ਲੁਧਿਆਣਾ (ਸਮਾਜ ਵੀਕਲੀ): ਇਥੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੋ ਸਕੇ ਭਰਾਵਾਂ ਨੂੰ ਝੂਠੇ ਪੁਲੀਸ ਮੁਕਾਬਲੇ ’ਚ ਮਾਰਨ ਦੇ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਸਿਪਾਹੀ ਯਾਦਵਿੰਦਰ ਅਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ ਇੱਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਝੂਠੇ ਮੁਕਾਬਲੇ ’ਚ ਮਾਛੀਵਾੜਾ ਦੇ ਪਿੰਡ ਭੋਆਪੁਰ ਵਾਸੀ ਜਤਿੰਦਰ ਸਿੰਘ ਤੇ ਉਸ ਦੇ ਭਰਾ ਹਰਿੰਦਰ ਸਿੰਘ ਨੂੰ ਮਾਰਿਆ ਗਿਆ ਸੀ।
ਪੀੜਤ ਪਰਿਵਾਰ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ। ਜਾਣਕਾਰੀ ਅਨੁਸਾਰ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ’ਚ 27 ਸਤੰਬਰ 2014 ਨੂੰ ਸਵੇਰੇ ਮਾਛੀਵਾੜਾ ਪੁਲੀਸ ਦੇ ਨਾਲ ਅਕਾਲੀ ਆਗੂ ਗੁਰਜੀਤ ਸਿੰਘ ਮੌਜੂਦ ਸੀ ਤੇ ਉਨ੍ਹਾਂ ਨੇ ਦੋਵੇਂ ਸਕਾ ਭਰਾਵਾਂ ਦਾ ਕਤਲ ਕਰਕੇ ਇਸ ਨੂੰ ਪੁਲੀਸ ਮੁਕਾਬਲਾ ਦਿਖਾਇਆ ਸੀ। ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਮੁਕਾਬਲਾ ਝੂਠਾ ਹੈ। ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ’ਚ ਯਾਦਵਿੰਦਰ ਸਿੰਘ ਸਿਪਾਹੀ, ਪੰਜਾਬ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਦੇ ਨਾਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਕਤਲ, ਆਰਮਜ਼ ਐਕਟ ਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਇਸ ਮਾਮਲੇ ’ਚ ਮਾਛੀਵਾੜਾ ਸਾਹਿਬ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜ਼ਦ ਕਰਨ ਦੇ ਨਾਲ-ਨਾਲ ਐੱਸਐੱਸਪੀ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਐੱਸਆਈਟੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਸ ਕੇਸ ਦਾ ਚਲਾਨ ਪੇਸ਼ ਹੋਇਆ ਸੀ। ਹਾਲਾਂਕਿ ਇਸ ਮਾਮਲੇ ’ਚ ਐੱਸਐੱਚਓ ਤੇ ਉਸ ਦਾ ਰੀਡਰ ਹਾਲੇ ਵੀ ਫਰਾਰ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly