(ਸਮਾਜ ਵੀਕਲੀ)
ਅਸਲੀ ਖ਼ਤਰਾ
—————-
ਕੋਈ ਕਹੇ ਕਿ ਧਰਮ ਨੂੰ ਖ਼ਤਰੈ ,
ਕੋਈ ਕਹੇ ਮੇਰੀ ਜਾਤ ਨੂੰ ਹੈ ।
ਕੋਈ ਸੋਚੇ ਦੌਲਤ ਨੂੰ ਖ਼ਤਰੈ ,
ਜਾਂ ਫ਼ਿਰ ਅਖੌਤੀ ਪ੍ਰਭਾਤ ਨੂੰ ਹੈ ।
ਜਿੱਦਣ ਦੇ ਕੱਚੇ ਢਾਰਿਆਂ ਅਤੇ ,
ਕੁੱਲ੍ਹੀਆਂ ਵਿੱਚ ਸੂਰਜ ਉੱਗੇ ਨੇ ;
ਰੁਲ਼ਦੂ ਕਹੇ ਅਸਲੀ ਤਾਂ ਖ਼ਤਰਾ ,
ਗ਼ਰੀਬਾਂ ਦੀ ਕਾਲ਼ੀ ਰਾਤ ਨੂੰ ਹੈ ।
ਲੋਹੜੀ ਵਾਲ਼ੀ ਰਾਤ
———————
ਲੋਹੜੀ ਵਾਲ਼ੀ ਰਾਤ ਖ਼ੁਸ਼ੀ ਮਨਾਵਾਂਗੇ ।
ਦਰਦਾਂ ਵਾਲ਼ਿਆਂ ਦਾ ਵੀ ਦਰਦ ਵੰਡਾਵਾਂਗੇ।
ਪੋਹ ਲੰਘ ਜਾਣਾ ਮਾਘ ਨੇ ਆਉਂਣਾ ਸਿਖਰੀਂ ਪੁੱਜੀ ਠਾਰੀ।
ਸਾਂਝਾਂ ਦਾ ਤਿਉਹਾਰ ਏਸ ਨੂੰ ਆਖੇ ਦੁਨੀਆਂ ਸਾਰੀ ।
ਸਾਰੇ ਪਿੰਡ ਦੀ ਇੱਕੋ ਥਾਂ ‘ਤੇ ਸਾਂਝੀ ਧੂਣੀ ਲਾਵਾਂਗੇ ।
ਲੋਹੜੀ ਵਾਲ਼ੀ ਰਾਤ —————-
ਉਹ ਮਾਪਿਆਂ ਨੂੰ ਜ਼ਿੰਦਗੀ ਜਿਉਂਣੀ ਅੱਕੋਂ ਕੌੜੀ ਜਾਪੇ ।
ਜਿਹਨਾਂ ਦੇ ਘਰ ਨਸ਼ਿਆਂ ਨੇ ਪਾ ਦਿੱਤੇ ਪਿੱਟ ਸਿਆਪੇ ।
ਬਾਕੀ ਗੱਭਰੂਆਂ ਨੂੰ ਮਿਲ ਕੇ ਪਿਆਰ ਨਾਲ਼ ਸਮਝਾਵਾਂਗੇ।
ਲੋਹੜੀ ਵਾਲ਼ੀ ਰਾਤ ——————-
ਪੀਣ ਵਾਸਤੇ ਗ਼ਰਮ ਪਦਾਰਥ ਗ਼ਰਮ ਚਾਹੀਦੈ ਖਾਣਾ।
ਛਾਤੀ ਤੇ ਸਿਰ ਨਿੱਘਾ ਰੱਖਣਾ ਕੰਮ ਬਿਨ ਬਾਰ੍ਹ ‘ਨੀਂ ਜਾਣਾ।
ਘਰ ਘਰ ਦੇ ਵਿੱਚ ਪਿਆਰ ਮੁਹੱਬਤ ਵਾਲ਼ਾ ਦੀਪ ਜਗਾਵਾਂਗੇ।
ਲੋਹੜੀ ਵਾਲ਼ੀ ਰਾਤ ———————
ਇੱਕਨਾਂ ਦੇ ਘਰ ਪੁੱਤਰ ਜੰਮਿਆਂ ਇੱਕਨਾਂ ਦੇ ਧੀ ਹੋਈ ।
ਸ਼ਰਮਾ ਅੱਜ ਕੱਲ੍ਹ ਧੀਆਂ ਪੁੱਤਾਂ ਵਿੱਚ ਫ਼ਰਕ ਰਿਹਾ ਨਾ ਕੋਈ।
ਐਪਰ ਬੱਚੇ ਇੱਕ ਦੋ ਚੰਗੇ ਇਹ ਸਭ ਨੂੰ ਸਮਝਾਵਾਂਗੇ।
ਲੋਹੜੀ ਵਾਲ਼ੀ ਰਾਤ ——————–
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037