(ਸਮਾਜ ਵੀਕਲੀ)
ਮੇਰੇ ਦੋਸਤੋ ਆਪ ਸਭ ਦਾ,
ਮੈਂ ਪੰਜਾਬ ਹਾਂ , ਪੰਜਾਬ ਹਾਂ, ਪੰਜਾਬ ਹਾਂ।
ਮੈਂ ਸੰਨ 47 ਦੇ ਘੱਲੂਘਾਰੇ ਵਿੱਚ ਉੱਜੜ ਕੇ,
ਮੁੜ ਵੱਸਿਆ ਹੋਇਆ ਪੰਜਾਬ ਹਾਂ।
ਮੈਂ ਅਜ਼ਾਦੀ ਲਈ ਸਮੇਂ-ਸਮੇਂ ਤੇ,
ਉੱਠੀਆਂ ਬਗਾਵਤਾਂ ਦੇ ਸਵਾਲਾਂ ਦਾ,
ਦਿੱਤਾ ਗਿਆ ਵੱਡਾ ਜਵਾਬ ਹਾਂ।
ਥਾਂ-ਥਾਂ ਤੇ ਵਿੱਛੀਆਂ ਲਾਸ਼ਾਂ ਅਤੇ
ਲਹੂ ਦਾ ਭਰਿਆ ਹੋਇਆ ,
ਉਹ ਵੱਡਾ ਦਰਿਆ ਚਨਾਬ ਹਾਂ।
ਮੇਰੀ ਹਿੱਕ ਤੇ ਖਿੱਚੀਆਂ ,
ਲਕੀਰਾਂ ਨਾਲ,ਤਕਸੀਮ ਕੀਤਾ,
ਗਣਿਤ ਦਾ ਪੂਰਾ ਹਿਸਾਬ ਹਾਂ।
ਨਿਰਦੋਸ਼ ਲੋਕਾਂ ਦੀਆਂ ਪਾਈਆਂ
ਸ਼ਹੀਦੀਆਂ ਨਾਲ,ਪੂਰਾ ਹੋਇਆ ,
ਭਾਰਤ ਦੇਸ਼ ਦਾ ਇੱਕ ਖ਼ੁਆਬ ਹਾਂ।
ਸੰਘਰਸ਼ਾਂ ਅਤੇ ਸ਼ਹੀਦੀਆਂ ਦੇ,
ਖੂਨ ਨਾਲ ਸਿੰਜਿਆ ਹੋਇਆ,
ਕੰਵਲ ਦਾ ਫੁੱਲ ਅਤੇ ਗੁਲਾਬ ਹਾਂ।
ਦੇਸ਼ ਭਗਤੀ ਅਤੇ ਕੌਮੀ ਗੀਤ,
ਗਾ ਕੇ , ਝੰਡਾ ਲਹਿਰਾਉਂਦਾ,
ਹੋਇਆ ਆਪਣੇ ਮੁਲਕ ਦਾ ਨਵਾਬ ਹਾਂ।
ਦੱਸਾਂ ਗੁਰੂਆਂ, ਸੰਤਾਂ ਪੀਰ ਪੈਗੰਬਰਾਂ ਦੀ
ਧਰਤੀ ਤੇ ਬਣਿਆ ਹੋਇਆ,
ਸੁੱਚਮ ਜਲ ਦਾ ਭਰਿਆ ਤਲਾਬ ਹਾਂ।
ਮੇਰੇ ਪਿੰਡ ਦੀ ਖ਼ੂਬਸੂਰਤ ਜਿਹੀ,
ਦੂਰੋਂ ਦਿੱਸਦੀ ਹੋਈ ਦਿਲਕਸ਼ ਜਿਹੀ,
ਸੁੰਦਰ ਢਾਬ ਹਾਂ।
ਮੈਂ ਪੰਜਾਬ ਹਾਂ, ਮੈਂ ਪੰਜਾਬ ਹਾਂ
ਮੈਂ ਪੰਜਾਬ ਹਾਂ।
ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ


