੂੰ ਸਪੇਸਕ੍ਰਾਫਟ ਚੰਦਰਮਾ ਦੇ ਗ੍ਰਹਿਪਥ ’ਚ ਦਾਖ਼ਲ ਹੋਇਆ। ਲਾਂਚ ਦੇ 40 ਦਿਨਾਂ ਬਾਅਦ ਚੰਦਰਯਾਨ-3 ਮਿਸ਼ਨ ਦੇ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ’ਤੇ ਉਸ ਦੇ ਦੱਖਣੀ ਧਰੁਵ ਖੇਤਰ ਨੇੜੇ 23 ਅਗਸਤ 2023 ਨੂੰ ਸੁਰੱਖਿਅਤ ਅਤੇ ਸਾਫਟ ਲੈਂਡ ਕੀਤਾ। ਪ੍ਰਗਿਆਨ ਰੋਵਰ ਨੂੰ ਚੰਦਰਮਾ ਦੀ ਸਤ੍ਹਾ ’ਤੇ ਤਾਇਨਾਤ ਕੀਤਾ ਗਿਆ। ਚੰਦਰਯਾਨ-2 ਨੇ ‘ਹੈਲੋ ਬੱਡੀ’ ਕਹਿ ਕੇ ਇਸ ਦਾ ਸਵਾਗਤ ਕੀਤਾ ਅਤੇ ਚੰਨ ਦੇ ਦੱਖਣੀ ਧਰੁਵ ’ਤੇ ਲੈਂਡ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਮਾ ’ਤੇ ਸਫਲਤਾਪੂਵਕ ਲੈਂਡ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣ ਗਿਆ ਹੈ। ਚੰਦਰਮਾ ’ਤੇ ਲੈਂਡ ਕਰਨ ਵਾਲੇ  ਉਸ ਸਥਾਨ ਨੂੰ ਤਿਰੰਗਾ-ਬਿੰਦੂ ਨਾਂ ਦਿੱਤਾ ਗਿਆ ਹੈ ਜਿੱਥੇ ਚੰਦਰਯਾਨ-2 ਮਿਸ਼ਨ ਦਾ ਲੈਂਡਰ ਵਿਕਰਮ ਸਾਲ 2019 ਵਿਚ ਕਰੈਸ਼ ਹੋਇਆ ਸੀ। ਜਿੱਥੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ’ਤੇ ਲੈਂਡ ਕੀਤਾ, ਉਸ ਸਥਾਨ ਨੂੰ ‘ਸਿਵ ਸ਼ਕਤੀ ਬਿੰਦੂ’ ਨਾਂ ਦਿੱਤਾ ਗਿਆ ਹੈ। ਚੰਦਰਮਾ ਦੇ ਸ਼ੇਕਲਟਨ ਕ੍ਰੇਟਰ ਦੇ ਨੇੜੇ ਉਸ ਜਗ੍ਹਾ ਦਾ ਨਾਂ ਜਵਾਹਰ ਬਿੰਦੂ ਹੈ ਜਿੱਥੇ ਚੰਦਰਯਾਨ-1 ਚੌਦਾਂ ਨਵੰਬਰ 2008 ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਰਿਆ ਸੀ। ਚੰਦਰਮਾ ’ਤੇ 14 ਦਿਨ ਰਾਤ ਅਤੇ 14 ਦਿਨ ਰੋਸ਼ਨੀ ਹੁੰਦੀ ਹੈ। ਚੰਦਰਮਾ ਤੋਂ ਪਰਿਵਰਤਿਤ ਰੋਸ਼ਨੀ ਧਰਤੀ ’ਤੇ 1.28 ਸਕਿੰਟ ਵਿਚ ਪਹੁੰਚਦੀ ਹੈ। ਚੰਦਰਯਾਨ-3 ਮਿਸ਼ਨ ਦੇ ਪ੍ਰਗਿਆਨ ਰੋਵਰ ਨੇ ਵਿਕਰਮ ਲੈਂਡਰ ਦੀ ਤਸਵੀਰ ਖਿੱਚੀ ਅਤੇ ਕਿਹਾ ਸਮਾਈਲ ਪਲੀਜ਼ (ਕਿਰਪਾ ਕਰ ਕੇ ਮੁਸਕਰਾਓ) ਜਿਸ ਵਿਚ ਵਿਕਰਮ ਲੈਂਡਰ ’ਤੇ ਲੱਗਾ ਉਪਕਰਨ ਚੰਦ ਦੀ ਸਤ੍ਹਾ ’ਤੇ ਛੇਕ ਕਰਦਾ ਦਿਖਾਈ ਦਿੱਤਾ। ਵਿਕਰਮ ਲੈਂਡਰ ’ਤੇ ਲੈਂਡਿੰਗ ਜਗ੍ਹਾ ਦੇ ਨੇੜੇ ਭੂਚਾਲ ਗਤੀਵਿਧੀ ਨੂੰ ਮਾਪਣ ਲਈ ਇੰਸਟਰੂਮੈਂਟ ਫਾਰ ਲੂਨਲ ਸੀਜ਼ਮਿਕ ਐਕਟੀਵਿਟੀ (ਇਲਸਾ) ਯੰਤਰ ਦਾ ਉਪਯੋਗ ਕੀਤਾ ਗਿਆ। ਚੰਦਰਯਾਨ ਮਿਸ਼ਨ-3 ਵਿਚ ਪੰਜਾਬ ਦੇ ਵਿਗਿਆਨੀਆਂ ਦਾ ਵੀ ਯੋਗਦਾਨ ਰਹਿਆਂ ਹੈ। ਇਸ ਇਤਿਹਾਸਕ ਮਿਸ਼ਨ ਸਦਕਾ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਬਹੁਤ ਲਾਭ ਹੋਵੇਗਾ। ਭਾਰਤ ਦੀ ਪੁਲਾੜ ਖੇਤਰ ਵਿਚ ਤਰੱਕੀ ਹੋਵੇਗੀ ਅਤੇ ਦੇਸ਼ ਦਾ ਰੁਤਬਾ ਹੋਰ ਵਧੇਗਾ। ਇਹੀ ਨਹੀਂ, ਇਸ ਸਦਕਾ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਇਸ ਮਿਸ਼ਨ ਸਦਕਾ ਦੇਸ਼ ਦੇ ਨੌਜਵਾਨ ਵਰਗ ਵਿੱਚ ਵਿਗਿਆਨ ਪ੍ਰਤੀ ਰੁਚੀ ਹੋਰ ਵਧੇਗੀ। ਨੌਜਵਾਨ ਪੀੜ੍ਹੀ ਨੂੰ ਪੁਲਾੜ ਵਿਗਿਆਨ ਤੇ ਟੈਕਨਾਲੋਜੀ ਦੇ ਖੇਤਰ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਨਾ ਮਿਲੇਗੀ। ਇਹ ਸੱਚ ਹੈ ਕਿ ਵਿਗਿਆਨ ਅਤੇ ਨਵੀਂ ਤਕਨਾਲੋਜੀ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਭਾਰਤ ਦੇਸ਼ ਜੇਕਰ ਸੱਚਮੁਚ ਵਿਸ਼ਵ ਗੁਰੂ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਗਿਆਨਕ ਸੋਚ ਨੂੰ ਹੋਰ ਹੁਗਾਰਾ ਦੇਣਾ ਪਵੇਗਾ। ਉਹ ਦਿਨ ਵੀ ਦੂਰ ਨਹੀਂ ਜਦੋਂ ਵਿਗਿਆਨੀਆਂ ਨੇ ਧਰਤੀ ਤੋਂ ਪਰੇ ਵੀ ਨਵੀਂ ਦੁਨੀਆ ਵਸਾਉਣ ਦਾ ਸਪਨਾ ਪੂਰਾ ਕਰ ਦੇਣਾ ਹੈ । ਅੱਜ 23 ਅਗਸਤ ਨੂੰ ਅਸੀਂ ਰਾਸ਼ਟਰੀ ਪੁਲਾੜ ਦਿਵਸ਼ ਮਨਾ ਰਹੇ ਹਾਂ ਅਤੇ ਪੁਲਾੜ ਖੋਜ ਵਿਗਿਆਨੀਆਂ ਨੂੰ ਸਲੂਟ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁਵਾ ਗਿਆ ਲੋਕਾਂ ਨੂੰ ਹਸਾਉਂਦਾ ਹਸਾਉਂਦਾ ਜਸਵਿੰਦਰ ਭੱਲਾ
Next articleਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ; 65 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ