HOME ਸਤਿਗੁਰੂ ਗਰੀਬ ਦਾਸ ਜੀ ਮਹਾਰਾਜ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ...

ਸਤਿਗੁਰੂ ਗਰੀਬ ਦਾਸ ਜੀ ਮਹਾਰਾਜ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ,ਜਲੰਧਰ

3
ਸਤਿਗੁਰੂ ਗਰੀਬ ਦਾਸ ਜੀ ਮਹਾਰਾਜ

ਬਰਸੀ ‘ਤੇ ਵਿਸ਼ੇਸ਼

  (ਸਮਾਜ ਵੀਕਲੀ)  ਗਰੀਬ ਨਿਵਾਜ -ਸਤਿਗੁਰੂ ਗਰੀਬ ਦਾਸ ਜੀ ਮਹਾਰਾਜ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ,ਜਲੰਧਰ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਹੇਠ 108 ਸੰਤ ਗਰੀਬ ਦਾਸ ਮਹਾਰਾਜ ਜੀ ਦੀ 31ਵੀਂ ਬਰਸੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ । ਪੰਜਾਬ ਦੀ ਪਵਿੱਤਰ ਧਰਤੀ ‘ਤੇ ਤੱਪਦੀਆਂ ਰੂਹਾਂ ਨੂੰ ਠਾਰਨ ਲਈ ਮਹਾਨ ਰਹਿਬਰ ਸਮੇਂ -ਸਮੇਂ ‘ਤੇ ਆਏ । ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਪ੍ਰਸਿੱਧ ਇਤਿਹਾਸਿਕ ਅਸਥਾਨ ਡੇਰਾ ਸੱਚਖੰਡ ਬੱਲਾਂ ਦੀ ਪਵਿੱਤਰ ਧਰਤੀ ‘ਤੇ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਨੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਆਪ ਸਿਮਰਨ ਤੇ ਸੇਵਾ ਦੇ ਪੁੰਜ, ਗਰੀਬ ਨਿਵਾਜ, ਮਿੱਠੇ ਸੁਭਾਅ ਦੇ ਮਾਲਕ, ਦੂਰਅੰਦੇਸ਼ੀ ਸੋਚ ਰੱਖਣ ਵਾਲੇ, ਆਪਣੇ ਰਹਿਬਰਾਂ ਦੀ ਸੋਚ ‘ਤੇ ਪਹਿਰਾ ਦੇਣ ਵਾਲੇ, ਮਹਾਨ ਕ੍ਰਾਂਤੀਕਾਰੀ, ਪਰਉਪਕਾਰੀ, ਗਰੀਬਾਂ ਦੇ ਦੁੱਖਾਂ ਨੂੰ ਦਵਾਈ ਅਤੇ ਦੁਆ ਨਾਲ ਖਤਮ ਕਰਨ ਵਾਲੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਘਰ -ਘਰ ਪਹੁੰਚਾਉਣ ਵਾਲੇ, ਮਹਾਨ ਸੰਤ, ਵਿਦਵਾਨ, ਗਰੀਬਾਂ ਤੇ ਮਜ਼ਲੂਮਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ,ਮਹਾਨ ਰਹਿਬਰ ਸਨ। ਆਪ ਜੀ ਦਾ ਆਗਮਨ 1925 ਈਸਵੀਂ ਨੂੰ ਸਤਿਕਾਰਯੋਗ ਪਿਤਾ ਸ੍ਰੀ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਹਰ ਕੌਰ ਜੀ ਦੇ ਗ੍ਰਹਿ ਪਿੰਡ ਜਲਭੇਆਂ , ਜ਼ਿਲ੍ਹਾ ਜਲੰਧਰ ਵਿਖੇ ਹੋਇਆ । ਆਪ ਜੀ ਦਾ ਸੁਭਾਅ ਬੜਾ ਨਿਰਮਲ ਸਾਧੂ ਸੰਤਾਂ ਵਾਲਾ ਸੀ। ਆਪ ਜੀ ਦੇ ਮਾਤਾ -ਪਿਤਾ ਜੀ ਡੇਰਾ ਸੱਚਖੰਡ ਬੱਲਾਂ ਦੇ ਸ਼ਰਧਾਲੂ ਸਨ। ਇਸੇ ਲਈ ਆਪ ਵੀ ਡੇਰਾ ਸੱਚਖੰਡ ਬੱਲਾਂ ਆ ਕੇ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਸਨ। ਆਪ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਡੇਰੇ ਵਿੱਚ ਆਪ ਦੇਸੀ ਆਯੁਰਵੈਦਿਕ ਦਵਾਈਆਂ ਰੋਗੀਆਂ ਨੂੰ ਦੇ ਕੇ ਉਸ ‘ਤੇ ਦੁਆ ਨਾਲ ਮਿਹਰ ਕਰ ਦਿੰਦੇ ਸਨ। ਆਪ ਜੀ ਨੂੰ 6 ਫਰਵਰੀ 1982 ਤੋਂ ਬਾਅਦ ਡੇਰੇ ਦਾ ਮੁਖੀ ਥਾਪਿਆ ਗਿਆ। ਆਪ ਜੀ ਦੇ ਨਾਲ ਸਹਾਇਕ ਵਜੋਂ ਸ੍ਰੀ 108 ਸੰਤ ਨਿਰੰਜਨ ਦਾਸ ਜੀ ਨੂੰ ਵੀ ਸੇਵਾਵਾਂ ਦੀ ਜ਼ਿੰਮੇਵਾਰੀ ਦਿੱਤੀ ਗਈ। ਸੰਤ ਸਤਿਗੁਰੂ ਗਰੀਬ ਦਾਸ ਜੀ ਦੁਖੀਆਂ ਦੀਆਂ ਪੀੜਾਂ ਨੂੰ ਤਾਂ ਪਹਿਲਾਂ ਹੀ ਚੰਗੀ ਤਰ੍ਹਾਂ ਸਮਝਦੇ ਸਨ ।ਇਸ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਮਹਾਨ ਕਾਰਜ ਸਤਿਗੁਰਾਂ ਦੇ ਨਾਂ ‘ਤੇ ਦੁਖੀਆਂ ਦੀ ਸੇਵਾ ਲਈ ਹਸਪਤਾਲ ਬਣਾਉਣ ਦਾ ਕੀਤਾ ।ਜਿਸ ਦਾ ਸ਼ੁੱਭ ਆਰੰਭ 22 ਅਕਤੂਬਰ 1982 ਨੂੰ ਪਿੰਡ ਢੇਪੁਰ ਕੂਪੁਰ ,ਅੱਡਾ ਕਠਾਰ , ਜ਼ਿਲ੍ਹਾ ਜਲੰਧਰ ਵਿੱਚ ਆਪਣੇ ਕਮਲਾਂ ਨਾਲ ਨੀਂਹ ਪੱਥਰ ਰੱਖ ਕੇ ਕੀਤਾ । ਇਸ ਹਸਪਤਾਲ ਦਾ ਨਾਮ ‘”ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ “‘ਰੱਖਿਆ ਗਿਆ ।ਜਿਸ ਦਾ ਸ਼ੁੱਭ ਉਦਘਾਟਨ ਪਹਿਲੀ ਜਨਵਰੀ 1984 ਨੂੰ ਕੀਤਾ ਗਿਆ। ਇਸ ਦਾ ਪ੍ਰਬੰਧ ਅੱਜ ਤੱਕ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਚਲਾ ਰਿਹਾ ਹੈ। ਜਿਸ ਦੇ ਮੁਖੀ ਹਮੇਸ਼ਾ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਹੋਣਗੇ ।ਸੰਤ ਨਿਰੰਜਨ ਦਾਸ ਜੀ ਟਰੱਸਟ ਦੇ ਚੇਅਰਮੈਨ ਹਨ।ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ‘ਤੇ ਆਧੁਨਿਕ ਸਹੂਲਤਾਂ ਉਪਲੱਬਧ ਹਨ। ਜਿੱਥੋਂ ਲੱਖਾਂ ਹੀ ਰੋਗੀ ਬਹੁਤ ਘੱਟ ਖਰਚ ‘ਤੇ ਵਧੀਆ ਸਿਹਤ ਸਹੂਲਤਾਂ ਦਾ ਲਾਭ ਉਠਾ ਰਹੇ ਹਨ। ਹਸਪਤਾਲ ਦੀ ਸਾਰੀ ਜ਼ਮੀਨ ਸੇਠ ਬੇਲੀ ਰਾਮ ਜੀ ,ਬੀਬੀ ਪੂਰੋ ,ਬੀਬੀ ਭਜਨੋ ,ਸੇਠ ਰਾਜ ਮੱਲ ਅਤੇ ਕੂਪਰ ਪਿੰਡ ਦੀ ਪੰਚਾਇਤ ਵੱਲੋਂ ਦਾਨ ਕੀਤੀ ਗਈ। 200 ਬੈੱਡ ਦੇ ਇਸ ਵਿਸ਼ਾਲ ਹਸਪਤਾਲ ਵਿੱਚ ਸਥਾਪਿਤ ਮੈਡੀਸਨ, ਸਰਜਰੀ, ਗਾਇਨੀ ,ਅੱਖਾਂ, ਦੰਦਾਂ, ਕੰਨਾਂ, ਹੱਡੀਆਂ ਅਤੇ ਬੱਚਿਆਂ ਦੇ ਵਿਭਾਗਾਂ ਰਾਹੀਂ ਵੱਖ -ਵੱਖ ਬਿਮਾਰੀਆਂ ਦਾ ਸਸਤਾ ਤੇ ਵਧੀਆ ਇਲਾਜ ਕੀਤਾ ਜਾ ਰਿਹਾ ਹੈ। ਐਕਸਰੇ, ਸਕੈਨਿੰਗ ਅਤੇ ਲਾਬੋਰਟਰੀ ਵਿੱਚ ਟੈਸਟਾਂ ਲਈ ਆਧੁਨਿਕ ਮਸ਼ੀਨਾਂ ਰੱਖੀਆਂ ਗਈਆਂ ਹਨ। ਜੋ ਗਰੀਬ ਲੋਕ ਮਹਿੰਗਾ ਇਲਾਜ ਨਹੀਂ ਕਰਾ ਸਕਦੇ, ਉਹ ਇਸ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਉਠਾਉਂਦੇ ਹਨ ।ਜੋ ਬਿਲਕੁਲ ਹੀ ਗਰੀਬ ਅਤੇ ਲੋੜਵੰਦ ਮਰੀਜ਼ ਹਨ, ਉਹਨਾਂ ਦਾ ਇਲਾਜ ਮਹਾਰਾਜ ਜੀ ਵੱਲੋਂ ਮੁਫਤ ਕੀਤਾ ਜਾਂਦਾ ਹੈ। ਸਮਾਜ ਦੀ ਆਵਾਜ਼ ਸਪਤਾਹਿਕ ਬੇਗਮਪੁਰਾ ਸ਼ਹਿਰ ਪੱਤ੍ਰਿਕਾ ਰਾਹੀਂ ਸਮਾਜ ਦੀ ਵੱਡੀ ਸੇਵਾ ਹੋ ਰਹੀ ਹੈ ।ਸਤਿਗੁਰ ਸੁਆਮੀ ਗਰੀਬ ਦਾਸ ਜੀ ਨੇ ਪ੍ਰਿੰਟ ਮੀਡੀਆ ਦੀ ਲੋੜ ਨੂੰ ਸਮਝਦਿਆ ਸਮਾਜ ਨੂੰ ਇੱਕ ਮਹਾਨ ਦੇਣ ਬਖਸ਼ਿਸ਼ ਕੀਤੀ ।ਇਸ ਪੱਤ੍ਰਿਕਾ ਦੇ ਆਪ ਜੀ ਬਾਨੀ ਸਨ। 1991 ਵਿੱਚ ਮਹਾਰਾਜ ਜੀ ਨੇ ਇਸ ਪੱਤ੍ਰਿਕਾ ਨੂੰ ਸੁੰਦਰ ਨਗਰ ,ਨੂਰਪੁਰ ਕਲੋਨੀ, ਜਲੰਧਰ ਤੋਂ ਸ਼ੁਰੂ ਕੀਤਾ। ਮਹਾਰਾਜ ਜੀ ਨੇ ਸ੍ਰੀ ਗੁਰੂ ਰਵਿਦਾਸ ਆਈ.ਟੀ .ਆਈ .ਕਾਲਜ ਫਗਵਾੜਾ ਵਿੱਚ ਸੰਤ ਸਰਵਣ ਦਾਸ ਮੈਮੋਰੀਅਲ ਟੀਚਿੰਗ ਬਲਾਕ ਦਾ ਨੀਹ ਪੱਥਰ ਰੱਖਿਆ। ਹਾਲ ਕਮਰੇ ਦੀ ਉਸਾਰੀ ਵੀ ਡੇਰੇ ਵੱਲੋਂ ਕਰਵਾਈ ਗਈ। ਮਹਾਰਾਜ ਜੀ ਨੇ ਡੇਰੇ ਵਿੱਚ ਰਿਹਾਇਸ਼ ਵਾਸਤੇ ਇੱਕ ਵੱਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ,ਜੋ ਉਹਨਾਂ ਦੀ ਕਿਰਪਾ ਨਾਲ ਸੰਪੂਰਨ ਹੋਈ ।ਇਸ ਬਿਲਡਿੰਗ ਵਿੱਚ ਚਾਰ ਵੱਡੇ ਹਾਲ ਅਤੇ 26 ਕਮਰੇ ਬਾਥਰੂਮ ਸਾਹਿਤ ਯਾਤਰੀਆਂ ਦੀ ਸਹੂਲਤ ਲਈ ਉਸਾਰੇ ਗਏ ਹਨ । ਡੇਰੇ ਵਿੱਚ ਪਾਣੀ ਦੀ ਸਪਲਾਈ ਲਈ ਇੱਕ ਟਿਊਬਵੈੱਲ ਅਤੇ ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਕੀਤਾ ਗਿਆ। ਆਪ ਜੀ ਨੇ ਸਤਿਗੁਰ ਸੁਆਮੀ ਸਰਵਣ ਦਾਸ ਜੀ ਦੀ ਯਾਦ ਵਿੱਚ ਇੱਕ ਅਤੀ ਸੁੰਦਰ ਗੇਟ ਦੀ ਉਸਾਰੀ ਵੀ ਕਰਵਾਈ। ਜੋ ਪਠਾਨਕੋਟ -ਜਲੰਧਰ ਰੋਡ ‘ਤੇ ਬਣਿਆ ਹੈ।ਮਹਾਰਾਜ ਜੀ ਨੇ ਵਿਦੇਸ਼ਾਂ ਵਿੱਚ ਆਪਣੇ ਕਰ ਕਮਲਾਂ ਨਾਲ ਗੁਰੂ ਘਰਾਂ ਦੇ ਨੀਂਹ ਪੱਥਰ ਵੀ ਰੱਖੇ। ਮਹਾਰਾਜ ਜੀ ਛੇ ਵਾਰ ਇੰਗਲੈਂਡ, ਤਿੰਨ ਵਾਰ ਅਮਰੀਕਾ ਤੇ ਇੱਕ ਵਾਰ ਕਨੇਡਾ ਵੀ ਗਏ। ਸੰਤ ਗਰੀਬ ਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ,ਬਨਾਰਸ ਵਿਖੇ ਮੰਦਰ ਦੀ ਉਸਾਰੀ ਵਿੱਚ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਮਹਾਰਾਜ ਜੀ ਨੇ 7 ਅਪ੍ਰੈਲ 1994 ਵਿੱਚ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ , ਸੀਰ ਗੋਵਰਧਨ ਪੁਰ , ਕਾਂਸ਼ੀ ਮੰਦਿਰ ‘ਤੇ ਸੋਨੇ ਦੇ ਕਲਸ਼ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਕਰ ਕਮਲਾਂ ਨਾਲ ਕਰਵਾਇਆ। 23 ਜੁਲਾਈ 1994 ਨੂੰ ਆਪ ਸਦਾ ਲਈ ਰੁੱਖਸਤ ਹੋ ਕੇ ਸੱਚਖੰਡ ਜਾ ਬਿਰਾਜੇ। ਆਪ ਜੀ ਵੱਲੋਂ ਡੇਰਾ ਸੱਚਖੰਡ ਬੱਲਾਂ ‘ਚ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਕੇ ਸ਼ਰਧਾਲੂ ਸੰਗਤਾਂ ਹਮੇਸ਼ਾ ਰਿਣੀ ਰਹਿਣਗੀਆਂ। ਸੱਚਮੁੱਚ ਸੰਤਾਂ ਨੇ ਹਮੇਸ਼ਾ ਗਰੀਬਾਂ ਨੂੰ ਨਿਵਾਜਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ।

-ਪ੍ਰਿੰਸੀਪਲ ਪਰਮਜੀਤ ਜੱਸਲ

ਡਾ.ਬੀ.ਆਰ.ਅੰਬੇਡਕਰ ਪਬਲਿਕ ਸਕੂਲ, ਬੁਲੰਦਪੁਰ (ਜਲੰਧਰ )

ਮੋਬਾਇਲ -98721-80653

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleकावड़ियों से पंगा मत लेना
Next articleਦੁਖਦਾਈ ਖ਼ਬਰ ਸ਼੍ਰੀ ਨਿਆਮਤੀ ਜੀਤ ਲੋਕ ਗਾਇਕ ਅਮਰੀਕ ਮਾਇਕਲ ਦੇ ਪਿਤਾ ਜੀ ਦਾ ਹੋਇਆ ਦੇਹਾਂਤ |