ਪੀ.ਏ.ਯੂ – ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਕਰਵਾਈ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਅਟਾਰੀ, ਜ਼ੋਨ-1 ਦੇ ਅਧੀਨ ਕਾਰਜਸ਼ੀਲ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਬੀਤੇ ਦਿਨੀਂ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਕਰਵਾਈ ਗਈ।ਮਿਲਣੀ ਦੀ ਸ਼ੁਰੂਆਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ  ਸਹਿ-ਡਾਇਰੈਕਟਰ (ਸਿਖਲਾਈ) ਡਾ: ਮਨਿੰਦਰ ਸਿੰਘ ਬੌਂਸ ਨੇ ਹਾਜਰ ਕਿਸਾਨਾਂ ਦਾ ਸਵਾਗਤ ਕਰਦਿਆਂ ਕੇਂਦਰ ਵਲੋਂ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਖੇਤੀ ਤੋਂ ਵੱਧ ਮੁਨਾਫੇ ਲਈ ਪਸ਼ੂ ਪਾਲਣ, ਮੁਰਗੀ ਪਾਲਣ, ਬਕਰੀ ਪਾਲਣ, ਮਧੂ ਮੱਖੀ ਪਾਲਣ, ਖੁੰਬ ਉਤਪਾਦਨ ਵਰਗੇ ਸਹਾਇਕ ਖੇਤੀ ਧੰਧੇ ਅਪਨਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਬਾਬਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਚਲਾਏ ਜਾ ਰਹੇ ਕਿੱਤਾ-ਮੁਖੀ ਸਿਖਲਾਈ ਕੋਰਸਾਂ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸ਼ੋਸ਼ਲ ਮੀਡਿਆ ਪਲੈਟਫਾਰਮ-ਪੀ.ਏ.ਯੂ ਦੀ ਵੈੱਬਸਾਇਟ, ਪੀ.ਏ.ਯੂ ਕਿਸਾਨ ਐਪ, ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ. ਯੂਟਿਅੂਬ, ਖੇਤੀ ਸੰਦੇਸ਼ ਆਦਿ ਦੀ ਵਰਤੋਂ ਰਾਹੀਂ ਖੇਤੀ ਗਿਆਨ ਤੇ ਨਵੀਨਤਮ ਤਕਨੀਕੀ ਜਾਣਕਾਰੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਸਹਿ-ਪ੍ਰੋਫੈਸਰ (ਫ਼ਸਲ ਵਿਗਿਆਨ) ਗੁਰਪ੍ਰਤਾਪ ਸਿੰਘ ਅਤੇ ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ.ਪ੍ਰਭਜੋਤ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਰਵਪੱਖੀ ਖਾਦ, ਨਦੀਨ ਤੇ ਕੀਟ ਪ੍ਰਬੰਧਨ, ਖਾਸਕਰ, ਹਲਕੀਆਂ ਜ਼ਮੀਨਾਂ ਵਿੱਚ ਮੈਂਗਨੀਜ ਤੱਤ ਦੀ ਪੂਰਤੀ, ਗੁੱਲੀ ਡੰਡਾ ਨਦੀਨ ਅਤੇ ਕਣਕ ਦੀ ਪੀਲੀ ਕੁੰਗੀ ਦੀ ਰੋਕਥਾਮ ਬਾਬਤ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਮਿਲਣੀ ਵਿੱਚ ਪਿੰਡ ਚੱਗਰਾਂ ਦੇ ਸਾਬਕਾ ਸਰਪੰਚ ਸੁਬਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ, ਰਾਜਵਿੰਦਰ ਕੁਮਾਰ, ਦਾਨ ਸਿੰਘ, ਧੰਨਵੀਰ ਸਿੰਘ, ਮਨਮੋਹਨ ਸਿੰਘ, ਸਰਬਨ ਸਿੰਘ ਬਿੱਟੂ, ਤਰਸੇਮ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਸੰਤੋਖ ਸਿੰਘ ਵੀ ਮੌਜੂਦ ਸਨ ਅਤੇ ਆਪਣੇ ਖਦਸ਼ਿਆਂ ਤੇ ਖੇਤੀ ਸਮੱਸਿਆਂ ਬਾਰੇ ਮਾਹਿਰਾਂ ਨਾਲ ਵਿਚਾਰ ਚਰਚਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਹਾਨ ਖੂਨਦਾਨੀ ਭਾਈ ਬਰਿੰਦਰ ਸਿੰਘ ਮਸੀਤੀ ਦਾ ਸੈਂਟ ਸੋਲਜਰ ਐਜੂਕੇਸ਼ਨ ਗਰੁੱਪ ਨੇ ਕੀਤਾ ਵਿਸ਼ੇਸ਼ ਸਨਮਾਨ
Next articleਡਾਕਟਰ ਅੰਬੇਡਕਰ ਦੀ ਸ਼ਾਨ ਖਿਲਾਫ ਬੋਲਣ ਤੇ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਵਿਰੋਧ ਜਤਾਇਆ