ਨਵੀਂ ਦਿੱਲੀ (ਸਮਾਜ ਵੀਕਲੀ):ਕਾਂਗਰਸ ਨੇ ਕੌਮਾਂਤਰੀ ਏਜੰਸੀਆਂ ਵੱਲੋਂ ਭਾਰਤ ਦੀ ਵਿਕਾਸ ਦਰ ਵਿੱਚ ਨਿਘਾਰ ਬਾਰੇ ਕੀਤੀਆਂ ਪੇਸ਼ੀਨਗੋਈਆਂ ’ਤੇ ਵੱਡਾ ਫ਼ਿਕਰ ਜ਼ਾਹਿਰ ਕਰਦਿਆਂ ਅੱਜ ਕਿਹਾ ਕਿ ਸਰਕਾਰ ਦੀ ਸਿਰੇ ਦੀ ਅਣਗਹਿਲੀ ਕਰਕੇ ਅਰਥਚਾਰੇ ਦਾ ਭੱਠਾ ਬੈਠਿਆ ਹੈ। ਕਾਂਗਰਸ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ ਕਿ ਜੀਡੀਪੀ ਅੰਕੜਿਆਂ ਵਿੱਚ ਨਿਘਾਰ ਦਾ ਮਤਲਬ ਵਧੇਰੇ ਬੇਰੁਜ਼ਗਾਰੀ, ਘੱਟ ਆਮਦਨ, ਘੱਟ ਉਤਪਾਦਨ ਤੇ ਨਿਵੇਸ਼ ਦੇ ਇੱਕਾ-ਦੁੱਕਾ ਮੌਕੇ ਹਨ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਹੈ, ਪਰ ਸਰਕਾਰ ਮੰਨਣ ਤੋਂ ਇਨਕਾਰੀ ਹੈ ਕਿ ਦੇਸ਼ ਦੀ ਵਿਕਾਸ ਦਰ ਮੱਠੀ ਪੈਂਦੀ ਜਾ ਰਹੀ ਹੈ।
ਸ੍ਰੀਨੇਤ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਫੰਡ ਨੇ ਇਸ ਸਾਲ ਵਿੱਚ ਦੂਜੀ ਵਾਰ ਭਾਰਤ ਦੀ ਜੀਡੀਪੀ ਅਧਾਰਿਤ ਵਿਕਾਸ ਦਰ ਬਾਰੇ ਆਪਣੀ ਪੇਸ਼ੀਨਗੋਈ ਨੂੰ ਬਦਲਿਆ ਹੈ। 7.4 ਫੀਸਦ ਦੇ ਅੰਕੜੇ ਨੂੰ ਘਟਾ ਕੇ ਹੁਣ 6.8 ਫੀਸਦ ਕਰ ਦਿੱਤਾ ਗਿਆ ਹੈ। ਇਹ ਵੱਡਾ ਕੱਟ ਹੈ ਅਤੇ ਇਕੱਲੇ ਆਈਐੱਮਐੱਫ ਹੀ ਨਹੀਂ ਹੈ, ਜਿਸ ਨੇ ਅਨੁਮਾਨਾਂ ਨੂੰ ਘਟਾਇਆ ਹੈ। ਇਸ ਤੋਂ ਪਹਿਲਾਂ ਹੋਰ ਏਜੰਸੀਆਂ ਜਿਵੇਂ ਆਲਮੀ ਬੈਂਕ, ਏਡੀਬੀ, ਫਿੱਚ, ਮੂਡੀਜ਼ ਤੇ ਯੂਐੱਨਸੀਟੀਏਡੀ ਨੇ ਵੀ ਭਾਰਤ ਦੇ ਵਿਕਾਸ ਦਰ ਬਾਰੇ ਅਨੁਮਾਨ ਘਟਾਏ ਹਨ। ਆਰਬੀਆਈ ਜੀਡੀਪੀ ਬਾਰੇ ਪੇਸ਼ੀਨਗੋਈਆਂ ਨੂੰ ਤਿੰਨ ਵਾਰ ਬਦਲ ਚੁੱਕਾ ਹੈ। ਸ੍ਰੀਨੇਤ ਨੇ ਕਿਹਾ, ‘‘ਸਰਕਾਰ ਆਰਥਿਕ ਸੰਕਟ ਦਰਪੇਸ਼ ਹੋਣ ਦੀ ਗੱਲ ਮੰਨਣ ਤੋਂ ਇਨਕਾਰੀ ਹੈ। ਸਰਕਾਰ ਇਹ ਵੀ ਨਹੀਂ ਮੰਨ ਰਹੀ ਕਿ ਵਿਕਾਸ ਨਿਘਾਰ ਵੱਲ ਹੈ, ਜਦੋਂਕਿ ਆਰਬੀਆਈ ਇਸ ਸਚਾਈ ਨੂੰ ਸਵੀਕਾਰ ਕਰ ਚੁੱਕਾ ਹੈ। ਮੁੱਖ ਆਰਥਿਕ ਸਲਾਹਕਾਰ ਨੇ ਵੀ ਚੁਣੌਤੀਆਂ ਦੀ ਗੱਲ ਮੰਨੀ ਹੈ। ਪਰ ਮੋਦੀ ਤੇ ਸੀਤਾਰਮਨ ਇਸ ਪਾਸੇ ਧਿਆਨ ਦੇਣ ਦੇ ਰੌਂਅ ਵਿਚ ਨਹੀਂ ਜਾਪਦੇ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly