ਪਹਿਲਾ ਮੈਗਜ਼ੀਨ ਲੋਕ ਅਰਪਣ

ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਸਮਾਂ ਸਿਰਫ 24 ਘੰਟੇ।ਚੌਵੀਆਂ ਚੋਂ ਦਸ ਘੰਟੇ ਰਾਤ ਦੇ ਲੇਖੇ ਵੀ ਲੱਗਣੇ ਸਨ।ਪਰ ਅਸੀਂ ਰਾਤ ਦਾ ਮਿੰਨਤ- ਤਰਲਾ ਜਿਹਾ ਕਰਕੇ ,ਉਸ ਨੂੰ ਪੰਜ ਕੁ ਨਾਲ ਹੀ ਲਈ ਮਨਾ ਲਿਆ। ਗੱਲ ਕੁੱਝ ਇਉਂ ਸੀ।ਕਾਲਜ ਦਾ ਐਨ ਐਸ ਐਸ ਕੈਂਪ।ਪਤਾ ਨਹੀਂ ਕੀ ਭੂਤ ਜਾ ਸਿਰ ਤੇ ਸਵਾਰ ਹੋਇਆ।ਦੋਸਤ ਮੰਡਲੀ ਨੇ ਫੈਸਲਾ ਕੀਤਾ ਕਿ ਮੈਗਜ਼ੀਨ ਕੱਢਣਾ।ਖਾਲੀ ਹੱਥ ,ਬਿਨ੍ਹਾਂ ਕਿਸੇ ਵਿਉਂਤਬੰਦੀ ਦੇ ਫੈਸਲਾ ਕਰ ਬੈਠੇ।ਨਾ ਕੋਈ ਮੈਟਰ, ਨਾ ਕੋਈ ਵਿੱਤੀ ਸਾਧਨ।ਸਾਰੇ ਸਟੂਡੈਂਟ।ਖਾਲੀ ਜੇਬਾਂ।ਗੱਲ ਕੈਂਪ ਇੰਚਾਰਜ ਸਾਹਿਬਾਨ ਕੋਲ ਪੁੱਜੀ।ਮਨਾ ਉਹਨਾਂ ਵੀ ਨਹੀਂ ਕੀਤਾ।ਮਾਇਆ  ਆਫਰ ਕੀਤੀ।ਪਤਾ ਨਹੀਂ ਕੀ ਸੋਚ ਕੇ ਪ੍ਰਵਾਨ ਨਹੀਂ ਕੀਤੀ। ਚੱਲੋ ਜੀ ਘੋੜੇ ਦੌੜਨ ਲੱਗੇ।ਪਿਛਲੇ ਦਿਨਾਂ ਦੀਆਂ ਕੁੱਝ ਤਸਵੀਰਾਂ ਇੱਧਰੋ-ਉਧਰੋਂ ਇੱਕਠੀਆਂ ਕੀਤੀਆਂ।  ਹਾਸੀ-ਮਜ਼ਾਕ ਵਾਲੀ ਗੱਲਾਂ ਤੇ ਮਿਰਚ-ਮਸਾਲਾ ਲਾ ਕੇ ਅਜਿਹਾ ਤੜਕੇ ਲਾਇਆ ,ਇੱਕ ਸਫਾ ਇਸ ਤਰਾਂ ਤਿਆਰ ਹੋ ਗਿਆ।ਗਤੀ ਵਿਧੀਆਂ ਨੂੰ ਥਾਂ ਦਿੱਤੀ।ਚਾਰ-ਪੰਜ ਸਖ਼ਸੀਅਤਾਂ ਤੋਂ ਸੰਦੇਸ਼ ਪ੍ਰਾਪਤ ਕਰਨ ਦੀ ਡਿਊਟੀ ਲੱਗ ਗਈ। ਕਾਲਜ ਦਾ ਇੱਕ ਵਿਦਿਆਰਥੀ  ਕਾਰਟੂਨ ਸੋਹਣੇ ਬਣਾ ਲੈਂਦੇ ਸੀ,ਉਹ ਵੀ ਟੀਮ ਚ ਸਾਮਲ ਕਰ ਲਿਆ। ਇੰਝ ਕਰਦੇ-ਕਰਦੇ ਮੈਟਰ ਦਾ ਕਾਫੀ ਵੱਡ ਅਕਾਰੀ ਖਾਕਾ ਤਿਆਰ ਹੋ ਗਿਆ। ਮੈਟਰ ਟਾਈਪ ਕਰਨ ਲਈ ਨਜ਼ਰ ਦੁੜਾਈ।ਪਹਿਲਾ ਤੇ ਆਖਰੀ ਗੁਣੀਆ ਮਧੂ ਤੇ ਪਿਆ।ਮਧੂ ਭੂਸ਼ਣ ਵਰਮਾ ਵੀ ਸਾਡੇ ਵਰਗਾ।ਕੋਈ ਨਾ ਨੁਕਰ ਨਹੀਂ।ਬੱਸ ਐਨੇ ਹੀ ਕਿਹਾ ਐਨੇ ਕੁ ਵਜੇ ਆ ਕੇ ਲੈ ਜਾਣਾ ।ਤਿਆਰ ਮਿਲੂ।ਚੱਲੋ ਇਹ ਵੈਤਰਨੀ ਵੀ ਪਾਰ ਹੋ ਗਈ। ਗੱਲ ਖਰੜੇ ਤੋਂ ਲੋੜੀਦੀਆਂ ਕਾਪੀਆਂ ਤੇ ਆ ਗਈ।ਉਦੋਂ ਤੱਕ ਸਾਰੇ ਫੋਟੋ ਸਟੇਟ ਵਾਲੇ ਕੰਮ ਵਿਧਾ ਕੇ ਆਪਣੇ-ਆਪਣੇ ਘਰਾਂ ਨੂੰ ਰੁਖ਼ਸਤ ਹੋ ਚੁੱਕੇ ਸਨ। ਫੇਰ ਚੋਣ ਤੇ ਗੱਲ ਆ ਗਈ।ਘਰੋਂ ਕਿਸ ਨੂੰ ਚੁੱਕਿਆ ਜਾਵੇ।ਪਰਚੀ ਹਰਵਿੰਦਰ ਬਾਈ ,ਜਗੇ ਵਾਲੇ ਦੇ ਨਾਮ ਦੀ ਨਿਕਲੀ।ਸਾਈਕਲ ਉਸ ਦੇ ਪਿੰਡ ਨੂੰ ਦੁੜਾ ਦਿੱਤੇ।ਅੱਗੋਂ ਉਹ ਦਿਲ ਦਰਿਆ ਬੰਦਾ ਕਹਿੰਦਾ,” ਆ ਚੱਕੋ ਚਾਬੀ ਤੇ ਫੋਟੋਸਟੇਟ ਆਪੇ ਕਰ ਲਵੋ।ਮੁੜਦਿਆਂ ਨੂੰ ਕਾਫੀ ਹਨੇਰਾ ਹੋ ਗਿਆ। ਅਸੀਂ ਧੂਫ ਆਦਿ ਲਾ ਕੇ ਰੱਬ ਨੂੰ ਧਿਆ ਕੇ ਕੰਮ ਸੁਰੂ ਕਰ ਦਿੱਤਾ।ਸਾਰੇ ਅਣਜਾਨ।ਕੰਮ ਦੇ ਕਾਗਜ਼ਾਂ ਨਾਲੋ ਰੱਦੀ ਦਾ ਢੇਰ ਵੱਡਾ। ਰਾਤ ਨੂੰ ਸਟੈਪਲ ਆਦਿ ਦਾ ਕੰਮ ਨਿਬੇੜ ਕੇ ਇੱਕ ਦੋ ਕਾਪੀਆਂ ਦਾ  ਚੰਗਾ ਮੂੰਹ ਮੱਥਾ ਸੁਵਾਰ ਕੇ ਪੈਕ ਕੀਤਾ ਤੇ ਸਾਡਾ ਪਹਿਲਾ ਮੈਗਜ਼ੀਨ ,”ਯੁਵਾ ਪੀੜੀ” ਧੂਮ ਧੜੱਕੇ ਨਾਲ ਲੋਕ ਅਰਪਣ ਹੋ ਗਿਆ।  ਫੋਟੋਸਟੇਟ ਤੋਂ ਬਿਨ੍ਹਾਂ ਕਿਸੇ ਨੇ ਭੇਟਾ ਨਹੀਂ ਲਈ।ਜਦੋਂ ਉਸ ਦੀ ਵਾਰੀ ਆਈ ,”ਕਹਿੰਦਾ ਕੰਮ ਦੇ ਪੈਸੇ ਮਾਫ਼ ,ਪਰ ਆ ਜਿਹੜੇ ਪੇਜ ਖਰਾਬ ਕੀਤੇ ਆ ਉਸ ਦੇ ਪੈਸੇ ਦਿਉ।ਹਾਸੀਆਂ ਖੇਡੀਆਂ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਚਿੰਤਨ
Next articleਮੇਰਾ ਘੁਮਿਆਰਾ