(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੁਰਾਂ ਦੇ ਨਾਂ ਹੇਠ ਵੱਸਦਾ ਪੰਜਾਬ, ਪੰਜ ਆਬਾਂ ਦੀ ਧਰਤੀ, ਗੁਰੂਆਂ ਪੀਰਾਂ ਫਕੀਰਾਂ ਸੂਰਬੀਰ ਯੋਧਿਆਂ ਦੀ ਧਰਤੀ ਜਿਨ੍ਹਾਂ ਦਾ ਇਤਿਹਾਸ ਵਿਸ਼ਾਲ ਵੱਖਰਾ ਤੇ ਮਹਾਨ ਹੈ। ਘੁੱਗ ਵਸਦੇ ਰਸਦੇ ਪੰਜਾਬ ਦੇ ਉੱਪਰ ਅਨੇਕਾਂ ਪਾਸਿਆਂ ਤੋਂ ਪੰਜਾਬ ਦੇ ਵੈਰੀਆਂ ਦੀਆਂ ਨਜ਼ਰਾਂ ਰਹਿੰਦੀਆਂ ਹਨ ਅਨੇਕਾਂ ਧੱਕੇ ਕਸ਼ਟ ਪੰਜਾਬ ਨੇ ਝੱਲੇ ਤੇ ਝੱਲਦਾ ਹੋਇਆ ਮੁੜ ਫਿਰ ਆਪਣਾ ਝੰਡਾ ਉੱਚਾ ਰੱਖਦਾ ਹੈ। ਪੰਜਾਬ ਦੀ ਧਰਤੀ ਉੱਪਰ ਰਾਜਨੀਤਿਕ ਪਾਰਟੀਆਂ ਦੇ ਕੁਝ ਲਾਲਚੀ ਮਨਚਲੇ ਹਰਾਮਖੋਰ ਪੰਜਾਬ ਦੇ ਦੁਸ਼ਮਣ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨੂੰ ਅਨੇਕਾਂ ਵਾਰ ਬਲ਼ਦੀ ਦੇ ਬੂਥੇ ਵਿੱਚ ਦਿੱਤਾ ਤਕਰੀਬਨ ਤਿੰਨ ਚਾਰ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਪੁਸ਼ਤ ਪਨਾਹੀ ਸਦਕਾ ਨਸ਼ੇ ਦਾ ਕੰਮ ਹੌਲੀ ਹੌਲੀ ਸ਼ੁਰੂ ਹੋ ਗਿਆ, ਹੌਲੀ ਹੌਲੀ ਸ਼ੁਰੂ ਹੋਇਆ ਇਹ ਕੰਮ ਕਦੋਂ ਵੱਡਾ ਰੂਪ ਧਾਰਨ ਕਰ ਗਿਆ ਇਸ ਦਾ ਪਤਾ ਵੀ ਲੱਗਦਾ ਰਿਹਾ ਪਰ ਇਸ ਨੂੰ ਕਾਬੂ ਕਰਨ ਦੀ ਥਾਂ ਕਈ ਤਰੀਕਿਆਂ ਦੇ ਨਾਲ ਨਸ਼ੇ ਵਿੱਚ ਡੋਬਿਆ ਗਿਆ ਤੇ ਅੱਜ ਪੰਜਾਬ ਨਸ਼ੇ ਵਿੱਚ ਇੱਕ ਨਹੀਂ ਅਨੇਕਾਂ ਪਾਸਿਆਂ ਤੋਂ ਡੁੱਬ ਗਿਆ ਹੈ ਕੋਈ ਤਾਂ ਨਸ਼ੇ ਦੀ ਓਵਰਡੋਜ ਨਾਲ ਮਰਿਆ ਹੈ ਕੋਈ ਨਸ਼ਾ ਨਾ ਮਿਲਣ ਕਾਰਨ ਮਰਿਆ ਹੈ ਤੇ ਕੋਈ ਵਿਅਕਤੀ ਨਸ਼ੇ ਦੇ ਸੌਦਾਗਰਾਂ ਕਰਿੰਦਿਆਂ ਦੀ ਮਾਰ ਹੇਠ ਆ ਕੇ ਮਰ ਰਿਹਾ ਹੈ।
ਹੁਣ ਤਾਂ ਹੱਦ ਹੀ ਹੋ ਗਈ ਜਦੋਂ ਨਸ਼ੇ ਦੇ ਸੌਦਾਗਰਾਂ ਉਹਨਾਂ ਦੇ ਕਰਿੰਦਿਆ ਸਾਥੀਆਂ ਨੂੰ ਏਨੀ ਖੁੱਲ ਕਿਸ ਨੇ ਦੇ ਦਿੱਤੀ ਜੋ ਉਹ ਬੰਦੇ ਮਾਰਨ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਫੂਕਣ ਲੱਗ ਗਏ। ਮੌਜੂਦਾ ਸਮੇਂ ਬਠਿੰਡਾ ਦੇ ਦਾਨ ਸਿੰਘ ਸਿੰਘ ਵਾਲਾ ਦੀ ਦਲਿਤ ਵਸਦੀ ਵਿੱਚੋਂ ਨਸ਼ਿਆਂ ਵਾਲਿਆਂ ਅਜਿਹੀ ਅੱਗ ਲਾਈ ਹੋਈ ਧੂੰਆ ਛੱਡ ਗਈ ਤੇ ਆਪਣੇ ਆਪ ਵਿੱਚ ਇਹ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਉੱਥੇ ਕੁਝ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਸਨ ਕੁਝ ਨਸ਼ੇ ਵੇਚ ਰਹੇ ਸਨ ਤੇ ਕੁਝ ਉਹਨਾਂ ਨੂੰ ਹਟਾਉਣ ਵਾਲਿਆਂ ਵਿੱਚ ਸਨ ਗੱਲ ਪਿੰਡ ਦੀ ਪੰਚਾਇਤ ਤੋਂ ਲੈ ਕੇ ਪੁਲਿਸ ਥਾਣੇ ਤੱਕ ਵੀ ਚਲੇ ਗਈ ਪਰ ਅਖੀਰ ਨੂੰ ਏਡਾ ਵੱਡਾ ਭਾਣਾ ਵਾਪਰ ਗਿਆ ਕਿ ਨਸ਼ੇ ਦੀ ਲੋਰ ਵਿੱਚ ਤੇ ਨਸ਼ੇ ਦੇ ਹੰਕਾਰ ਵਿੱਚ ਅੰਨ੍ਹੇ ਹੋਏ ਵਿਅਕਤੀਆਂ ਨੇ ਦਾਨ ਸਿੰਘ ਵਾਲਾ ਦੇ ਅਨੇਕਾਂ ਘਰਾਂ ਵਿੱਚ ਜਿੱਥੇ ਭੰਨ ਤੋੜ ਲੁੱਟਮਾਰ ਕੀਤੀ ਉਥੇ ਹੀ ਅਖੀਰ ਨੂੰ ਅੱਗ ਦੇ ਹਵਾਲੇ ਵੀ ਗਰੀਬ ਲੋਕਾਂ ਦੇ ਘਰ ਕਰ ਦਿੱਤੇ ਗਏ। ਪੈਟਰੋਲ ਬੰਬਾਂ ਦੇ ਮਿਲਣ ਉੱਤੇ ਹੈਰਾਨੀ ਹੋਈ ਜਿਵੇਂ ਕੋਈ ਇਹ ਜੰਗ ਦਾ ਅਖਾੜਾ ਹੋਵੇ।
ਉਸ ਤੋਂ ਵੀ ਵੱਡਾ ਦੁੱਖ ਉਸ ਵੇਲੇ ਹੋਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਰਾਜਪਾਲ ਪੰਜਾਬ ਪੁਲਿਸ ਦੇ ਡੀਜੀਪੀ ਤੇ ਹੋਰ ਪ੍ਰਮੁੱਖ ਸਰਕਾਰੀ ਅਧਿਕਾਰੀਆਂ ਨੇ ਇਸ ਸਾਰੇ ਘਟਨਾ ਕਰਮ ਉੱਪਰ ਕੋਈ ਬਹੁਤਾ ਸਖ਼ਤ ਨੋਟਿਸ ਨਹੀਂ ਲਿਆ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਡੀਜੀਪੀ ਨੂੰ ਨਾਲ ਲੈ ਕੇ ਉੱਚ ਅਫਸਰਾਂ ਦੇ ਨਾਲ ਉਨ੍ਹਾਂ ਘਰਾਂ ਦੀ ਹਾਲਤ ਦੇਖਦੇ ਉਹਨਾਂ ਦਾ ਦੁਖੜਾ ਸੁਣਦੇ ਪਰ ਨਹੀਂ ਇੱਥੇ ਅਸੀਂ ਕੁਰਸੀ ਦੀ ਲੋਰ ਵਿੱਚ ਏਨੇ ਜਿਆਦਾ ਮਸਤ ਹੋ ਗਏ ਹਾਂ ਕਿ ਲੋਕਾਂ ਤੇ ਦੁੱਖ ਸੁੱਖ ਵੀ ਨਹੀਂ ਸੁਣ ਸਕਦੇ ਤੇ ਗੱਲ ਰੰਗਲੇ ਪੰਜਾਬ ਦੀ ਹੋ ਰਹੀ ਹੈ। ਉਸ ਤੋਂ ਬਾਅਦ ਦੁੱਖ ਉਸ ਵੇਲੇ ਹੋਇਆ ਜਦੋਂ ਪੁਲਿਸ ਪ੍ਰਸ਼ਾਸਨ ਨੇ ਇਸ ਐਡੀ ਵੱਡੀ ਘਟਨਾ ਨੂੰ ਆਪਸੀ ਰੰਜਿਸ਼ ਕਹਿ ਕੇ ਹੀ ਨਿਬੇੜ ਦਿੱਤਾ ਹਾਲਾਂਕਿ ਉਥੋਂ ਦੀ ਐਸਐਸਪੀ ਅਮਨੀਤ ਕੌਂਡਲ ਇਸ ਮਾਮਲੇ ਦੇ ਵਿੱਚ ਕਾਫੀ ਸ਼ਕਤੀਸ਼ਾਲੀ ਹੈ ਪਰ ਇੱਥੇ ਉਹ ਵੀ ਬੇਵਸ ਨਜ਼ਰ ਆਈ।
ਸਭ ਤੋਂ ਵੱਡਾ ਝਟਕਾ ਇਹ ਲੱਗਿਆ ਜਦੋਂ ਉਸ ਇਲਾਕੇ ਬਠਿੰਡਾ ਮਾਨਸਾ ਤੋਂ ਇਲਾਵਾ ਪੰਜਾਬ ਦੇ ਸਮੁੱਚੇ ਲੋਕ ਵੀ ਇਸ ਘਟਨਾ ਕਰਮ ਉੱਤੇ ਚੁੱਪੀ ਧਾਰ ਗਏ। ਸਿਰਫ ਪਰਮਿੰਦਰ ਝੋਟਾ ਸੀਰਾ ਢਿੱਲੋਂ ਇਹਨਾਂ ਦੀ ਟੀਮ ਦੇ ਮੈਂਬਰ ਉਨ੍ਹਾਂ ਪਰਿਵਾਰਾਂ ਦੇ ਨਾਲ ਦੇ ਨਾਲ ਦੁੱਖ ਦਰਦ ਕਾਰਨ ਪੁੱਜੇ ਕੁਝ ਧਾਰਮਿਕ ਬਾਬਿਆਂ ਨੇ ਮੌਜੂਦਾ ਸਮੇਂ ਰਾਸ਼ਨ ਦੀ ਸੇਵਾ ਕੀਤੀ ਜਿਨਾਂ ਦੀ ਇਹਨਾਂ ਗਰੀਬ ਪਰਿਵਾਰਾਂ ਨੂੰ ਸਖਤ ਲੋੜ ਹੈ।
ਮੈਨੂੰ ਸਮਝ ਨਹੀਂ ਆ ਰਹੀ ਗੱਲ ਗੱਲ ਉਤੇ ਮੋਬਾਈਲ ਕੈਮਰੇ ਲੈ ਹਰੇਕ ਥਾਂ ਜਾ ਕੇ ਵੜਨ ਵਾਲੇ ਪੱਤਰਕਾਰ ਪੌਡ ਕਾਸਟ ਜਿਹੜੇ ਵਲੋਗਰ ਕਹਾਉਦੇ ਨੇ, ਆਂਡਿਆਂ ਦੇ ਮੁੱਦੇ ਉੱਤੇ ਤਾਂ ਉਥੇ 70 ਬੰਦੇ ਇਕੱਠੇ ਹੋ ਗਏ ਤੇ ਇਹ ਦਾਨ ਸਿੰਘ ਪਿੰਡ ਉਹਨਾਂ ਲਈ ਕਿੱਡਾ ਕੁ ਦੂਰ ਹੋ ਗਿਆ ਇਹ ਸਾਰੀਆਂ ਗੱਲਾਂ ਤੋਂ ਜੋ ਇਸ਼ਾਰੇ ਮਿਲਦੇ ਹਨ ਉਹ ਖਤਰਨਾਕ ਹਨ ਪਰ ਨਹੀਂ ਪੰਜਾਬ ਦੇ ਲੋਕੋ ਤੁਸੀਂ ਬਹੁਤ ਦਲੇਰ ਹੋ ਅਨੇਕਾਂ ਸਮੱਸਿਆਵਾਂ ਦੇ ਨਾਲ ਜੂਝਦੇ ਹੋਏ ਅਸੀਂ ਪੰਜਾਬ ਦਾ ਝੰਡਾ ਬੁਲੰਦ ਰੱਖਿਆ ਹੈ ਤੇ ਰੱਖਣਾ ਹੈ। ਇਹ ਗੱਲ ਅੱਜ ਕੱਲੇ ਦਾਨ ਸਿੰਘ ਵਾਲਾ ਦੀ ਨਹੀਂ ਇਹ ਕੰਮ ਸਮੁੱਚੇ ਪਿੰਡਾਂ ਵਿੱਚ ਹੋ ਰਿਹਾ ਹੈ ਜੇਕਰ ਅਸੀਂ ਹਾਲੇ ਵੀ ਨਾ ਜਾਗੇ ਫਿਰ ਕੌਣ ਬਚਾਏਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj