ਮਾਨਸਾ (ਸਮਾਜ ਵੀਕਲੀ) : ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਅੱਜ ਜੁਡੀਸ਼ਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਤੋਂ ਸਿਟ ਵੱਲੋਂ ਕੀਤੀ ਜਾ ਰਹੀ ਪੁੱਛ-ਗਿੱਛ ਦੌਰਾਨ ਕਈ ਉੱਚ ਅਧਿਕਾਰੀਆਂ ਦੀ ਸ਼ਾਮਤ ਆਉਣ ਦੀ ਸੰਭਾਵਨਾ ਦਾ ਅੱਜ ਭੋਗ ਪੈ ਗਿਆ ਹੈ।
ਉਧਰ ਦੀਪਕ ਟੀਨੂ ਨੂੰ ਭਜਾਉਣ ’ਚ ਮੱਦਦ ਕਰਨ ਵਾਲੇ ਤਿੰਨ ਜਣਿਆਂ ਨੂੰ ਮਾਨਸਾ ਦੀ ਅਦਾਲਤ ਵੱਲੋਂ 19 ਅਕਤੂਬਰ ਤੱਕ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਦੁਪਹਿਰ ਸਮੇਂ ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਰਾਜਵੀਰ ਸਿੰਘ ਅਤੇ ਰਾਜਿੰਦਰ ਸਿੰਘ ਦਾ ਮਾਨਸਾ ਦੇ ਸਿਵਲ ਹਸਪਤਾਲ ’ਚ ਡਾਕਟਰੀ ਮੁਆਇਨਾ ਕਰਵਾਇਆ ਗਿਆ। ਡਾਕਟਰੀ ਮੁਆਇਨੇ ਅਤੇ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੇ ਚਿਹਰੇ ’ਤੇ ਮੁਸਕਰਾਹਟ ਅਤੇ ਰੌਣਕ ਦਿਖਾਈ ਦੇ ਰਹੀ ਸੀ। ਜਾਣਕਾਰੀ ਮੁਤਾਬਕ ਦੀਪਕ ਟੀਨੂ ਨੇ ਪ੍ਰਿਤਪਾਲ ਦੀ ਗ੍ਰਿਫ਼ਤ ’ਚੋਂ ਫਰਾਰ ਹੋਣ ਲਈ ਦੋ ਮਾਡਿਊਲ ਵਰਤੇ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ੀਰਕਪੁਰ ਵਾਲੀ ਲੜਕੀ ਨੂੰ ਮੇਕਅੱਪ ਦੀ ਮਾਹਿਰ ਹੋਣ ਕਾਰਨ ਹੀ ਉਸ ਨੂੰ ਦੀਪਕ ਟੀਨੂ ਨੇ ਚਿਹਰੇ ਦਾ ਹਾਵ-ਭਾਵ ਬਦਲਣ ਲਈ ਲੁਧਿਆਣਾ ਤੋਂ ਫੜੇ ਗਏ ਤਿੰਨਾਂ ਜਣਿਆਂ ਰਾਹੀਂ ਮਾਨਸਾ ਬੁਲਾਇਆ ਗਿਆ ਸੀ।
ਦਿਲਚਸਪ ਗੱਲ ਹੈ ਕਿ ਪੁਲੀਸ ਅਤੇ ਸਿਟ ਇਸ ਗੱਲ ਦਾ ਪਤਾ ਨਹੀਂ ਲਗਾ ਸਕੀਆਂ ਹਨ ਕਿ ਪ੍ਰਿਤਪਾਲ ਨੇ ਗੈਂਗਸਟਰ ਨੂੰ ਆਪਣੇ ਘਰ ਲਿਜਾ ਕੇ ਉਥੋਂ ਭਜਾਇਆ ਜਾਂ ਕਿਤੋਂ ਹੋਰ ਜਤਿੰਦਰ ਕੌਰ ਨਾਲ ਮਿਲਾ ਕੇ ਉਸ ਨੂੰ ਭਜਾਇਆ ਗਿਆ। ਭਾਵੇਂ ਦੱਸਿਆ ਜਾ ਰਿਹਾ ਹੈ ਕਿ ਟੀਨੂ ਅਤੇ ਉਸ ਦੀ ਪ੍ਰੇਮਿਕਾ ਪ੍ਰਿਤਪਾਲ ਦੀ ਸਰਕਾਰੀ ਕੋਠੀ ’ਚ ਮਿਲਦੇ ਰਹੇ ਸਨ।
ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਤਿੰਨ ਜਣਿਆਂ ਦਾ 19 ਅਕਤੂਬਰ ਤੱਕ ਦਾ ਰਿਮਾਂਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਦੀਪਕ ਟੀਨੂ ਨੂੰ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਭਜਾਉਣ ’ਚ ਮੱਦਦ ਕੀਤੀ ਸੀ।
ਟੀਨੂ ਦੇ ਦੱਖਣੀ ਅਫਰੀਕਾ ਭੱਜਣ ਦੇ ਚਰਚੇ
ਦੱਸਿਆ ਜਾ ਰਿਹਾ ਹੈ ਕਿ ਟੀਨੂ ਪੁਲੀਸ ਹਿਰਾਸਤ ’ਚੋਂ ਫਰਾਰ ਹੋਣ ਮਗਰੋਂ ਰਾਜਸਥਾਨ ਪਹੁੰਚਿਆ ਅਤੇ ਉਥੋਂ ਉਹ ਮੁੰਬਈ ਦੇ ਰਸਤੇ ਮਾਰੀਸ਼ਸ ਅੱਪੜ ਗਿਆ। ਹੁਣ ਉਸ ਦੇ ਦੱਖਣੀ ਅਫਰੀਕਾ ਵਿੱਚ ਜਾਣ ਦੇ ਚਰਚੇ ਹਨ। ਹਾਲਾਂਕਿ ਇਸ ਸਬੰਧੀ ਪੰਜਾਬ ਪੁਲੀਸ ਅਤੇ ਸਿਟ ਦੇ ਕਿਸੇ ਮੈਂਬਰ ਨੇ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਟੀਨੂ ਫਰਜ਼ੀ ਪਾਸਪੋਰਟ ਰਾਹੀਂ ਦੱਖਣੀ ਅਫਰੀਕਾ ’ਚ ਦਾਖ਼ਲ ਹੋਇਆ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਭਰਾ ਅਤੇ ਭਤੀਜਾ ਵੀ ਫਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜ ਚੁੱਕੇ ਹਨ। ਟੀਨੂ ਦਾ ਲੁਧਿਆਣਾ ਵਿੱਚ ਬਹੁਤ ਵੱਡਾ ਨੈੱਟਵਰਕ ਹੈ। ਜਾਣਕਾਰੀ ਮੁਤਾਬਕ ਟੀਨੂ ਵਿਦੇਸ਼ ਭੱਜਣ ਲਈ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly