ਸਰਮਾਏਦਾਰਾ ਲੁੱਟ-ਖਸੁੱਟ ਖਿਲਾਫ ਸੰਘਰਸ਼ ਤੇਜ ਕਰਨ ਦੇ ਸੰਕਲਪ ਲੈਂ ਕੇ ਮਜਦੂਰਾਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਕਾਰਖਾਨਾ ਮਜਦੂਰ ਯੂਨੀਅਨ ਚੰਡੀਗੜ੍ਹ ਵੱਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ਼ ਹੱਲੋਮਾਜਰਾ (ਚੰਡੀਗੜ੍ਹ) ਵਿਖੇ ‘ਮਜਦੂਰ ਦਿਵਸ ਕਾਨਫਰੰਸ’ ਕੀਤੀ ਗਈ। ਕਾਨਫਰੰਸ ਦੀ ਸ਼ੁਰੂਆਤ ਮਜਦੂਰ ਜਮਾਤ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਪ੍ਰਤੀਕ ਲਾਲ ਝੰਡਾ ਲਹਿਰਾ ਕੇ ਅੰਬਰੀ ਗੂੰਜਦੇ ਇਨਕਲਾਬੀ ਨਾਅਰਿਆਂ ਅਤੇ ਕੌਮਾਂਤਰੀ ਗੀਤ ਨਾਲ਼ ਕੀਤੀ ਗਈ। ਕਾਨਫਰੰਸ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਚੰਡੀਗੜ੍ਹ ਦੇ ਮਾਨਵ ਤੇ ਨਿੱਕੀ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਪੁਸ਼ਪਿੰਦਰ ਨੇ ਸੰਬੋਧਨ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਮਈ ਦਿਹਾੜੇ ਦੇ ਇਤਿਹਾਸਕ ਮਹੱਤਵ ਅਤੇ ਦੇਸ਼-ਦੁਨੀਆਂ ਦੇ ਹਲਾਤਾਂ ਅਤੇ ਮਜਦੂਰ ਜਮਾਤ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲਬਾਤ ਕੀਤੀ। ਪ੍ਰੋਗਰਾਮ ਦੌਰਾਨ ਇਨਕਲਾਬੀ ਗੀਤਾਂ ਅਤੇ ਨਾਟਕ ‘ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਅੰਕਿਤ ਨੇ ਬਾਖੂਬੀ ਕੀਤਾ। ਅੰਤ ਵਿੱਚ ਇਲਾਕੇ ’ਚ ਪੈਦਲ ਝੰਡਾ ਮਾਰਚ ਵੀ ਕੀਤਾ ਗਿਆ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਈ ਦਿਹਾੜਾ ਮਜਦੂਰਾਂ ਦੇ ਸੰਘਰਸ਼ਾਂ ਦਾ ਚਿੰਨ੍ਹ ਹੈ। ਦੁਨੀਆ ਭਰ ’ਚ ਹਰ ਸਾਲ 1 ਮਈ ਦਾ ਦਿਨ ‘ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ ਅਤੇ ਅੱਠ ਘੰਟੇ ਮਨੋਰੰਜਨ’ ਦੇ ਨਾਅਰੇ ਹੇਠ ਹੋਏ ਇਤਿਹਾਸਕ ਸੰਘਰਸ਼ ਅਤੇ ਮਜਦੂਰਾਂ-ਕਿਰਤੀਆਂ ਦੇ ਹੋਰ ਹੱਕਾਂ ਲਈ ਕੁਰਬਾਨ ਹੋਏ ਮਜਦੂਰ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮਈ ਦਿਹਾੜੇ ਦੇ ਸ਼ਹੀਦਾਂ ਦੇ ਵਿਚਾਰ, ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦਾ ਜੀਵਨ ਲੁੱਟੀਂਦੇ ਲੋਕਾਂ ਲਈ ਪ੍ਰੇਰਨਾ ਦਾ ਸ੍ਰੋਤ ਹੈ। ਦੁਨੀਆਂ ਭਰ ਤੇ ਭਾਰਤ ਵਿੱਚ ਵੀ ਜੋ ਵੀ ਕਨੂੰਨੀ ਤੌਰ ਉੱਤੇ ਮਜਦੂਰਾਂ ਨੂੰ ਹੱਕ ਮਿਲ਼ੇ ਹਨ, ਉਹ ਸਰਮਾਏਦਾਰ ਜਮਾਤ ਦੀ ਖੈਰਾਤ ਵਿੱਚੋਂ ਨਹੀਂ ਸਗੋਂ ਮਜਦੂਰ ਜਮਾਤ ਦੇ ਇੱਕਮੁੱਠ ਜੁਝਾਰੂ ਸੰਘਰਸ਼ ਅਤੇ ਸਾਡੇ ਪੁਰਖਿਆਂ ਦੀਆਂ ਲਾਸਾਨੀ ਸ਼ਹਾਦਤਾਂ ਸਦਕਾ ਹੀ ਸਾਰੇ ਹੱਕ ਸਾਨੂੰ ਮਿਲ਼ੇ ਹਨ। ਜਦੋਂ ਵੀ ਸਰਕਾਰ ਅਤੇ ਸਰਮਾਏਦਾਰ ਮਜਦੂਰਾਂ ਦੀ ਏਕਤਾ ਨੂੰ ਕਮਜੋਰੀ ਦੀ ਹਾਲਤ ‘ਚ ਦੇਖਦੇ ਹਨ ਤਾਂ ਸਾਡੇ ਹੱਕਾਂ ‘ਤੇ ਹੱਲਾ ਬੋਲ਼ਦੇ ਹਨ।ਬੁਲਾਰਿਆਂ ਨੇ ਕਿਹਾ ਕਿ ਅੱਜ ਭਾਰਤ ਵਿੱਚ ਮਜਦੂਰ ਲਹਿਰ ਦੀ ਕਮਜੋਰੀ ਦੀ ਹਾਲਤ ਵੇਖਦਿਆਂ ਮਜਦੂਰਾਂ, ਕਿਰਤੀਆਂ ਉੱਤੇ ਸਰਮਾਏਦਾਰ ਜਮਾਤ ਵੱਲੋਂ ਤਿੱਖਾ ਆਰਥਿਕ, ਸਿਆਸੀ ਹੱਲਾ ਬੋਲਿਆ ਜਾ ਰਿਹਾ ਹੈ। ਮਜਦੂਰਾਂ ਦੇ ਮਾੜੇ-ਮੋਟੇ ਕਨੂੰਨੀ ਕਿਰਤ ਹੱਕ ਵੀ ਖੋਹੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋਂ ਚਾਰ ਕਿਰਤ ਕੋਡਾਂ ਦੇ ਰੂਪ ਵਿੱਚ ਵੱਡਾ ਹਮਲਾ ਮਜਦੂਰ ਜਮਾਤ ਉੱਤੇ ਬੋਲਿਆ ਗਿਆ ਹੈ। ਹਰੇਕ ਸਰਕਾਰ ਵੱਲੋਂ ਸੰਸਾਰੀਕਰਨ-ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਧੜਾਧੜ ਲਾਗੂ ਕੀਤੀਆਂ ਜਾ ਰਹੀਆਂ ਹਨ। ਫਿਰਕੂ-ਫਾਸ਼ੀ ਹਮਲਾ ਵੀ ਵਧਦਾ ਜਾ ਰਿਹਾ ਹੈ। ਮਜਦੂਰ ਜਮਾਤ ਨੂੰ ਇਹਨਾਂ ਹੱਲਿਆਂ ਦੇ ਟਾਕਰੇ ਲਈ ਹੋਰ ਕਿਰਤੀਆਂ ਨੂੰ ਨਾਲ਼ ਲੈਂਦੇ ਹੋਏ ਵਿਸ਼ਾਲ ਇੱਕਮੁੱਠ ਤਾਕਤ ਉਸਾਰਨੀ ਹੋਵੇਗੀ। ਹਰ ਪ੍ਰਕਾਰ ਦੀ ਲੁੱਟ-ਖਸੁੱਟ-ਬੇਇਨਸਾਫੀ ਖਿਲਾਫ ਜੂਝਣ ਲਈ ਅੱਗੇ ਆਉਣਾ ਹੀ ਪਹਿਲੀ ਮਈ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।



