**ਪੰਜਾਬੀ ਜ਼ੁਬਾਨ****

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਤੇਰਾ ਨੀ ਪੰਜਾਬੀਏ! ਜਹਾਨ ‘ਤੇ ਸ਼ੁਮਾਰ ਨੀ
ਵੱਖਰਾ ਹੀ ਰੂਪ ਤੇਰਾ, ਵੱਖਰਾ ਸ਼ਿੰਗਾਰ ਨੀ
ਦਾਦੀਆਂ ਤੇ ਨਾਨੀਆਂ ਦੇ ਮੂੰਹੋਂ ਪਾਈ ਬਾਤ ਤੂੰ
ਰੋਸੇ ਉਦਰੇਵਿਆਂ ‘ਚ ਕੱਟੀ ਹੋਈ ਰਾਤ ਤੂੰ
ਤੇਰੇ ਮੋਢਿਆਂ ਦੇ ਉੱਤੇ ਪੀੜ੍ਹੀਆਂ ਦਾ ਭਾਰ ਨੀ…
ਬੁੱਲ੍ਹੇ ਦੇ ਪੰਜਾਬ ਨੂੰ ਪੰਜਾਬੀ ਦੀਆਂ ਬਾਰੀਆਂ
ਪੱਗਾਂ ਉੱਤੇ ਮਾਵੇ, ਮੋਢਿਆਂ ‘ਤੇ ਫੁਲਕਾਰੀਆਂ
ਹੌਲ਼ੀ-ਹੌਲ਼ੀ ਚੇਤਿਆਂ’ ਚੋਂ ਦਈਂ ਨਾ ਵਿਸਾਰ ਨੀ…
ਮੂੰਹ ਨਾ ਤੂੰ ਲਾਵੀਂ ਐਵੇਂ ਬਦਲੇ ਰਿਵਾਜ ਨੂੰ
ਰੋਲ਼ ਕੇ ਨਾ ਬਹਿਜੀਂ ਮੀਢੀਆਂ ‘ਚ ਗੁੰਦੀ ਲਾਜ ਨੂੰ
ਵੀਣੀਆਂ ‘ਚੋਂ ਵੰਗਾਂ ਐਵੇਂ ਦਈਂ ਨਾ ਉਤਾਰ ਨੀ…
ਬੋਲ ਤੇਰਾ ਸ਼ਹਿਦ ਨਾਲੋਂ ਮਿੱਠਾ ਤੇ ਸਵਾਦ ਨੀ
ਚੇਤਿਆਂ ‘ਚ ਤੇਰੇ ਵੱਡੇ ਬਾਬਿਆਂ ਦੀ ਯਾਦ ਨੀ
ਤੇਰੇ ਹੀ ਮੜੰਗੇ ‘ਚ ਪੰਜਾਬ ਦੀ ਨੁਹਾਰ ਨੀ…
ਸਾਡੇ ਕੱਚੇ ਵਿਹੜਿਆਂ ‘ਚ ਕਿੱਕਲੀਆਂ ਪਾਈਆਂ ਤੂੰ
ਜੀਅ ਪਰਚਾਏ ਗੁੱਡੇ-ਗੁੱਡੀਆਂ ਖਿਡਾਈਆਂ ਤੂੰ
ਜੂਨ ਸਾਡੇ ਵਿਰਸੇ ਦੀ ਰੱਖੀ ਏ ਸੰਵਾਰ ਨੀ…
ਆਜਾ ਸਾਨੂੰ ਗੁੜ੍ਹ ਦੀਆਂ ਰਿਓੜੀਆਂ ਖਵਾਉਣ ਦੇਹ
ਖ਼ਾਦੀ ਦਿਆਂ ਝੱਗਿਆਂ ਦੇ ਖ਼ੀਸਿਆਂ ‘ਚ ਪਾਉਣ ਦੇਹ
ਸਾਡਾ ਤਾਂ ਸ਼ੁਦੈਣੇ ਚੰਗੇ ਵੇਲ਼ਿਆਂ ਦਾ ਪਿਆਰ ਨੀ…
ਤੈਨੂੰ ਤਾਂ ਰਕਾਨੇ ਵੱਡੇ ਪੀਰ ਮੱਥਾ ਟੇਕਦੇ
ਤੂੰਬੀ, ਅਲਗੋਜ਼ੇ ਤੇਰਾ ਰਾਹ ਲਾਡੋ ਵੇਖਦੇ
ਘੋੜੀਆਂ, ਸੁਹਾਗ ਟੱਪੇ ਗੀਤਾਂ ਦੀ ਬਹਾਰ ਨੀ…
ਚੜ੍ਹਦੇ ਤੇ ਲਹਿੰਦੇ ਦੀ ਕਮਾਨ ਤੇਰੇ ਹੱਥ ਨੀ
ਬੋਲੀ ਦੇ ਲਿਹਾਜ ਨਾਲ਼ੋਂ ਕੀਤਾ ਨਹੀਂਓ ਵੱਖ ਨੀ
ਇੱਕੋ ਜਿਹਾ ਸਾਕ ਤੇਰਾ ਦੋਵਾਂ ਵਿਚਕਾਰ ਨੀ…
ਮੁੱਖੜਾ ਤੂੰ ਪਹਿਲੀ ਵਾਰੀ ਲਿਖੇ ਹੋਏ ਗੀਤ ਦਾ
ਧੁਰਾ ਪੰਜ ਪਾਣੀਆਂ ਦੀ ਸਗਲ ਪ੍ਰੀਤ ਦਾ
ਅਜੇ ਤੱਕ ਰਹੀ ਸਾਡੇ ਸੀਨਿਆਂ ਨੂੰ ਠਾਰ ਨੀ…
ਤੇਰਾ ਨੀ ਪੰਜਾਬੀਏ! ਜਹਾਨ ‘ਤੇ ਸ਼ੁਮਾਰ ਨੀ
ਵੱਖਰਾ ਹੀ ਰੂਪ ਤੇਰਾ, ਵੱਖਰਾ ਸ਼ਿੰਗਾਰ ਨੀ
~ ਰਿਤੂ ਵਾਸੂਦੇਵ
Previous articleਨਵਾਂ ਸਾਲ
Next articleਨਵੇਂ ਸਾਲ ਵਿੱਚ ਨਵਾਂ ਕੀ ਹੋਇਆ