ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਹੁਸ਼ਿਆਰਪੁਰ ਦੇ 20 ਸਾਲਾ ਸਕਸ਼ਮ ਵਸ਼ਿਸ਼ਟ ਨੇ ਸਰਟੀਫਿਕੇਟ ਕੋਰਸ ਫ਼ਾਰ ਅਕਾਊਂਟੈਂਟਸ ਆਫ਼ ਪੰਚਾਇਤ ਐਂਡ ਮਿਉਂਸਿਪਲ ਬਾਡੀਜ਼ ਦੀ ਲੈਵਲ-1 ਪ੍ਰੀਖਿਆ ਵਿੱਚ 96 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਇਸ ਪ੍ਰੀਖਿਆ ਵਿੱਚ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਸਭ ਤੋਂ ਵੱਧ ਅੰਕ ਹਨ। ਇਸ ਪ੍ਰੀਖਿਆ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਲੋਕ ਹਿੱਸਾ ਲੈਂਦੇ ਹਨ। ਉਸਦੀ ਇਸ ਵਿਲੱਖਣ ਪ੍ਰਾਪਤੀ ਕਾਰਨ ਕਾਲਜ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਇਹ ਜ਼ਿਕਰਯੋਗ ਹੈ ਕਿ ਸਿਰਫ਼ 19 ਸਾਲ ਦੀ ਉਮਰ ਵਿੱਚ, ਸਕਸ਼ਮ ਵਸ਼ਿਸ਼ਟ ਨੇ ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਬੀ.ਕਾਮ (ਆਨਰਜ਼) ਦੇ ਛੇਵੇਂ ਸਮੈਸਟਰ ਦੀ ਪ੍ਰੀਖਿਆ 90 ਫ਼ੀਸਦੀ ਨੰਬਰਾਂ ਨਾਲ ਪਾਸ ਕਰਕੇ ਪੰਜਾਬ ਯੂਨੀਵਰਸਿਟੀ ਵਿੱਚ ਰੈਂਕਿੰਗ ਵੀ ਪ੍ਰਾਪਤ ਕੀਤੀ ਸੀ। ਇਹ ਪ੍ਰੀਖਿਆ ਬੋਰਡ ਫ਼ਾਰ ਲੋਕਲ ਬਾਡੀਜ਼ ਅਕਾਊਂਟੈਂਟਸ ਸਰਟੀਫਿਕੇਸ਼ਨ, ਆਈ.ਸੀ.ਏ.ਆਈ. ਅਕਾਊਂਟਿੰਗ ਰਿਸਰਚ ਫਾਉਂਡੇਸ਼ਨ ਵਲੋਂ ਆਯੋਜਿਤ ਕੀਤੀ ਜਾਂਦੀ ਹੈ। ਇਹ ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ (ਸੀ.ਏ.ਜੀ.) ਅਤੇ ਭਾਰਤੀ ਚਾਰਟਡ ਅਕਾਊਂਟੈਂਟਸ ਸੰਸਥਾ (ਆਈ.ਸੀ.ਏ.ਆਈ.) ਦੀ ਸਰਪ੍ਰਸਤੀ ਹੇਠ ਹੁੰਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਵਿਦਿਆਰਥੀ ਨੇ ਪੂਰੇ ਦੇਸ਼ ਵਿੱਚ ਲੈਵਲ-1 ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰੀਖਿਆ ਲਈ ਉੱਤਰੀ ਜ਼ੋਨ ਦਾ ਕੇਂਦਰ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪ੍ਰੀਖਿਆ 9 ਜਨਵਰੀ 2025 ਨੂੰ ਲਈ ਗਈ ਸੀ। ਇਸ ਮੁਸ਼ਕਲ ਪ੍ਰੀਖਿਆ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਪਰ ਸਕਸ਼ਮ ਵਸ਼ਿਸ਼ਟ ਨੇ ਆਪਣੀ ਮਿਹਨਤ ਅਤੇ ਸ਼ਾਨਦਾਰ ਗਿਆਨ ਨਾਲ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਕੇ ਇਹ ਸਨਮਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ, 9 ਅਗਸਤ 2024 ਨੂੰ ਹੋਈ ਸਰਟੀਫਿਕੇਟ ਕੋਰਸ ਫ਼ਾਰ ਅਕਾਊਂਟੈਂਟਸ ਆਫ਼ ਪੰਚਾਇਤ ਐਂਡ ਮਿਉਂਸਿਪਲ ਬਾਡੀਜ਼ ਦੀ ਹੋਈ ਪ੍ਰਵੇਸ਼-ਕਮ-ਸਕ੍ਰੀਨਿੰਗ ਪ੍ਰੀਖਿਆ ਵਿੱਚ, ਸਕਸ਼ਮ ਨੇ ਵੀ 92 ਪ੍ਰਤੀਸ਼ਤ ਨੰਬਰਾਂ ਨਾਲ ਭਾਰਤ ਵਿੱਚ ਟਾਪ ਕੀਤਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj