ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ ਸੀਐੱਮ’ ਯੂਟਿਊਬ ਤੋਂ ਹਟਾਇਆ

ਮਾਨਸਾ(ਸਮਾਜ ਵੀਕਲੀ)  : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਇਨਸਾਫ਼ ਦੀ ਮੰਗ ਲਈ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। 8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ। ਇਸ ਗੀਤ ਦਾ ਟਾਈਟਲ ‘ਲੈਟਰ ਟੂ ਮੁੱਖ ਮੰਤਰੀ’ ਹੈ। ਇਸ ਗੀਤ ’ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ। ਇਸ ਗੀਤ ਨੂੰ ਖ਼ੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੈਨੀ ਦਾ ਇਹ ਗੀਤ 8 ਅਕਤੂਬਰ ਸ਼ਨਿਚਰਵਾਰ ਨੂੰ ਹੀ ਯੂਟਿਊਬ ’ਤੇ ਰਿਲੀਜ਼ ਹੋਇਆ ਸੀ।

ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਗੀਤ ਵਿੱਚ ਮੁੱਖ ਮੰਤਰੀ ਗੁਜਰਾਤ ’ਚ ਵੋਟਾਂ ਲਈ ਘੁੰਮਣ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਉਡੀਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਰਿਕਾਰਡ ਜਿੱਤ ਦਾ ਵੀ ਜ਼ਿਕਰ ਹੈ। ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਕੁਮੈਂਟ ਕਰ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਗੀਤ ਵਿੱਚ ਗਾਇਕਾ ਨੇ ਸਵਾਲ ਕੀਤਾ ਹੈ ਕਿ ਸਿੱਧੂ ਦੀ ਸੁਰੱਖਿਆ ’ਚ ਕਟੌਤੀ ਕਰ ਕੇ ਤਾਰੀਫ਼ ਲੁੱਟਣ ਵਾਲਿਆਂ ਦੀ ਸੂਚੀ ਜਨਤਕ ਕਰਨ ਵਾਲੇ ਅਫ਼ਸਰਾਂ ਦਾ ਅਜੇ ਤੱਕ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਗਰਾਹਾਂ ਵੱਲੋਂ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ
Next articleਸਟਾਲਿਨ ਮੁੜ ਬਿਨਾਂ ਮੁਕਾਬਲਾ ਡੀਐੱਮਕੇ ਮੁਖੀ ਬਣੇ