ਮੂਸੇਵਾਲਾ ਕੇਸ: ਫ਼ਰਾਰ ਗੈਂਗਸਟਰ ਟੀਨੂ ਦੀ ਪ੍ਰੇਮਿਕਾ ਗ੍ਰਿਫ਼ਤਾਰ

ਮਾਨਸਾ (ਸਮਾਜ ਵੀਕਲੀ) :  ਸਿੱਧੂ ਮੂਸੇਵਾਲਾ ਕਤਲ ਕੇਸ ਦੇ ਫ਼ਰਾਰ ਹੋਏ ਮੁਲਜ਼ਮ ਦੀਪਕ ਟੀਨੂ ਦੀ ਪ੍ਰੇਮਿਕਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਟੀਨੂ ਮਾਨਸਾ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ ’ਚੋਂ ਫਰਾਰ ਹੋ ਗਿਆ ਸੀ ਤੇ ਹੁਣ 9 ਦਿਨਾਂ ਬਾਅਦ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਗ੍ਰਿਫ਼ਤਾਰੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵੱਲੋਂ ਕੀਤੀ ਗਈ ਹੈ। ਪੁਲੀਸ ਨੇ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਅਦਾਲਤ ’ਚ ਪੇਸ਼ ਕਰ ਕੇ ਗ੍ਰਿਫ਼ਤਾਰ ਲੜਕੀ ਦਾ 14 ਅਕਤੂਬਰ ਤੱਕ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।

ਪੁਲੀਸ ਮੁਤਾਬਕ ਲੜਕੀ ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਪੁਲੀਸ ਮੁਲਾਜ਼ਮ ਨਹੀਂ ਹੈ ਜਿਵੇਂ ਕਿ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ। ਸੂਤਰਾਂ ਮੁਤਾਬਕ ਸੀਆਈਏ ਦੇ ਬਰਖਾਸਤ ਇੰਚਾਰਜ ਨੂੰ ਵੀ ਮਾਨਸਾ ਤੋਂ ਬਾਹਰ ਹੋਰ ਕਿਸੇ ਜ਼ਿਲ੍ਹੇ ’ਚ ਸ਼ਿਫ਼ਟ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਲੜਕੀ ਨੂੰ ਏਜੀਟੀਐਫ ਦੀ ਟੀਮ ਨੇ ਮੁੰਬਈ ਤੋਂ ਫੜਿਆ ਹੈ। ਗ੍ਰਿਫ਼ਤਾਰ ਲੜਕੀ ਦੇ ਲੁਧਿਆਣਾ ਜ਼ਿਲ੍ਹੇ ਨੇੜਲੇ ਪਿੰਡ ਵਿਚ ਪੁਲੀਸ ਨੇ ਛਾਪਾ ਵੀ ਮਾਰਿਆ ਹੈ। ਲੜਕੀ ਲੰਮੇ ਸਮੇਂ ਤੋਂ ਪਰਿਵਾਰ ਦੇ ਸੰਪਰਕ ਵਿਚ ਨਹੀਂ ਸੀ। ਪੁਲੀਸ ਮੁਤਾਬਕ ਇਸ ਲੜਕੀ ਦੀ ਦੀਪਕ ਟੀਨੂ ਨੂੰ ਫਰਾਰ ਕਰਵਾਉਣ ਵਿੱਚ ਵੱਡੀ ਭੂਮਿਕਾ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲੀਸ ਵੱਲੋਂ ਹਰਿਆਣਾ, ਰਾਜਸਥਾਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਛਾਪੇ ਮਾਰੇ ਜਾ ਰਹੇ ਸਨ।

ਜ਼ਿਕਰਯੋਗ ਹੈ ਕਿ ਪੁਲੀਸ ਨੇ ਦੀਪਕ ਟੀਨੂ ਖ਼ਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਪਰ ਹੁਣ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦੀਪਕ ਟੀਨੂ ਵਿਦੇਸ਼ ਦੌੜਨ ਵਿੱਚ ਸਫ਼ਲ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਦੀਪਕ ਟੀਨੂ ਨੂੰ ਜਦੋਂ ਮਾਨਸਾ ਪੁਲੀਸ ਵੱਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ ਤਾਂ ਉਸ ਦੀ ਜਲਦੀ ਹੀ ਸੀਆਈਏ ਇੰਚਾਰਜ ਨਾਲ ਨੇੜਤਾ ਹੋ ਗਈ ਸੀ। ਪੁਲੀਸ ਨੇ ਪੰਜ ਹੋਰਨਾਂ ਕੇਸਾਂ ਵਿੱਚ ਵੀ ਉਸ ਦਾ ਰਿਮਾਂਡ ਲਿਆ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਾਪੋਰਿਜ਼ੀਆ: ਰੂਸ ਦੇ ਹਮਲੇ ’ਚ 17 ਵਿਅਕਤੀ ਹਲਾਕ
Next articleਲਾਲੂ ਪ੍ਰਸਾਦ ਸਰਬਸੰਮਤੀ ਨਾਲ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਬਣੇ