ਰੂਸ ਵੱਲੋਂ ਕੀਵ ਤੇ ਹੋਰਨਾਂ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ; 11 ਹਲਾਕ

 

  • ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਏਜੰਸੀਆਂ ਦੇ ਵੱਖੋ ਵੱਖਰੇ ਦਾਅਵੇ
  • ਪੂਤਿਨ ਨੇ ਹਮਲੇ ਨੂੰ ਯੂਕਰੇਨ ਦੀ ਦਹਿਸ਼ਤੀ ਸਰਗਰਮੀਆਂ ਦਾ ਜਵਾਬ ਦੱਸਿਆ

ਕੀਵ (ਸਮਾਜ ਵੀਕਲੀ): ਰੂਸ ਵੱਲੋਂ ਅੱਜ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਹੋਰਨਾਂ ਕਈ ਸ਼ਹਿਰਾਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 11 ਵਿਅਕਤੀ ਹਲਾਕ ਹੋ ਗਏ। ਰੂਸ ਨੇ ਉਪਰੋਥੱਲੀ ਮਿਜ਼ਾਈਲਾਂ ਦਾਗ਼ ਕੇ ਕੀਵ ਦੇ ਕੇਂਦਰੀ ਇਲਾਕੇ ਸਣੇ ਆਮ ਵਸੋਂ ਵਾਲੇ ਹੋਰਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਨੇ ਸੜ ਚੁੱਕੀਆਂ ਕਾਰਾਂ ਤੇ ਤਬਾਹ ਹੋਈਆਂ ਇਮਾਰਤਾਂ ਦੇ ਮੰਜ਼ਰ ਨੂੰ ਮੁੜ ਤਾਜ਼ਾ ਕਰ ਦਿੱਤਾ। ਉਧਰ ਯੂਕਰੇਨੀ ਪੁਲੀਸ ਨੇ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ ਦਸ ਵਿਅਕਤੀਆਂ ਦੇ ਹਲਾਕ ਹੋਣ ਤੇ 64 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਮੁਲਕ ਦੀ ਹੰਗਾਮੀ ਸੇਵਾਵਾਂ ਬਾਰੇ ਏਜੰਸੀ ਨੇ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 9 ਦੱਸੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ’ਤੇ ਹਮਲੇ ਕੀਵ ਦੀਆਂ ਦਹਿਸ਼ਤੀ ਸਰਗਰਮੀਆਂ ਦੇ ਜਵਾਬ ਵਿੱਚ ਕੀਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਕਰੇਨ ਜੇਕਰ ਰੂਸ ’ਤੇ ‘ਦਹਿਸ਼ਤੀ ਹਮਲੇ’ ਜਾਰੀ ਰੱਖਦਾ ਹੈ ਤਾਂ ਮਾਸਕੋ ਵੱਲੋਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਯੂਕਰੇਨੀ ਫੌਜ ਨੇ ਸ਼ਨਿੱਚਰਵਾਰ ਨੂੰ ਰੂਸ ਤੇ ਕ੍ਰੀਮਿਆਈ ਪ੍ਰਾਇਦੀਪ ਨੂੰ ਜੋੜਦੇ ਪੁਲ ਨੂੰ ਉਡਾ ਦਿੱਤਾ ਸੀ। ਪੂਤਿਨ ਨੇ ਇਸ਼ਾਰਾ ਕੀਤਾ ਕਿ ਅੱਜ ਕੀਤੇ ਗਏ ਹਮਲੇ ਉਸੇ ਦਾ ਨਤੀਜਾ ਹੈ। ਉਧਰ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰੋਸਤਿਸਲਾਵ ਸਮਿਰਨੋਵ ਨੇ ਕਿਹਾ ਕਿ ਕੀਵ ਵਿੱਚ ਹੋਏ ਹਮਲੇ ਵਿੱਚ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ ਜਦਕਿ 24 ਹੋਰ ਜ਼ਖ਼ਮੀ ਹੋਏ ਹਨ। ਮੇਅਰ ਵਿਤਾਲੀ ਕਲਿਤਸਕੋ ਨੇ ਦੱਸਿਆ ਕਿ ਰਾਜਧਾਨੀ ਦੇ ਸ਼ੇਵਚੈਂਕੋ ਜ਼ਿਲ੍ਹੇ ਵਿੱਚ ਧਮਾਕੇ ਹੋਏ। ਇਹ ਕੀਵ ਦੇ ਕੇਂਦਰ ਵਿੱਚ ਇੱਕ ਵੱਡਾ ਇਲਾਕਾ ਹੈ, ਜਿੱਥੇ ਇਤਿਹਾਸਕ ਪੁਰਾਣਾ ਸ਼ਹਿਰ ਅਤੇ ਕਈ ਸਰਕਾਰੀ ਦਫ਼ਤਰ ਸਥਿਤ ਹਨ। ਇਸ ਤੋਂ ਇਲਾਵਾ ਸਰਕਾਰੀ ਕੁਆਰਟਰਾਂ, ਸੰਸਦ ਭਵਨ ਅਤੇ ਕਈ ਹੋਰ ਅਹਿਮ ਇਮਾਰਤਾਂ ਨੇੜੇ ਵੀ ਧਮਾਕੇ ਹੋਏ।

 

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਨੇ ਯੂਕਰੇਨ ਖ਼ਿਲਾਫ਼ ਦਰਜਨਾਂ ਮਿਜ਼ਾਈਲਾਂ ਅਤੇ ਇਰਾਨ ਦੇ ਬਣੇ ਡਰੋਨ ਦਾਗੇ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ‘‘10 ਸ਼ਹਿਰਾਂ ਵਿੱਚ ਆਮ ਵਸੋਂ ਵਾਲੇ ਖੇਤਰਾਂ ਅਤੇ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸ ਨੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਅਜਿਹਾ ਸਮਾਂ ਅਤੇ ਟੀਚੇ ਚੁਣੇ।’’ ਯੂਕਰੇਨੀ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ’ਤੇ 75 ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ’ਚੋਂ 41 ਨੂੰ ਹਵਾ ਵਿੱਚ ਬੇਅਸਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਹੋਏ ਹਮਲਿਆਂ ਮਗਰੋਂ ਕੀਵ ਦੇ ਲੋਕ ਮੁੜ ਰੈਣਬਸੇਰਿਆਂ ਵਿੱਚ ਜਾਣ ਲੱਗੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFinland kicks off national energy-saving campaign
Next articleਸੁਪਰੀਮ ਕੋਰਟ ਕੌਲਿਜੀਅਮ ਨੇ ਸੀਜੇਆਈ ਦੇ ‘ਸਰਕੁਲੇਸ਼ਨ’ ਢੰਗ ਦਾ ਵਿਰੋਧ ਕਰਨ ਵਾਲੇ ਜੱਜਾਂ ਦੇ ਨਾਂ ਦੱਸੇ