(ਸਮਾਜ ਵੀਕਲੀ) ਰੁਲ਼ਦੂ ਨੇ ਅਜੇ ਸਵੇਰ ਦੀ ਚਾਹ ਪੀ ਕੇ ਕੌਲਾ ਧਰਿਆ ਹੀ ਸੀ ਕਿ ਦਰਾਂ ਮੂਹਰੇ ਗੱਡੀ ਰੁਕਣ ਦੀ ਆਵਾਜ਼ ਆਈ , ਕੁੰਡਾ ਖੜਕਿਆ , ਰੁਲ਼ਦੂ ਨੇ ਜਾ ਕੇ ਵੇਖਿਆ , ਚਾਰ ਪੰਜ ਸੂਟਡ ਬੂਟਡ ਮੁੰਡੇ ਕੁੜੀਆਂ ਖੜ੍ਹੇ ਸਨ । ਉਸ ਦਾ ਹੈਰਾਨ ਹੋਣਾ ਸੁਭਾਵਿਕ ਸੀ। ਇਹ ਸੋਚ ਕੇ ਕਿ ਕਿਸੇ ਪੰਚ ਸਰਪੰਚ ਦਾ ਘਰ ਪੁੱਛਣਾ ਹੋਊ , ਉਨ੍ਹਾਂ ਵੱਲ ਮੁਤਰ ਮੁਤਰ ਵੇਖਣ ਲੱਗਾ । ” ਬਾਬਾ ਜੀ ਅਸੀਂ ਕੰਪਿਊਟਰ ਟੀਚਰ ਹਾਂ ਸਾਨੂੰ ਪਟਿਆਲੇ ਤੋਂ ਰਮੇਸ਼ਵਰ ਸਿੰਘ ਨੇ ਭੇਜਿਐ ਕਿ ਰੁਲ਼ਦੂ ਬਾਬੇ ਕੋਲ਼ ਤੁਹਾਡੀਆਂ ਮੰਗਾਂ ਦਾ ਅਸਲੀ ਹੱਲ ਹੈ “। ਉਨ੍ਹਾਂ ਵਿੱਚੋਂ ਇੱਕ ਨੇ ਫਰਿਆਦ ਕੀਤੀ । ਰੁਲ਼ਦੂ ਨੂੰ ਸਾਰੀ ਗੱਲ ਸਮਝਣ ਵਿੱਚ ਦੇਰ ਨਾ ਲੱਗੀ ਉਹ ਉਹਨਾਂ ਨੂੰ ਆਪਣੀ ਕੱਚੀ ਜਿਹੀ ਕੋਠੜੀ ‘ਚ ਲੈ ਗਿਆ । ਉਨ੍ਹਾਂ ਬਾਰੇ ਰਮੇਸ਼ਵਰ ਨਾਲ਼ ਭਾਵੇਂ ਉਸ ਦੀ ਹਰ ਰੋਜ਼ ਹੀ ਗੱਲ ਹੁੰਦੀ ਰਹਿੰਦੀ ਸੀ , ਸੰਘਰਸ਼ ਅਤੇ ਮੰਗਾਂ ਬਾਰੇ ਵੀ ਪਤਾ ਸੀ ਪ੍ਰੰਤੂ ਫੇਰ ਵੀ ਉਸ ਨੇ ਫਰਿਆਦੀਆਂ ਦੀ ਸਾਰੀ ਗੱਲ ਵੇਰਵੇ ਸਹਿਤ ਸੁਣੀ ਅਤੇ ਆਪਣਾ ਉਪਦੇਸ਼ ਦਿੱਤਾ ।” ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਅੱਜ ਹੀ ਆਪਣਾ ਇੱਕ ਬਿਆਨ ਦਾਗ਼ ਦਿਓ ਕਿ ਅਸੀਂ ਕੱਲ੍ਹ ਤੋਂ ਸਾਰਾ ਸੰਘਰਸ਼ ਸੂਬੇ ਦੇ ਨਾਲ਼ ਨਾਲ਼ ਦੇਸ਼ ਦੀ ਰਾਜਧਾਨੀ ਵਿੱਚ ਵੀ ਲੈ ਕੇ ਜਾਵਾਂਗੇ , ਭੁੱਖ ਹੜਤਾਲ ਅਤੇ ਮਰਨ ਵਰਤ ਜੰਤਰ ਮੰਤਰ ‘ਤੇ ਵੀ ਰੱਖਿਆ ਜਾਵੇਗਾ ਜਿਹੜਾ 05 ਫਰਵਰੀ ਤੱਕ ਜਾਰੀ ਰਹੇਗਾ , ਬੱਸ ਫੇਰ ਵੇਖਿਓ ਸੁਪਰੀਮੋ ਦੇ ਹੱਥ “। ਅਧਿਆਪਕਾਂ ਦੇ ਫੱਟ ਸਾਰੀ ਕਹਾਣੀ ਸਮਝ ਆ ਗਈ ਉਹਨਾਂ ਨੇ ਸੌ ਸੌ ਦੇ ਨੋਟਾਂ ਦਾ ਮੱਥਾ ਟੇਕਿਆ ਅਤੇ ਆਪਣੇ ਰਾਹ ਪੈ ਗਏ । ਦੂਸਰੇ ਦਿਨ ਹੀ ਗੁਆਂਢੀ ਸੂਬੇ ਦੀ ਸਰਕਾਰ ਦਾ ਸੁਨੇਹਾ ਲੈ ਕੇ ਸਪੈਸ਼ਲ ਦੋ ਬੰਦੇ ਆਏ ਕਿ ਅਸੀਂ ਬਾਰਡਰ ‘ਤੇ ਫੁੱਲਾਂ ਦੇ ਹਾਰਾਂ ਨਾਲ਼ ਤੁਹਾਡਾ ਸੁਆਗਤ ਕਰਾਂਗੇ ਪਰ ਸ਼ਰਤ ਹੈ ਕਿ ਖਨੌਰੀ ਬਾਰਡਰ ਦੀ ਥਾਂ ਹੋਰ ਕਿਸੇ ਪਾਸੇ ਦੀ ਆਇਓ , ਅਸੀਂ ਆਪ ਆਪਣੀਆਂ ਗੱਡੀਆਂ ‘ਚ ਤੁਹਾਨੂੰ ਧੁਰ ਛੱਡ ਕੇ ਆਵਾਂਗੇ। ਸਾਡੇ ਸੁਪਰੀਮੋ ਨੇ ਕਿਹਾ ਹੈ ਕਿ ਜੰਤਰ ਮੰਤਰ ‘ਤੇ ਉਨ੍ਹਾਂ ਦੇ ਭਗਤ ਤੁਹਾਡਾ ਸੁਆਗਤ ਤਾਂ ਕਰਨਗੇ ਹੀ ਤੁਹਾਨੂੰ ਭੀੜ ਵੀ ਇਕੱਠੀ ਕਰਕੇ ਦਿਆ ਕਰਨਗੇ ਇਸ ਤੋਂ ਇਲਾਵਾ ਓਥੋਂ ਪੁਲਿਸ ਵੀ ਤੁਹਾਨੂੰ ਨਹੀਂ ਚੁੱਕੇਗੀ ਸਗੋਂ ਤੁਹਾਡੀ ਸੇਵਾ ਲਈ ਹਾਜ਼ਰ ਰਹੇਗੀ। ਸੱਚ ਮੁੱਚ ਓਸੇ ਤਰ੍ਹਾਂ ਹੀ ਹੋਇਆ । ਕੁੱਝ ਦਿਨਾਂ ਵਿੱਚ ਹੀ ਕੰਪਿਊਟਰ ਟੀਚਰਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਅਤੇ ਲਾਗੂ ਵੀ ਕਰ ਦਿੱਤੀਆਂ । ਜਦੋਂ ਉਹਨਾਂ ਨੇ ਅਧਿਆਪਕ ਏਕਤਾ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕੀਤੇ ਤਾਂ ਆਵਾਜ਼ ਐਨੀ ਉੱਚੀ ਸੀ ਕਿ ਰੁਲ਼ਦੂ ਬਾਬੇ ਦੀ ਅੱਖ ਖੁੱਲ੍ਹ ਗਈ , ਉੱਬੜ ਬਾਹੇ ਉੱਠ ਕੇ ਉਸ ਨੇ ਆਸੇ ਪਾਸੇ ਨਿਗਾਹ ਮਾਰ ਕੇ ਪਹਿਲਾਂ ਉਹ ਸੌ ਸੌ ਦੇ ਨੋਟ ਲੱਭਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਓਥੇ ਤਾਂ ਕਾਣੀ ਕੌਡੀ ਵੀ ਨਹੀਂ ਸੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj