ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇੇਰਾਂ ਦੇ ਵਿਹੜੇੇ ਮੀਡੀਆ ਟੀਮ ਦੀ ਮਾਸਿਕ ਇਕੱਤਰਤਾ ਕੀਤੀ ਗਈ ਜਿਸ ਵਿੱਚ ਟਰੱਸਟ ਦੀ ਅਗਵਾਈ ਵਾਲੀਆਂ ਸਿੱਖਿਆ ਅਤੇ ਮੈਡੀਕਲ ਸੰਸਥਾਵਾਂ ਨਾਲ ਸਬੰਧਤ ਵਿਸ਼ੇਸ਼ਤਾਵਾਂ ਦੇ ਪ੍ਰਚਾਰ ਪ੍ਰਸਾਰ ਸਬੰਧੀ ਵੱਖ ਵੱਖ ਪੱਖ ਵਿਚਾਰੇ ਗਏ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਰਦਿਆਂ ਜਨ ਜੀਵਨ ਦੀ ਸਥਾਪਤੀ ਲਈ ਸਮਾਜਿਕ ਸਾਂਝ ਦੀ ਲੋੜ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਕਿਸੇ ਮੁੱਦੇ ’ਤੇ ਵਿਚਾਰਕ ਮੱਤਭੇਦ ਤਾਂ ਹੋ ਸਕਦੇ ਹਨ ਪਰ ਸਮਾਜਿਕ ਸਥਾਪਤੀ ਨੂੰ ਮੱੁਖ ਰੱਖਦਿਆਂ ਭਾਈਚਾਰਕ ਸਾਂਝ ਜ਼ਰੂਰ ਕਾਇਮ ਰਹਿਣੀ ਚਾਹੀਦੀ ਹੈ। ਉਪਰੰਤ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਾਇਸ ਪ੍ਰਿੰਸੀਪਲ ਰਾਜਦੀਪ ਥਿਥਵਾਰ ਨੇ ਕਿਹਾ ਕਿ ਸਮਾਜਿਕ ਸਾਂਝ ਬਿਨਾਂ ਅਸੀਂ ਤਰੱਕੀ ਦੇ ਰਾਹ ’ਤੇ ਨਹੀਂ ਪੈ ਸਕਦੇ ਇਸ ਲਈ ਸਾਨੂੰ ਚੰਗਾ ਮਾਹੌਲ ਸਿਰਜਨ ਲਈ ਤਾਲਮੇਲ ਅਤੇ ਸਾਥਮਈ ਵਿਚਾਰਾਂ ਦੇ ਹਾਮੀਦਾਰ ਹੋਣਾ ਚਾਹੀਦਾ ਹੈ। ਟਰੱਸਟ ਦੇ ਦਫ਼ਤਰ ਨਿਗਰਾਨ ਮਹਿੰਦਰਪਾਲ ਸਿੰਘ ਅਤੇ ਮੀਡੀਆ ਟੀਮ ਦੇ ਨੁਮਾਇੰਦੇ ਸੁਰਜੀਤ ਮਜਾਰੀ ਨੇ ਵੀ ਸਾਂਝੀ ਰਾਏ ਪ੍ਰਗਟਾਉਂਦਿਆਂ ਸਮਾਜਿਕ ਵਰਤਾਰੇ ਨੂੰ ਸਾਰਥਿਕ ਬਣਾਉਣ ਲਈ ਉਕਤ ਵਿਚਾਰਾਂ ਦੀ ਪ੍ਰੋੜਤਾ ਕੀਤੀ। ਸਾਰੇ ਬੁਲਰਿਆਂ ਨੇ ਇਹ ਪੱਖ ਵੀ ਉਭਾਰਿਆ ਕਿ ਭਾਵੇਂ ਸਿਆਸੀ ਗਲਿਆਰਾ ਆਪਣੇ ਹਿੱਤਾਂ ਲਈ ਕਈ ਵਾਰ ਸਮਾਜਿਕ ਤੌਰ ’ਤੇ ਵਿਖਰੇਵੇਂ ਦੀ ਰਾਜਨੀਤੀ ਕਰਦਾ ਹੈ ਪਰ ਲੋਕਾਂ ਨੂੰ ਸਮਾਜ ਦੇ ਹਿੱਤਾਂ ’ਤੇ ਪਹਿਰਾਂ ਦਿੰਦਿਆਂ ਨਾਕਾਰਾਤਮਕ ਪ੍ਰਭਾਵਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਮੀਟਿੰਗ ਵਿੱਚ ਸਿੱਖਿਆ ਡਾਇਰੈਕਟਰ ਪ੍ਰੋ. ਹਰਬੰਸ ਸਿੰਘ ਬੋਲੀਨਾ, ਸਮਾਜਿਕ ਚਿੰਤਕ ਡਾ. ਗੁਰਤੇਜ ਸਿੰਘ, ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਫ਼ਸਟ ਡੈਸਕ ਮੈਨੇਜ਼ਰ ਮੈਡਮ ਜੋਤੀ ਭਾਟੀਆ, ਅਧਿਆਪਕ ਰਮਨ ਕੁਮਾਰ, ਮੈਡਮ ਗੁਰਪ੍ਰੀਤ ਕੌਰ, ਰੁਪਿੰਦਰ ਸੰਧੂ ਆਦਿ ਵੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



