ਅਲੋਪ ਹੋ ਗਿਆ ਨਵੇਂ ਵਰ੍ਹੇ ਦੀ ਵਧਾਈ ਦਾ ਪੁਰਾਣਾ ਢੰਗ

ਬਲਦੇਵ ਸਿੰਘ ਬੇਦੀ 
(ਸਮਾਜ ਵੀਕਲੀ) ਸਮਾਜਿਕ ਸੰਦੇਸ਼ ਦੇਣ ਦੇ ਢੰਗ ਸਦਾ ਹੀ ਸਮੇਂ ਦੇ ਨਾਲ-ਨਾਲ ਬਦਲਦੇ ਰਹੇ ਹਨ। ਇਕ ਸਮਾਂ ਸੀ ਜਦੋਂ ਨਵੇਂ ਸਾਲ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਲੋਕ ਇੱਕ ਦੂਜੇ ਨੂੰ ਟੈਲੀਗ੍ਰਾਮ, ਚਿੱਠੀ, ਗ੍ਰਿੰਟਿੰਗ ਕਾਰਡ ਜਾਂ ਟੈਲੀਫੋਨ ਦੇ ਜ਼ਰੀਏ ਸੰਦੇਸ਼ ਦਿੰਦੇ ਸਨ। ਇਹ ਢੰਗ ਨਾ ਸਿਰਫ਼ ਖੂਬਸੂਰਤ ਸਨ, ਬਲਕਿ ਰਿਸ਼ਤਿਆਂ ਵਿੱਚ ਨਵਾਂ ਜ਼ੋਸ਼ ਅਤੇ ਪਿਆਰ ਦੀ ਮਹਿਕ ਭਰਦੇ ਸਨ। ਹਰੇਕ ਗ੍ਰੀਟਿੰਗ ਕਾਰਡ ਦੇ ਪਿੱਛੇ ਭੇਜਣ ਵਾਲੇ ਦੀਆਂ ਯਾਦਾਂ ਅਤੇ ਭਾਵਨਾਵਾਂ ਲੁਕੀਆਂ ਹੁੰਦੀਆਂ ਸਨ।
ਜਦੋਂ ਗ੍ਰੀਟਿੰਗ ਕਾਰਡ ਆਉਂਦੇ ਸਨ, ਉਹ ਸਿਰਫ਼ ਕਾਗਜ਼ ਦੇ ਟੁਕੜੇ ਨਹੀਂ ਹੁੰਦੇ ਸਨ, ਬਲਕਿ ਉਹ ਦਿਲ ਤੋਂ ਦਿਲ ਤੱਕ ਪਹੁੰਚਣ ਵਾਲਾ ਇੱਕ ਪੂਰਾ ਸੰਦੇਸ਼ ਹੁੰਦਾ ਸੀ। ਗ੍ਰੀਟਿੰਗ ਕਾਰਡ ਵਿੱਚ ਖਾਸ ਸੰਦੇਸ਼ ਲਿਖਿਆ ਜਾਂਦਾ ਸੀ ਅਤੇ ਬੁਹਤ ਸਮੇਂ ਤੱਕ ਸਾਂਭ ਕੇ ਰੱਖਿਆ ਵੀ ਜਾਂਦਾ ਸੀ। ਚਿੱਠੀਆਂ ਵੀ ਇਕ ਵਿਸ਼ੇਸ਼ ਮਹੱਤਵ ਰੱਖਦੀਆਂ ਸਨ। ਇੱਕ ਦੂਜੇ ਲਈ ਸਮਾਂ ਕੱਢ ਕੇ ਚਿੱਠੀ ਲਿਖਣ ਦਾ ਦੌਰ ਹੀ ਰਿਸ਼ਤਿਆਂ ਦੀ ਮਜ਼ਬੂਤੀ ਦਾ ਪ੍ਰਮਾਣ ਦਿੰਦਾ ਸੀ।
ਕਾਲਜ ਅਤੇ ਸਕੂਲ ਦੇ ਬੱਚੇ ਵੀ ਆਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਖ਼ੂਬਸੂਰਤ ਕਾਰਡ ਬਣਾਕੇ ਵਧਾਈ ਦਿੰਦੇ ਸਨ। ਟੈਲੀਗ੍ਰਾਮ ਦਾ ਜ਼ਿਕਰ ਕੀਤਾ ਜਾਵੇ ਤਾਂ ਇਹ ਦੂਰੀਆਂ ਨੂੰ ਘਟਾਉਣ ਵਾਲਾ ਲਿਖ਼ਤੀ ਰੂਪ ‘ਚ ਸਭ ਤੋਂ ਤੇਜ਼ ਸੰਚਾਰ ਸਾਧਨ ਸੀ। ਟੈਲੀਫੋਨ ਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਨਾ ਵੀ ਅਹਿਸਾਸਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰਨ ਦਾ ਉਸ ਤੋਂ ਵੀ ਤੇਜ਼ ਜ਼ਰੀਆ ਸੀ।
ਪਰ ਜਿਵੇਂ ਹੀ ਸਮੇਂ ਨੇ ਅੱਗੇ ਕਦਮ ਵਧਾਏ ਤਾਂ ਤਕਨਾਲੋਜੀ ਨੇ ਮਨੁੱਖੀ ਸੰਵੇਦਨਾਵਾਂ ਨੂੰ ਪਿਛੇ ਹੀ ਛੱਡ ਦਿੱਤਾ। ਆਧੁਨਿਕ ਯੁਗ ਨੇ ਸਮਾਜਿਕ ਸੰਦੇਸ਼ ਦੇਣ ਦੇ ਪੁਰਾਣੇ ਤਰੀਕਿਆਂ ਨੂੰ ਲਗਭਗ ਖ਼ਤਮ ਹੀ ਕਰ ਦਿੱਤਾ। ਅੱਜ ਜਦੋਂ ਨਵਾਂ ਸਾਲ ਆਉਂਦਾ ਹੈ, ਤਾਂ ਲੋਕਾਂ ਦੇ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ “ਹੈਪੀ ਨਿਊ ਯੀਅਰ” ਦੇ ਮੈਸੇਜ ਅਤੇ ਇਮੌਜੀ ਦੀ ਬਹਾਰ ਹੁੰਦੀ ਹੈ।
ਹੁਣ ਕਿਸੇ ਨੂੰ ਵਧਾਈ ਭੇਜਣ ਲਈ ਵਿਸ਼ੇਸ਼ ਯਤਨ ਕਰਨਾ ਨਹੀਂ ਪੈਂਦਾ। ਸਿਰਫ਼ ਇੱਕ ਅੰਗੂਠੇ ਦੇ ਜ਼ਰੀਏ ਨਵੇਂ ਸਾਲ ਦੀ ਵਧਾਈ ਪਹੁੰਚਾ ਦਿੱਤੀ ਜਾਂਦੀ ਹੈ। ਇਸ ਤਕਨਾਲੋਜੀ ਦੇ ਯੁਗ ਨੇ ਜਿੱਥੇ ਵਧਾਈ ਦੇਣ ਦੇ ਢੰਗ ਤੇਜ਼ ਕੀਤੇ, ਉੱਥੇ ਹੀ ਮਨੁੱਖੀ ਸੰਵੇਦਨਾਵਾਂ ਨੂੰ ਮਸ਼ੀਨੀ ਯੁੱਗ ਵੱਲ ਧੱਕ ਦਿੱਤਾ, ਲੋਕ ਪਹਿਲਾਂ ਜਿੱਥੇ ਆਪਣੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨਾਲ ਸਮਾਂ ਬਿਤਾਉਣ ਨੂੰ ਮਹੱਤਵ ਦਿੰਦੇ ਸਨ, ਉੱਥੇ ਹੁਣ ਸਭ ਕੁਝ ਡਿਜੀਟਲ ਦੁਨੀਆਂ ਤੱਕ ਸੀਮਿਤ ਹੋ ਗਿਆ।
ਅਸੀਂ ਇਸ ਬਦਲਾਅ ਨੂੰ ਪੂਰੀ ਤਰ੍ਹਾਂ ਖ਼ਤਮ ਤਾਂ ਨਹੀਂ ਕਰ ਸਕਦੇ, ਪਰ ਇੱਕ ਕੋਸ਼ਿਸ਼ ਕਰਕੇ ਪੁਰਾਣੇ ਢੰਗਾਂ ਨੂੰ ਆਪਣਾ ਸਕਦੇ ਹਾਂ। ਇੱਕ ਗ੍ਰੀਟਿੰਗ ਕਾਰਡ, ਇੱਕ ਖ਼ੂਬਸੂਰਤ ਚਿੱਠੀ ਜਾਂ ਇੱਕ ਦੂਜੇ ਨਾਲ ਗਲੇ ਮਿਲ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਵਾਲੀ ਪ੍ਰਥਾ ਨੂੰ ਦੁਬਾਰਾ ਜਨਮ ਦੇ ਕੇ ਅਸੀਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਅਤੇ ਖ਼ੂਬਸੂਰਤ ਬਣਾ ਸਕਦੇ ਹਾਂ।
ਨਵੇਂ ਸਾਲ ਦੇ ਮੌਕੇ ਤੇ ਸਭ ਤੋਂ ਵਧੀਆ ਤੋਹਫ਼ਾ ਉਹੀ ਹੈ ਜਦੋਂ ਅਸੀਂ ਆਪਣੀ ਮੌਜੂਦਗੀ ਨੂੰ ਦੂਸਰੇ ਲਈ ਖ਼ਾਸ ਬਣਾਈਏ। ਖ਼ਾਸ ਤੌਰ ‘ਤੇ ਜੇਕਰ ਅਸੀਂ ਪਿਆਰ ਅਤੇ ਮੌਜੂਦਗੀ ਨਾਲ ਇੱਕ ਦੂਜੇ ਦੀ ਖੁਸ਼ੀ ਦਾ ਹਿੱਸਾ ਬਣ ਸਕੀਏ, ਤਾਂ ਇਹ ਨਵੇਂ ਸਾਲ ਦੀ ਸਭ ਤੋਂ ਵਧੀਆ ਸ਼ੁਰੂਆਤ ਹੋਵੇਗੀ।
ਜਲੰਧਰ 
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਵੇਂ ਸਾਲ ਦੀ ਆਮਦ ਤੇ ਸਿਵਲ ਸਰਜਨ ਦਫ਼ਤਰ ਵਿਖੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ
Next articleਕਲਮਾਂ ਦੀ ਪਰਵਾਜ਼ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 6 ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ