ਨੈਟਵਰਕ ਖਰਾਬ ਹੈ
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
(ਸਮਾਜ ਵੀਕਲੀ) ਮੈਂ ਪੁਰਾਣੇ ਜਮਾਨੇ ਦਾ ਸਿੱਧਾ ਸਾਦਾ ਆਦਮੀ ਹਾਂ ਤੇਜ਼ੀ ਨਾਲ ਹੋ ਰਹੇ ਪਰਿਵਰਤਨ ਦੇ ਇਸ ਯੁਗ ਵਿੱਚ ਮੈਂ ਆਪਣੇ ਆਪ ਨੂੰ ਢਾਲ ਨਹੀਂ ਸਕਿਆ। ਸਾਡੇ ਸਮੇਂ ਵਿੱਚ ਸੰਦੇਸ਼ ਭੇਜਣ ਜਾਂ ਮੰਗਵਾਉਣ ਵਾਸਤੇ ਪੋਸਟ ਕਾਰਡ, ਤਾਰ ਜਾਂ ਬਾਅਦ ਵਿੱਚ ਟੈਲੀਫੋਨ ਦਾ ਇਸਤੇਮਾਲ ਕੀਤਾ ਜਾਂਦਾ ਸੀ ਲੇਕਿਨ ਇਹ ਤਾਂ ਸਾਰੀਆਂ ਗੱਲਾਂ ਬੀਤੇ ਸਮੇਂ ਦੀਆਂ ਹੋ ਕੇ ਰਹਿ ਗਈਆਂ ਹਨ। ਲੈਂਡਲਾਈਨ ਅਤੇ ਟੈਲੀਫੋਨ ਤੇਜੀ ਨਾਲ ਗਾਇਬ ਹੁੰਦੇ ਜਾ ਰਹੇ ਹਨ ਅਤੇ ਜਿੱਧਰ ਵੀ ਦੇਖੋ ਹਰ ਕੋਈ ਮੋਬਾਈਲ ਫੋਨ ਦਾ ਦੀਵਾਨਾ ਹੋ ਰਿਹਾ ਹੈ। ਕਈ ਲੋਕ ਤਾਂ ਇਹੋ ਜਿਹੇ ਹਨ ਜਿਹੜੇ ਕਿ ਤਿੰਨ ਤਿੰਨ ਚਾਰ ਚਾਰ ਮੋਬਾਈਲ ਫੋਨ ਨਾਲ ਇੰਟਰਨੈਟ ਤੋਂ ਜਾਣਕਾਰੀ ਹੀ ਨਹੀਂ ਪ੍ਰਾਪਤ ਕਰ ਰਹੇ ਬਲਕਿ ਇਸ ਤੋਂ ਜਿਆਦਾ ਦੁਨੀਆ ਭਰ ਦੀ ਜਾਣਕਾਰੀ ਵੀ ਹਾਸਲ ਕਰ ਰਹੇ ਹਨ। ਅੱਜ ਕੱਲ ਜਿਆਦਾ ਤੋਂ ਜਿਆਦਾ ਲੋਕ ਨਸ਼ੀਲੇ ਪਦਾਰਥਾਂ ਦੇ ਮੁਕਾਬਲੇ ਮੋਬਾਇਲ ਦੇ ਨਸ਼ੇ ਵਿੱਚ ਜਿਆਦਾ ਫਸੇ ਹੋਏ ਲਗਦੇ ਹਨ। ਕਈ ਵਾਰ ਅਸੀਂ ਜਿਸ ਬੰਦੇ ਨਾਲ ਗੱਲ ਕਰ ਰਹੇ ਹੁੰਦੇ ਹਾਂ ਉਸ ਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦਿੰਦੀ ਜਾਂ ਕਈ ਵਾਰ ਜੋ ਕਝ ਉਹ ਮੋਬਾਈਲ ਤੋਂ ਬੋਲ ਰਿਹਾ ਹੁੰਦਾ ਹੈ ਸਾਨੂੰ ਸੁਣਾਈ ਨਹੀਂ ਦਿੰਦਾ। , ਕਈ ਵਾਰ ਜਦੋਂ ਅਸੀਂ ਕਿਸੇ ਨਾਲ ਮੋਬਾਈਲ ਤੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਦੂਜੇ ਪਾਸਿਓਂ ਆਵਾਜ਼ ਆਉਂਦੀ ਹੈ,,, ਇਹ ਨੰਬਰ ਅਜੇ ਬਿਜ਼ੀ ਹੈ, ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਰਿਹਾ। ਕਈ ਵਾਰ ਤਾਂ ਗਲਤ ਨੰਬਰ ਮਿਲ ਜਾਂਦਾ ਹੈ, ਜਿਸ ਕਰਕੇ ਦੂਜੀ ਸਾਈਡ ਵਾਲੇ ਕਈ ਵਾਰ ਲੜਨਾ ਸ਼ੁਰੂ ਕਰ ਦਿੰਦੇ ਹਨ ਜਾਂ ਸਾਨੂੰ ਮਾਫੀ ਮੰਗ ਕੇ ਪੈਂਡਾ ਛੁਡਾਉਣਾ ਪੈਂਦਾ ਹੈ। ਲੇਕਿਨ ਸਾਹਿਬ ਜੇਕਰ ਮੋਬਾਇਲ ਫੋਨ ਇਸਤੇਮਾਲ ਕਰਨਾ ਹੈ ਤਾਂ ਨੈਟਵਰਕ ਦੇ ਖਰਾਬ ਹੋਣ ਦੇ ਇਹ ਕੌੜੇ ਘੁੱਟ ਤਾਂ ਪੀਣੇ ਹੀ ਪੈਣਗੇ। ਕੀ ਕਰੀਏ ਮਜਬੂਰੀ ਹੈ।
ਹੁਣ ਤੁਹਾਨੂੰ ਦੱਸੀਏ ਕਿ ਨੈਟਵਰਕ ਕਿੱਥੇ ਕਿੱਥੇ ਅਤੇ ਕਿਸ ਕਿਸ ਤਰੀਕੇ ਨਾਲ ਖਰਾਬ ਹੁੰਦਾ ਹੈ। ਆਮ ਤੌਰ ਤੇ ਸਾਡੇ ਪਰਿਵਾਰਾਂ ਵਿੱਚ ਆਪਸੀ ਨੈਟਵਰਕ ਖਰਾਬ ਹੀ ਹੁੰਦਾ ਹੈ। ਜ਼ਿੰਦਗੀ ਦੇ ਮੋਬਾਈਲ ਦੇ ਨੈਟਵਰਕ ਦੇ ਆਮ ਤੌਰ ਤੇ ਖਰਾਬ ਰਹਿਣ ਦੀ ਹੀ ਸੰਭਾਵਨਾ ਹੈ। ਪਤੀ ਪਤਨੀ ਵਿਚਕਾਰ ਤਾਂ ਨੈਟਵਰਕ ਠੀਕ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਈ ਵਾਰ ਤਾਂ ਕੇਵਲ ਐਮਰਜੈਂਸੀ ਵਿੱਚ ਹੀ ਗੱਲਬਾਤ ਹੁੰਦੀ ਹੈ। ਨੈਟਵਰਕ ਖਰਾਬ ਹੋਣ ਦੀ ਸਮੱਸਿਆ ਕਰਕੇ ਕਈ ਵਾਰ ਕੋਈ ਲੋਕ ਤਾਂ ਮੋਬਾਇਲ ਨਾ ਖਰੀਦਣ ਬਾਰੇ ਹੀ ਸੋਚਦੇ ਹਨ। ਲੇਕਿਨ ਪਰਿਵਾਰਾਂ ਵਿੱਚ ਪਿਤਾ ਅਤੇ ਪੁੱਤਰ ਦਾ ਨੈਟਵਰਕ ਆਮ ਤੌਰ ਤੇ ਵਿਗੜਿਆ ਹੀ ਰਹਿੰਦਾ ਹੈ। ਸੱਸ ਅਤੇ ਨੂੰਹ, ਭਰਜਾਈ ਅਤੇ ਨਨਾਣ ਦਾ ਨੈਟਵਰਕ ਵੀ ਠੀਕ ਨਹੀਂ ਰਹਿੰਦਾ। ਕਈ ਵਾਰ ਮਿਸ ਕਾਲ ਦੇਣ ਤੇ ਕੋਈ ਜਵਾਬ ਨਹੀਂ ਆਉਂਦਾ ਅਤੇ ਕਈ ਵਾਰ ਪਰਿਵਾਰਿਕ ਮੋਬਾਈਲ ਹੈਂਗ ਹੋਇਆ ਹੀ ਮਿਲਦਾ ਹੈ।!
ਬਜ਼ੁਰਗਾਂ ਦੇ ਮੋਬਾਈਲ ਦਾ ਤਾਂ ਸਾਰਾ ਸਿਲਸਿਲਾ ਹੀ ਵਿਗੜਿਆ ਹੋਇਆ ਮਿਲਦਾ ਹੈ। ਵਿਚਾਰਰੇ ਬਜ਼ੁਰਗ ਲੋਕਾਂ ਪਾਸ ਮਿਸ ਕਾਲ ਆਉਂਦੀ ਹੈ। ਉਹਨਾਂ ਨੂੰ ਪਤਾ ਵੀ ਨਹੀਂ ਚਲਦਾ, ਫੇਸਬੁਕ ਖਰਾਬ ਹੁੰਦਾ ਹੈ। ਅੱਖਾਂ, ਕੰਨ, ਦੰਦ ਕੰਮ ਨਹੀਂ ਕਰਦੇ। ਵਟਸਐਪ ਵੀ ਖਰਾਬ ਰਹਿੰਦਾ, ਕਲਿੱਕ ਹੀ ਨਹੀਂ ਹੁੰਦਾ (ਜੋੜਾਂ ਦੇ ਦਰਦ ਕਰਕੇ ਚਲਿਆ ਹੀ ਨਹੀਂ ਜਾਂਦਾ) ਬਜ਼ੁਰਗਾਂ ਲਈ ਵਿਗੜੇ ਹੋਏ ਨੈਟਵਰਕ ਨਾਲ ਜ਼ਿੰਦਗੀ ਦੇ ਮੋਬਾਈਲ ਨੂੰ ਇਸਤੇਮਾਲ ਕਰਨਾ ਮਜਬੂਰੀ ਹੋ ਗਈ ਹੈ ਅੱਜ ਕੱਲ।!
ਅੱਜ ਕੱਲ ਦੇ ਨੌਜਵਾਨ ਤਬਕੇ ਨੂੰ ਲੈ ਕੇ ਨੈਟਵਰਕ ਦੀ ਜਿਤਨੀ ਗੱਲ ਕੀਤੀ ਜਾਏ ਉਤਨੀ ਥੋੜੀ ਹੈ ਇਸ ਵਰਗ ਨੂੰ ਪਤਾ ਹੈ ਕਿ ਅਗਰ ਨੈਟਵਰਕ ਠੀਕ ਕੰਮ ਨਹੀਂ ਕਰ ਰਿਹਾ ਤਾਂ ਕੰਮ ਕਿਵੇਂ ਚਲਾਇਆ ਜਾ ਸਕਦਾ ਹੈ। ਮੇਰਾ ਇਹ ਮੰਨਣਾ ਹੈ ਕਿ ਜਿੰਨਾ ਲਾਭ ਮੋਬਾਈਲ ਸਿਸਟਮ ਦਾ ਅੱਜਕੱਲ ਤੇ ਨੌਜਵਾਨ ਤਬਕੇ ਨੂੰ ਹੋਇਆ ਹੈ ਉਸਦਾ ਹੋਰ ਕਿਸੇ ਨੂੰ ਨਹੀਂ ਹੋਇਆ ਅਤੇ ਇਸ ਤਬਕੇ ਨੂੰ ਮੋਬਾਇਲ ਦੀ ਜਾਣਕਾਰੀ ਬਾਕੀਆਂ ਨਾਲੋਂ ਬਹੁਤ ਜਿਆਦਾ ਹੈ। ਇਹੀ ਕਾਰਨ ਹੈ ਕਿ ਇਸ ਤਬਕੇ ਦਾ ਜ਼ਿੰਦਗੀ ਦਾ ਮੋਬਾਈਲ ਜਿਆਦਾ ਦੇਰ ਤੱਕ ਹੈਂਗ ਨਹੀਂ ਹੋ ਸਕਦਾ, ਨੈਟਵਰਕ ਖਰਾਬ ਨਹੀਂ ਹੋ ਸਕਦਾ। ਇਸ ਤਬਕੇ ਨੂੰ ਪਤਾ ਕਿ ਜੇਕਰ ਯੂਟਿਊਬ ਕਮ ਨਹੀਂ ਕਰ ਰਿਹਾ ਤਾਂ ਦੂਜਾ ਕਿਹੜਾ ਤਰੀਕਾ ਹੈ ਜਿਸ ਨਾਲ ਸਭ ਠੀਕ ਠਾਕ ਹੋ ਜਾਏ। ਹਾਂ, ਅੱਜ ਕੱਲ ਦੇ ਜਵਾਨ ਤਬਕੇ ਦਾ ਨੈਟਵਰਕ ਤਾਂ ਖਰਾਬ ਹੁੰਦਾ ਹੈ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਂ ਬਾਪ ਜਾ ਭਰਾ ਕਿਸੇ ਪਬਲਿਕ ਪਾਰਕ ਵਿੱਚ ਕਿਸੇ ਪ੍ਰੇਮੀ ਕਾ ਸਾਥੀ ਨਾਲ ਗੁਲਛਰੇ ਉਡਾਂਦੇ ਅਤੇ ਉਸਦੀ ਗੋਦੀ ਵਿੱਚ ਨੀਂਦ ਕਰਕੇ ਸੁਪਨੇ ਲੈਂਦੇ ਹੋਏ ਫੜੇ ਜਾਂਦੇ ਹਨ। ਕਦੇ ਕਦੇ ਇਹਨਾਂ ਦੇ ਸਾਥੀ ਲੋਕ ਵੀ ਈਰਖਾ ਵਿੱਚ ਆ ਕੇ ਪ੍ਰੇਮੀ ਅਤੇ ਪ੍ਰੇਮਿਕਾ ਦੇ ਨੈਟਵਰਕ ਵਿੱਚ ਖਰਾਬੀ ਪੈਦਾ ਕਰ ਦਿੰਦੇ ਹਨ। ਬੇਸ਼ੱਕ ਨੌਜਵਾਨ ਤਬਕੇ ਨੂੰ ਉਹਨਾਂ ਦੇ ਮਾਂ ਬਾਪ ਕਿਤਨਾ ਵੀ ਪਿਆਰ ਕਰ ਲੈਣ ਅਤੇ ਇਹਨਾਂ ਨੂੰ ਸਹੂਲਤਾਂ ਦੇ ਦੇਣ ਇਸਤੇ ਬਾਵਜੂਦ ਵੀ ਇਹਨਾਂ ਦਾ ਮਾਪਿਆਂ ਦੇ ਨਾਲ ਨੈਟਵਰਕ ਵਿਗੜਿਆ ਹੀ ਰਹਿੰਦਾ ਹੈ।
ਜਿੱਥੇ ਤੱਕ ਰਾਜਨੀਤੀ ਦੀ ਗੱਲ ਕੀਤੀ ਜਾਏ, ਕਾਂਗਰਸ ਅਤੇ ਭਾਜਪਾ ਦਾ ਨੈਟਵਰਕ ਨਾ ਤਾਂ ਕਦੇ ਠੀਕ ਰਿਹਾ ਹੈ ਅਤੇ ਨਾ ਹੀ ਠੀਕ ਰਹਿ ਸਕਦਾ ਹੈ। ਜੇਕਰ ਕਿਸੇ ਪ੍ਰੋਗਰਾਮ ਵਿੱਚ ਕਾਂਗਰਸ ਅਤੇ ਭਾਜਪਾ ਵਾਲੇ ਨਾਲ ਨਾਲ ਬੈਠੇ ਹੋਣ ਤਾਂ ਉਹਨਾਂ ਦੇ ਮਨ ਵਿੱਚ ਇੱਕ ਦੂਜੇ ਪ੍ਰਤੀ ਐਵੇਂ ਈਰਖਾ ਹੁੰਦੀ ਹੈ ਜਿਵੇਂ ਕਿ ਇਸਰਾਈਲ ਅਤੇ ਇਰਾਨ ਦੇ ਨਾਗਰਿਕਾਂ ਵਿੱਚ ਨੈਟਵਰਕ ਖਰਾਬ ਹੋਣ ਕਰਕੇ ਈਰਖਾ ਹੁੰਦੀ ਹੈ। ਜਿਵੇਂ ਅੱਜ ਕੱਲ ਫੇਸਬੁਕ ਤੇ ਅਸ਼ਲੀਲ ਅਤੇ ਮਰਿਆਦਾ ਤੋਂ ਹਟ ਕੇ ਕੁਝ ਸਮਗਰੀ ਦੇਖਣ ਨੂੰ ਮਿਲਦੀ ਹੈ ਜਿਸ ਕਰਕੇ ਸਾਨੂੰ ਸ਼ਰਮ ਵੀ ਆਉਂਦੀ ਹੈ, ਠੀਕ ਉਸੇ ਤਰ੍ਹਾਂ ਕਾਂਗਰਸ ਅਤੇ ਭਾਜਪਾ ਵਾਲੇ ਮਰਿਆਦਾ ਨੂੰ ਲੱਤ ਮਾਰ ਕੇ ਇੱਕ ਦੂਜੇ ਬਾਰੇ ਪਤਾ ਨਹੀਂ ਕੀ ਕੀ ਕਹਿੰਦੇ ਰਹਿੰਦੇ ਹਨ। ਇਹ ਸਾਰਾ ਇਹਨਾਂ ਦੋਹਾਂ ਵਿਚਕਾਰ ਨੈਟਵਰਕ ਖਰਾਬ ਹੋਣ ਦਾ ਹੀ ਨਤੀਜਾ ਹੈ। ਭਾਰਤ ਅਤੇ ਪਾਕਿਸਤਾਨ ਦਾ ਨੈਟਵਰਕ ਤਾਂ 1947 ਤੋਂ ਹੀ ਵਿਗੜਿਆ ਹੋਇਆ ਦੇਖਿਆ ਜਾ ਸਕਦਾ ਹੈ। ਪਾਕਿਸਤਾਨ ਕਸ਼ਮੀਰ ਤੇ ਕਬਜ਼ਾ ਨਹੀਂ ਕਰ ਸਕਿਆ ਲੇਕਿਨ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਵਿੱਚ ਭੇਜ ਕੇ ਤੋੜਫੋੜ ਦੀਆਂ ਕਾਰਵਾਈਆਂ ਕਰਵਾਉਣ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਸਰਕਾਰ ਦੇ ਖਿਲਾਫ ਭੜਕਾਉਣ ਦੀ ਕੋਈ ਕਸਰ ਨਹੀਂ ਛੱਡ ਰਿਹਾ। ਅੱਜ ਕੱਲ ਤਾਂ ਬੰਗਲਾਦੇਸ਼ ਵਿੱਚ ਤਖਤਾ ਪਲਟ ਦੇ ਬਾਅਦ ਪਾਕਿਸਤਾਨ ਦੀ ਸਰਕਾਰ ਉਸ ਦਾ ਇਸਤੇਮਾਲ ਭਾਰਤ ਦੇ ਖਿਲਾਫ ਕਰਨ ਵਿੱਚ ਲੱਗੀ ਹੋਈ ਹੈ। ਇਸ ਤਰ੍ਹਾਂ ਜਿੱਥੇ ਪਹਿਲਾਂ ਭਾਰਤ ਅਤੇ ਪਾਕਿਸਤਾਨ ਦਾ ਨੈਟਵਰਕ ਠੀਕ ਨਹੀਂ ਸੀ ਉਹੀ ਗੱਲ ਬੰਗਲਾਦੇਸ਼ ਦੇ ਨਾਲ ਵੀ ਨੈਟਵਰਕ ਖਰਾਬ ਹੋਣ ਵਾਲੀ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਉਥੇ ਹਿੰਦੂਆਂ ਦੇ ਮੰਦਰਾਂ ਨੂੰ ਸਾੜਿਆ ਜਾ ਰਿਹਾ ਹੈ, ਹਿੰਦੂਆਂ ਨੂੰ ਜਾਨੋ ਮਾਰਿਆ ਜਾ ਰਿਹਾ ਅਤੇ ਉਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਹਾਲਾਂਕਿ ਬੰਗਲਾਦੇਸ਼ ਨੂੰ ਭਾਰਤ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਨੇ ਹੀ ਬੰਗਲਾਦੇਸ਼ ਬਣਾਉਣ ਵਿੱਚ ਉਸ ਦੀ ਮਦਦ ਕੀਤੀ ਸੀ। ਪਰ ਅਹਿਸਾਨ ਫਰਾਮੋਸ਼ ਬੰਗਲਾਦੇਸ਼ ਤਾਂ ਭਾਰਤ ਦੇ ਨਾਲ ਆਪਣਾ ਨੈਟਵਰਕ ਖਰਾਬ ਕਰਨ ਤੇ ਅੜਿਆ ਹੋਇਆ ਹੈ।
ਪਾਕਿਸਤਾਨ ਦੀ ਤਰ੍ਹਾਂ ਚੀਨ ਦਾ ਵੀ ਸਾਡੇ ਨਾਲ ਕਦੇ ਨੈਟਵਰਕ ਠੀਕ ਨਹੀਂ ਰਿਹਾ। ਹਾਲਾਂਕਿ ਭਾਰਤ ਨੇ ਚੀਨ ਨੂੰ ਯੂਐਨਓ ਦੀ ਮੈਂਬਰਸ਼ਿਪ ਦਿਲਵਾਉਣ ਵਾਸਤੇ ਮਦਦ ਕੀਤੀ ਸੀ ਅਤੇ ਪੰਡਿਤ ਜਵਾਹਰਲਾਲ ਨਹਿਰੂ ਨੇ ਚੀਨ ਨਾਲ ਸਬੰਧ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਲੇਕਿਨ ਉਸ ਨੇ ਤਾਂ ਭਾਰਤ ਤੇ 1962 ਵਿੱਚ ਹਮਲਾ ਕਰਕੇ ਸਾਡੇ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਅਜੇ ਵੀ ਭਾਰਤ ਦੇ ਕਈ ਇਲਾਕਿਆਂ ਤੇ ਉਹ ਆਪਣਾ ਹੱਕ ਸਮਝਣ ਦੀ ਗੱਲ ਭਾਰਤ ਨੂੰ ਕਹਿ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨ ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਵਿਰੋਧ ਕਰਦਾ ਰਹਿੰਦਾ ਹੈ। ਅਜਿਹੇ ਹਾਲਤ ਵਿੱਚ ਭਾਰਤ ਔਰ ਚੀਨ ਦਾ ਨੈਟਵਰਕ ਕਿਵੇਂ ਠੀਕ ਰਹਿ ਸਕਦਾ ਹੈ।
ਬੇਸ਼ੱਕ ਸਾਡੇ ਲੋਕਾਂ ਦਾ ਨੈਟਵਰਕ ਕਦੇ ਨਾ ਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਵਿਗੜਿਆ ਹੀ ਰਹਿੰਦਾ ਇਸ ਦੇ ਬਾਵਜੂਦ ਵੀ ਸਾਨੂੰ ਕੰਮ ਤਾਂ ਚਲਾਉਣਾ ਹੀ ਪੈਂਦਾ ਹੈ। ਬੇਸ਼ੱਕ ਘਰ ਵਿੱਚ ਘਸੁਨਬਾਜੀ਼ ਹੋ ਜਾਏ, ਘਰ ਦੇ ਬਾਹਰ ਤਾਂ ਲੋਕਾਂ ਨਾਲ ਮੁਸਕਰਾ ਕੇ ਗੱਲ ਕਰਨੀ ਪੈਂਦੀ ਹੈ ਜਿਵੇਂ ਕਿ ਸਾਡਾ ਨੈਟਵਰਕ ਠੀਕ ਕੰਮ ਕਰ ਰਿਹਾ ਹੋਵੇ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ –9416359045
ਰੋਹਤਕ-124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj