ਟੁਮਕੁਰੂ (ਕਰਨਾਟਕ) (ਸਮਾਜ ਵੀਕਲੀ) : ਭਾਰਤ ਜੋੜੋ ਯਾਤਰਾ ਹਰ ਉਮਰ ਵਰਗ ਅਤੇ ਵੱਖ ਵੱਖ ਕਿੱਤਿਆਂ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਯਾਤਰਾ ਨਾਲ ਤਿੰਨ ਬੱਚਿਆਂ ਦੀ ਮਾਂ ਤੋਂ ਲੈ ਕੇ ਸਾਬਕਾ ਬਾਸਕਟਬਾਲ ਖਿਡਾਰਨ, ਵਕੀਲ ਅਤੇ ਨੌਜਵਾਨ ਵੀ ਜੁੜ ਰਹੇ ਹਨ। ਖ਼ਿੱਤਿਆਂ ਅਤੇ ਭਾਸ਼ਾਵਾਂ ਵੱਖ ਹੋਣ ਦੇ ਬਾਵਜੂਦ ਸਾਰੇ 117 ਭਾਰਤ ਯਾਤਰੀ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਨੌਕਰੀ ਛੱਡ ਕੇ ਯਾਤਰਾ ’ਚ ਸ਼ਾਮਲ ਹੋਈ ਨਾਸਿਕ (ਮਹਾਰਾਸ਼ਟਰ) ਦੀ ਆਤਿਸ਼ਾ ਨੇ ਕਿਹਾ ਕਿ ਉਹ ਦੇਸ਼ ਦਾ ਚਿਹਰਾ ਬਦਲਣਾ ਚਾਹੁੰਦੀ ਹੈ। ਬਾਸਕਟਬਾਲ ਦੀ ਸਾਬਕਾ ਖਿਡਾਰਨ ਹੁਣ 3750 ਕਿਲੋਮੀਟਰ ਦੀ ਯਾਤਰਾ ਮੁਕੰਮਲ ਕਰਨਾ ਚਾਹੁੰਦੀ ਹੈ। ਬੀਟੈੱਕ ਪਾਸ ਆਤਿਸ਼ਾ ਨੂੰ ਏਅਰ ਇੰਡੀਆ ’ਚ ਚੰਗੀ ਨੌਕਰੀ ਮਿਲੀ ਸੀ ਪਰ ਉਸ ਨੇ ਭਾਰਤ ਜੋੜੋ ਯਾਤਰਾ ਨਾਲ ਜੁੜਨ ਨੂੰ ਤਰਜੀਹ ਦਿੱਤੀ। ਨਾਗਪੁਰ ਦੀ ਵੈਸ਼ਨਵੀ ਭਾਰਦਵਾਜ ਘੱਟ ਉਮਰ ਦੀ ਯਾਤਰੀ ਹੈ ਜੋ ਰਾਹੁਲ ਗਾਂਧੀ ਨਾਲ ਚੱਲ ਰਹੀ ਹੈ।
ਐੱਨਐੱਸਯੂਆਈ ਦੀ ਕੋਅਰਾਡੀਨੇਟਰ ਅਤੇ ਪੱਤਰਕਾਰੀ ਦੀ ਪੜ੍ਹਾਈ ਕਰ ਚੁੱਕੀ ਵੈਸ਼ਨਵੀ ਲੋਕਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਬੁਰਕਾ ਵਿਵਾਦ ਵਰਗੇ ਮੁੱਦਿਆਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਅਨੂਲੇਖਾ ਨੇ ਕਾਨੂੰਨ ’ਚ ਮਾਸਟਰਜ਼ ਡਿਗਰੀ ਕੀਤੀ ਹੈ ਅਤੇ ਉਹ ਕਾਂਗਰਸ ਨੂੰ ਇਕ ਸਾਲ ਦੇਣਾ ਚਾਹੁੰਦੀ ਹੈ। ਤਿੰਨ ਬੱਚਿਆਂ ਦੀ ਮਾਂ ਲਹਿੰਗ ਕਿਮ ਹਾਓਕਿਪ (ਮਨੀਪੁਰ) ਪਰਿਵਾਰ ਪਿੱਛੇ ਛੱਡ ਕੇ ਮੁਲਕ ਨੂੰ ਇਕਜੁੱਟ ਕਰਨ ਦੇ ਰਾਹ ’ਤੇ ਤੁਰ ਪਈ ਹੈ। ਯਾਤਰਾ ’ਚ 35 ਮਹਿਲਾਵਾਂ ਸ਼ਾਮਲ ਹਨ। ਪੰਜਾਬ ਤੋਂ ਸੇਵਾ ਦਲ ਦੇ ਵਾਲੰਟੀਅਰ ਨਰਿੰਦਰ ਬਾਤਿਸ਼ ਰਾਹੁਲ ਗਾਂਧੀ ਦੇ ਸੁਰੱਖਿਆ ਘੇਰੇ ’ਚ ਸ਼ਾਮਲ ਹਨ ਅਤੇ ਉਹ ਭੀੜ ਨੂੰ ਕੰਟਰੋਲ ਕਰਦੇ ਹਨ। ਬਾਤਿਸ਼ ਨੇ ਕਿਹਾ ਕਿ ਉਹ ਪੂਰੇ ਮੁਲਕ ਦੀ ਪਰਿਕਰਮਾ ਮੁਕੰਮਲ ਕਰਨ ਦੇ ਇੱਛੁਕ ਹਨ ਅਤੇ ਭਾਰਤ ਜੋੜੋ ਯਾਤਰਾ ਇਤਿਹਾਸਕ ਮੌਕਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly