ਗ਼ਜ਼ਲ ਜਿਹੀ ਸੂਖ਼ਮ ਸਿਨਫ਼ ਨੂੰ ਪ੍ਰਣਾਈ ਸ਼ਾਇਰਾ : ਜਗਜੀਤ ਕੌਰ ਢਿੱਲਵਾਂ

– ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ) ਜਗਜੀਤ ਕੌਰ ਢਿੱਲਵਾਂ ਪੰਜਾਬੀ ਗ਼ਜ਼ਲ ਦੀ ਜ਼ਦੀਦ ਸ਼ਾਇਰਾ ਹੈ। ਹਥਲੀ ਪੁਸਤਕ ‘ਵੰਝਲੀ ਦੀ ਤਾਨ’ ਤੋਂ ਪਹਿਲਾਂ ਉਨ੍ਹਾਂ ਦੀ ਪੰਜਾਬੀ ਲੋਕਧਾਰਾ ਦੀ ਬਾਤ ਪਾਉਂਦੀ ਪੁਸਤਕ ‘ਸਿਰ ਸੋਂਹਦੀ ਫ਼ੁਲਕਾਰੀ’ (ਨਿਬੰਧ ਸੰਗ੍ਰਹਿ ) 2015 ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ। ਇਹ ਲੋਕਧਾਰਾਈ ਪੁਸਤਕ ਪੰਜਾਬੀ ਸਾਹਿਤ ਸਭਾ (ਰਜਿ), ਬਰਨਾਲਾ ਵੱਲੋਂ 2024 ਵਿੱਚ ਕਰਵਾਏ  ‘ਬਰਨਾਲਾ ਦੇ ਸਾਹਿਤਕਾਰਾਂ ਦੀ ਪੰਜਾਬੀ ਲੋਕਧਾਰਾ ਨੂੰ ਦੇਣ’ ਸਮਾਗਮ ਦੌਰਾਨ ਉਸ ਵਿੱਚ ਹੋਰਾਂ ਸਾਹਿਤਕਾਰਾਂ ਦੇ ਨਾਲ਼ ਸ਼ਾਮਲ ਕੀਤੀ ਗਈ ਸੀ।ਹਥਲਾ ਗ਼ਜ਼ਲ ਸੰਗ੍ਰਹਿ ਪੁਸਤਕ ਉਨ੍ਹਾਂ ਦੀ ਦੂਸਰੀ ਮੌਲਿਕ ਪੁਸਤਕ  ਹੈ । ਮੇਰਾ ਉਨ੍ਹਾਂ ਦੀ ਗ਼ਜ਼ਲ ਸਿਰਜਣ ਨਾਲ਼  ਵਾਹ- ਵਾਸਤਾ ਪਿਛਲੇ ਕੁੱਝ ਸਾਲਾਂ ਤੋਂ ਹੈ। ਉਨ੍ਹਾਂ ਦੀ ਗ਼ਜ਼ਲ ਅਤੇ ਸ਼ਿਅਰਕਾਰੀ ਸ਼ੋਸ਼ਲ ਮੀਡੀਆ ‘ਤੇ ਖ਼ੂਬ ਪ੍ਰਸੰਸਾ ਖੱਟ ਰਹੀ ਹੈ। ਇਸ ਪੁਸਤਕ ਦਾ ਸਮਰਪਣ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਜਗਜੀਤ ਦੇ ਸਾਹਿਤਕ ਖੇਤਰ ਵਿੱਚ ਉਨ੍ਹਾਂ ਦੇ ਪਿਤਾ ਸ੍ਰ ਰੂਪ ਸਿੰਘ ਦਾ ਬਹੁਤ ਯੋਗਦਾਨ ਹੈ ਜੋ ਕਿ ਖ਼ੁਦ ਇੱਕ ਸਾਹਿਤਕਾਰ ਹਨ ਅਤੇ ਸੂਖ਼ਮ ਅਹਿਸਾਸ ਮਾਤਾ ਮਹਿੰਦਰ ਕੌਰ ਤੋਂ ਨਸੀਬ ਹੋਏ ਹਨ। ਇਹ ਗੱਲ ਵੀ ਸਮਰਪਣ ਵਿੱਚ ਮਾਂ ਦੀ ਮਾਖਿਓਂ ਮਿੱਠੀ ਮਮਤਾ ਦੀ ਗਵਾਹੀ ਭਰਦੀ ਹੈ।ਇਹ ਜਗਜੀਤ ਕੌਰ ਨੂੰ ਪੀੜ੍ਹੀ-ਦਰ- ਪੀੜ੍ਹੀ ਵਿਰਾਸਤ ਵਿੱਚ ਮਿਲਿਆ ਅਮੋਲ ਖ਼ਜ਼ਾਨਾ ਆਖਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗਾ। ਅੱਜਕੱਲ੍ਹ ਉਨ੍ਹਾਂ ਦੇ ਜੀਵਨ ਸਾਥੀ ਸ੍ਰ ਸੁਖਵਿੰਦਰ ਸਿੰਘ ਵੀ ਉਨ੍ਹਾਂ ਦੀ ਸਿਰਜਣ ਪ੍ਰਕਿਰਿਆ ਵਿੱਚ ਦਿਲਚਸਪੀ ਲੈ ਰਹੇ ਹਨ ਜੋ ਮੋਢੇ ਨਾਲ਼ ਮੋਢਾ ਲਾ ਕੇ ਹਮੇਸ਼ਾਂ ਉਨ੍ਹਾਂ ਨਾਲ਼ ਖੜ੍ਹੇ ਹਨ। ਜਗਜੀਤ ਆਪਣੀ ਗ਼ਜ਼ਲਕਾਰੀ ਵਿੱਚ ਸਿਰਫ਼ ਨਾਰੀ ਵੇਦਨਾ ਦੀ ਹੀ ਗੱਲ ਨਹੀਂ ਕਰਦੀ ਸਗੋਂ ਬੜੀ ਸੁਹਿਰਦਤਾ ਅਤੇ ਬੇਬਾਕੀ ਨਾਲ਼ ਜਾਇਜ਼ ਲੋਕ ਮਸਲਿਆਂ ਅਤੇ ਮਾਨਵੀ ਸਰੋਕਾਰਾਂ ਨੂੰ ਵੀ ਆਪਣੀ ਲਿਖਣ ਕਲਾ ਦਾ ਹਿੱਸਾ ਬਣਾਉਂਦੀ ਹੈ। ਉਹ ਲੋਕ ਮਸਲਿਆਂ ਦੀ ਬਾਤ ਵੀ ਪਾਉਂਦੀ ਹੈ ਅਤੇ ਕਿਸੇ ਸਿੱਟੇ ‘ਤੇ ਪਹੁੰਚ ਕੇ ਉਸਦਾ ਸਾਰਥਿਕ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦੀ ਹੈ। ਉਸਦੀ ਸ਼ਾਇਰੀ ਵਿੱਚ ਨਕਰਾਤਮਿਕਤਾ ਦੀ ਥਾਂ ਸਕਰਾਤਮਿਤਾ ਦਾ ਝਲਕਾਰਾ ਥਾਂ-ਪੁਰ-ਥਾਂ ਬਿਰਾਜਮਾਨ ਹੈ। ਇਸ ਪੁਸਤਕ ਵਿੱਚ 77 ਗ਼ਜ਼ਲਾਂ ਸ਼ੁਮਾਰ ਹਨ ਜਿਸ ਵਿੱਚੋਂ  ਇੱਕ ਗ਼ਜ਼ਲ ਤਤਕਰਾ ਤੋਂ ਪਹਿਲਾਂ ਸਸ਼ੋਭਿਤ ਹੈ। ਤਤਕਰਾ ਤੋਂ ਬਾਅਦ ਦੀ ਗ਼ਜ਼ਲ ‘ਮੇਰੇ ਮਨ ਮਸਤਕ’ ਮੰਗਲਾਚਰਨ ਦੇ ਰੂਪ ਵਿੱਚ ਪ੍ਰਥਮ ਰਚਨਾ ਦੇ ਤੌਰ ‘ਤੇ ਪੇਸ਼ ਕੀਤੀ ਗਈ ਹੈ ਅਤੇ ਆਖ਼ਰੀ ਗ਼ਜ਼ਲ ‘ਚੀਰ ਹਰਨ’ ਨਾਰੀ ਵੇਦਨਾ ਨੂੰ ਪ੍ਰਗਟ ਕਰਦੀ ਹੈ।
ਪਹਿਲੀ ਗ਼ਜ਼ਲ ‘ਮੇਰੇ ਮਨ ਮਸਤਕ’ ਦਾ ਮਤਲਾ :–
‘ਮੇਰੇ ਮਨ ਮਸਤਕ ਦੀ ਮਮਟੀ,
ਉੱਚੀ ਸੋਚ ਦੀ ਜੋਤ ਜਗਾਵੀਂ।
ਨਾਨਕ ਅਪਣਾ ਗੂੜ੍ਹ ਫ਼ਲਸਫ਼ਾ,
ਮੇਰੇ ਹਿਰਦੇ ਵਿੱਚ ਵਸਾਵੀਂ।’
ਆਖ਼ਰੀ ਗ਼ਜ਼ਲ ‘ਚੀਰ ਹਰਨ’  ਦਾ ਇੱਕ ਸ਼ਿਅਰ ਦੇ ਰੂਪ ਵਿੱਚ ਮਤਲਾ :–
‘ ਅਨੇਕਾਂ ਚੀਰ ਹਰਨਾਂ ਦਾ
ਉਹ ਲਾਹ ਕੇ ਭਾਰ ਆਈ ਹੈ।
ਵਟਾ ਕੇ ਰੂਪ ਦੁਰਗਾ ਦਾ,
ਅਜੋਕੀ ਨਾਰ ਆਈ ਹੈ।’
ਪੰਛੀਆਂ ਦੀ ਵੇਦਨਾ ਦੀ ਬਾਤ ਪਾਉਂਦਾ ਖ਼ੂਬਸੂਰਤ ਮਤਲਾ ਦੇਖੋ :–
‘ਬਿਰਖਾਂ ਹਉਕਾ ਭਰਿਆ,ਚਿੜੀਆਂ ਡਰ ਗਈਆਂ।
ਪਹਿਲਾਂ ਇੱਲ੍ਹਾਂ ਅੰਬਰ, ਸੁੰਨਾ ਕਰ ਗਈਆਂ।
ਇੱਕ ਹੋਰ ਖ਼ੂਬਸੂਰਤ ਸ਼ਿਅਰ ਦੇਖੋ :–
‘ਘੁਲੇ ਨਿੱਤ ਰੱਤ ਮਾਨਸ ਦੀ,
ਪਵਿੱਤਰ ਪਾਣੀਆਂ ਅੰਦਰ।
ਤਦੇ ਤਾਂ ਖ਼ੂਨ ਦੇ ਵਰਗਾ,
ਵਗੇ ਹੁਣ ਨੀਰ ਨਹਿਰਾਂ ਅੰਦਰ।’
ਗ਼ਜ਼ਲ ਦੇ ਮਾਨਵੀਕਰਨ ਹੋਣ ਦੀ ਸੁੰਦਰ ਉਦਾਹਰਨ ਗ਼ਜ਼ਲ ਦੇ ਇਸ ਮਤਲਾ ਵਿੱਚ ਦੇਖੋ :–
‘ ਕਰਾਂ ਜਦ ਛੁਪਣ ਦੀ ਕੋਸ਼ਿਸ਼,
ਇਹ ਰਹਿੰਦੀ ਪਿਆਰਦੀ ਮੈਨੂੰ।
“ਛੁਪਣ ਤਾਂ ਬੁਜ਼ਦਿਲੇ ਅੜੀਏ”,
ਗ਼ਜ਼ਲ ਫਿਟਕਾਰਦੀ ਮੈਨੂੰ।’
ਇਸ ਤਰ੍ਹਾਂ ਹਥਲੀ ਪੁਸਤਕ ਵਿੱਚੋਂ ਹੋਰ ਵੀ ਖ਼ੂਬਸੂਰਤ ਸ਼ਿਅਰਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜੋ ਜਗਜੀਤ ਦੀ ਗ਼ਜ਼ਲ ਪ੍ਰਤੀ ਸੰਜੀਦਗੀ ਦਾ ਹਾਸਿਲ ਹੋ ਨਿਬੜਦੇ ਹਨ। ਇਸ ਪੁਸਤਕ ਵਿੱਚ ਜਿੱਥੇ ਜਗਜੀਤ ਨੇ ਰੂਪਕ ਪੱਖ ਤੋਂ ਕਈ ਮੁਰੱਕਬ ਤੇ ਮੁਫ਼ੱਰਦ ਬਹਿਰਾਂ ਦੀਆਂ ਬੰਦਿਸ਼ਾਂ ਦਾ ਪ੍ਰਯੋਗ ਕੀਤਾ ਹੈ ਉੱਥੇ ‘ਮਨ ਦੇ ਬਾਗ਼ੀਂ’ ਦੇ ਰੂਪ ਵਿੱਚ ਮੁਸਤਜ਼ਾਦ ਗ਼ਜ਼ਲ ਦੀ ਸਿਰਜਣਾ ਵੀ ਕੀਤੀ ਹੈ ਜੋ ਜਗਜੀਤ ਦੀ ਗ਼ਜ਼ਲ ਪ੍ਰਤੀ ਦਿਲੀ ਲਗਾਓ ਦੀ ਪੇਸ਼ਕਾਰੀ ਕਰਦੀ ਹੈ।ਕੁਝ ਗ਼ਜ਼ਲਾਂ ਮੁਸੱਲਸਲ  ਗ਼ਜ਼ਲ ਦੇ ਰੂਪ ਵਿੱਚ ਸਾਹਮਣੇ  ਆਈਆਂ ਹਨ।ਇਸ ਪੁਸਤਕ ਵਿੱਚ ਕੁੱਝ ਕੁ ਬਹਿਰ- ਬੰਦਿਸ਼ਾਂ ਵਿੱਚ ਖ਼ਾਮੀਆਂ ਵੀ ਹਨ ਜੋ ਅਗਲੇਰੀ ਪੁਸਤਕ ਲਈ ਜਗਜੀਤ ਤੋਂ ਮਿਹਨਤ ਦੀ ਮੰਗ ਕਰਦੀਆਂ ਹਨ। ਜਗਜੀਤ ਗ਼ਜ਼ਲ ਜਿਹੀ ਸੂਖ਼ਮ ਸਿਨਫ਼ ਨੂੰ ਪ੍ਰਣਾਈ ਹੋਈ ਸ਼ਾਇਰਾ ਹੈ ਜੋ ਇਨ੍ਹਾਂ ਛੋਟੀਆਂ-ਮੋਟੀਆਂ ਊਣਤਾਈਆਂ ਤੋਂ ਭਵਿੱਖ ਵਿੱਚ ਨਿਜ਼ਾਤ ਪਾਵੇਗੀ। ਇਹ ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ।
ਇਹ ਪੁਸਤਕ ‘ਵੰਝਲੀ ਦੀ ਤਾਨ’ ਯਕੀਨਨ ਤੌਰ ‘ਤੇ ਸੁਹਿਰਦ ਪਾਠਕਾਂ ਨੂੰ ਖ਼ੂਬ ਪਸੰਦ ਆਵੇਗੀ ਅਤੇ ਗ਼ਜ਼ਲ ਖ਼ੇਤਰ ਵਿੱਚ ਨਾਮਣਾ ਖੱਟੇਗੀ।ਇਸ ਆਸ ਨਾਲ਼ ਜਗਜੀਤ ਕੌਰ ਨੂੰ ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ‘ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਆਪਣੀ ਕਲ਼ਮ ਨੂੰ ਵਿਸ਼ਰਾਮ ਦਿੰਦਾ ਹਾਂ…ਆਮੀਨ।
ਪਤਾ :–
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ ( ਨਾਈਵਾਲਾ)
ਤਹਿ. ਤੇ ਜਿਲ੍ਹਾ — ਬਰਨਾਲਾ 
ਪੰਜਾਬ — 148100
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਨਿਦਰਜੀਤ ਵਲੋਂ ਸਰਕਾਰ ਦੇ ਖਿਲਾਫ ਲਾਈਆਂ ਖਬਰਾਂ ਅੱਖਾਂ ਵਿੱਚ ਪਈ ਰੇਤ ਦੀ ਤਰ੍ਹਾਂ ਰੜਕਦੀਆਂ ਹਨ : ਬੇਗਮਪੁਰਾ ਟਾਈਗਰ ਫੋਰਸ
Next articleਬਾਬਾ ਸਾਹਿਬ ਦੇ ਜਨਮ ਦਿਵਸ ਮਨਾਉਣ ਸੰਧੀ ਮੀਟਿੰਗ ਆਯੋਜਿਤ