(ਸਮਾਜ ਵੀਕਲੀ)
ਆਕਾਸ਼ ਦੀ ਕਾਲ਼ੀ ਚਾਦਰ ਤੇ
ਸਿਤਾਰੇ ਟਿਮਟਿਮਾਉਂਦੇ
ਮੌਸਮ ਖੁਸ਼ਨੁਮਾ ਏ
ਠੰਢੀਆਂ ਹਵਾਵਾਂ ਨਾਲ
ਆ ਟਕਰਾਉਣ
ਰੂਹ ਠਾਰਦੀਆ
ਆਉਂਦੇ ਜਾਂਦੇ
ਗਲਵੱਕੜੀ ਪਾਉਂਦੀਆਂ ਨੇ
ਦੂਰ ਕਿਧਰੇ ਪਿੱਪਲ
ਦੇ ਪੱਤਿਆਂ ਦੀ
ਖੜ ਖੜ ਕਰਦੀ ਆਵਾਜ਼
ਜਿਉਂ ਖੜਕਣ ਕਲੀਰੇ
ਨਵੀਂ ਵਿਆਹੀ ਮੁਟਿਆਰ ਦੇ
ਰਾਤ ਦਾ ਸੰਨਾਟਾ,ਚੁੱਪੀ ਦਾ ਆਲਮ
ਤਾਰੇ ਹੱਸਦੇ,ਹਵਾ ਵਗਦੀ, ਰੁੱਖ ਨਚਦੇ
ਕਿਤੇ ਕਿਤੇ ਕੋਇਲ ਦੀ ਆਵਾਜ਼ ਸੁਣੇ
ਜਿਵੇਂ ਨੀਂਦ ਦੇ ਝੋਕੇ ਚੋਂ ਅੱਖ ਖੁਲਣ ਤੇ ਬੋਲਦੀ ਹੋਵੇ
ਸਰਘੀ ਵੇਲੇ ਜਪੁਜੀ ਸਾਹਿਬ ਕੋਈ ਗੁਣਗੁਣਾਵੇ
ਕੁਦਰਤ ਦੀਆਂ ਸਿਫਤਾਂ ਦੇ ਗੀਤ ਕੋਈ ਗਾਵੇ
ਕੋਇਲ ਵੀ ਹੁਣ ਨਿਚੱਕ ਰੋਲੀ ਪਾਵੇ
ਦਿਨ ਤੇ ਪਈ ਕਾਲ਼ੀ ਚਾਦਰ ਕੁਝ ਖਿਸਕਦੀ ਜਾਵੇ
ਸ਼ਬਨਮ ਚ ਨਿਖਰੀ ਪ੍ਰਭਾਤ ਨਜ਼ਰੀਂ ਆਵੇ
ਹਾਲੀ ਪਾਲੀ ਨਿਕਲੇ ਸਾਰੇ
ਟੱਲੀਆਂ ਦੀ ਜਗ੍ਹਾ,
ਟਰੈਕਟਰਾਂ ਦੀ ਆਵਾਜ਼ ਆਵੇ
ਪੰਛੀਆਂ ਆਲ੍ਹਣਿਆਂ ਚੋਂ ਨਿਕਲ,
ਕਿੱਧਰੇ ਦੂਰ ਪਰਵਾਜ਼ ਭਰੀ
ਧਾਰਾਂ ਕੱਢਦੀ ਸਵਾਣੀ
ਕਿਤੇ ਮਧਾਣੀ ਚਲਾਉਂਦੀ ਨਜ਼ਰੀਂ ਆਵੇ
ਜਿਵੇਂ ਸੂਰਜ ਦੀ ਆਮਦ ਤੇ
ਸਭਨੇ ਧਰਤੀ ਦੇ ਸੁੱਖ ਮਨਾਏ
ਰਾਤ ਦੀ ਤਾਸੀਰ ਕੁਝ ਵੀ ਹੋਵੇ
ਸੁਬਹਾਂ ਤਾਂ ਸੁੰਦਰ
ਤਬਸ੍ਸੁਮ ਨ੍ਹਾਤੀ ਹੋਵੇ
ਨਵਜੋਤਕੌਰ ਨਿਮਾਣੀ