(ਸਮਾਜ ਵੀਕਲੀ)
ਤੂੰ ਵੀ ਅੱਤ ਮਚਾਈ ਜਾਨਾਂ।
ਮੈਂ ਵੀ ਧੱਕੇ ਖਾਈ ਜਾਨਾਂ।
ਤੂੰ ਵੀ ਪਰਦੇ ਪਾਈ ਜਾਨਾਂ
ਮੈਂ ਵੀ ਸੰਗਾਂ ਲਾਹੀ ਜਾਨਾਂ।
ਲਾਈ ਊ ਤੇ ਓਹਲਾ ਕਾਹਦਾ
ਕਾਹਨੂੰ ਗੱਲ ਦਬਾਈ ਜਾਨਾਂ।
ਅਜੇ ਮੈਂ ਤੇਰਾ ਨਾਂਓਂ ਨੀ ਲੀਤਾ
ਐਵੇਂ ਹੀ ਘਬਰਾਈ ਜਾਨਾਂ।
ਅਜੇ ਤਾਂ ਢੱਕੀ ਰਿਝਦੀ ਪਈ ਏ
ਕਿਉਂ ਕਾਸਾ ਸਰਕਾਈ ਜਾਨਾਂ।
ਮੁੱਕਦੀ ਏ ਤਾਂ ਮੁੱਕ ਲੈਣ ਦੇ
ਕਾਹਨੂੰ ਖੇਡ ਵਧਾਈ ਜਾਨਾਂ।
ਵੇਖ! ਮੈਂ ਰੌਲ਼ਾ ਪਾ ਦੇਣਾ ਈ
ਕਿਉਂ ਮੈਨੂੰ ਉਕਸਾਈ ਜਾਨਾਂ।
ਬਹਿ ਜਾ ਬਹਿ ਜਾ ਟਿਕ ਕੇ ਬਹਿ ਜਾ
ਮੈਂ ਤੈਨੂੰ ਸਮਝਾਈ ਜਾਨਾਂ।
ਮੇਰੇ ਪੈਰੀਂ ਘੁੰਗਰੂ ਪਾ ਕੇ
ਗਲ਼ੀਓ-ਗਲ਼ੀ ਨਚਾਈ ਜਾਨਾਂ।
ਮੇਰਾ ਸ਼ਿੰਦਿਆ ਕੱਖ ਨੀ ਜਾਣਾ
ਤੂੰ ਅੱਖਾਂ ਵਿਚ ਆਈ ਜਾਨਾਂ।
~ ਰਿਤੂ ਵਾਸੂਦੇਵ


