ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜੇਕਰ ਮਰ ਕੇ ਜਿਉਂਦੇ ਰਹਿਣਾ
———————————
ਅਪਣੇ ਪਾਠਕਾਂ ਅਤੇ ਸਰੋਤਿਆਂ ਨੂੰ ਖ਼ੁਸ਼ ਰਖਦੇ ਉਹ ,
ਗੀਤ ਮੁਹੱਬਤਾਂ ਵਾਲ਼ੇ ਜੋ ਲਿਖਦੇ ਤੇ ਗਾਉਂਦੇ ਨੇ ।
ਪੋਤੇ ਪੋਤੀਆਂ ਉਨ੍ਹਾਂ ਬਾਬਿਆਂ ਦਾ ਸਤਿਕਾਰ ਕਰਨ ,
ਬਾਤਾਂ ਪਾ ਪਾ ਜੋ ਬੱਚਿਆਂ ਦਾ ਦਿਲ ਪ੍ਰਚਾਉਂਦੇ ਨੇ ।
ਰੋਂਦਾ ਛੱਡ ਪਰਿਵਾਰ ਨੂੰ ਭਾਵੇਂ ਇੱਕ ਦਿਨ ਤੁਰ ਜਾਂਦੇ ,
ਮੁੜ ਕੇ ਪਿੰਡ ਰੰਚਣਾਂ ਕਦੇ ਨਾ ਸ਼ਕਲ ਵਿਖਾਉਂਦੇ ਨੇ ।
ਚੰਦਰੀ ਮੌਤ ਉਨ੍ਹਾਂ ਨੂੰ ਫ਼ਿਰ ਵੀ ਮਾਰ ਨਾ ਸਕਦੀ ਏ ,
ਜਿਹੜੇ ਆਪਣਾ ਜੀਵਨ ਲੋਕਾਂ ਦੇ ਲੇਖੇ ਲਾਉਂਦੇ ਨੇ ।

ਰੁਲ਼ਦੂ ਦੇ ਮਨ ਦੀ ਸਥਿਤੀ
—————————-
ਰੁਲ਼ਦੂ ਚਾਰ ਕੁ ਲਾਈਨਾਂ ਲਿਖ ਕੇ ਹੀ ,
ਲੋਕਾਂ ਦੀ ਕਚਹਿਰੀ ਵਿੱਚ ਧਰਦੈ ।
ਕਿਤੇ ਕੋਈ ਨਘ੍ਹੋਚ ਨਾ ਕੱਢ ਦੇਵੇ ,
ਅੰਦਰੋ ਅੰਦਰੀ ਦਿਲ ਵੀ ਡਰਦੈ ।
ਝੱਟ ਹੀ ਛਪ ਜਾਂਦੀ ਅਖ਼ਬਾਰਾਂ ਵਿੱਚ ,
ਮਨ ਨੂੰ ਕੁੱਝ ਹੌਂਸਲਾ ਹੋ ਜਾਂਦੈ ;
ਓਦੋਂ ਬਿਨਾਂ ਪੀਤੀਓਂ ਲੋਰ ਚੜ੍ਹੇ ,
ਜਦ ਹਰ ਕੋਈ ਹੀ ਸਿਫ਼ਤਾਂ ਕਰਦੈ ।

 

ਜਦੋਂ ਮੈਂ ਪਿੱਛੇ ਮੁੜਕੇ ਵੇਖਦਾਂ
—————————–
ਜੋ ਮੇਰੇ ਮਾਪੇ ਇੱਕ ਬਲ਼ਦ ਦੀ
ਖੇਤੀ ਕਰਿਆ ਕਰਦੇ ਸਨ ।
ਧੀਆਂ ਦੇ ਵਿਆਹਾਂ ਲਈ ਪੈਲ਼ੀ
ਗਹਿਣੇ ਧਰਿਆ ਕਰਦੇ ਸਨ ।
ਪਰ ਮੈਨੂੰ ਉਹ ਅਧਿਆਪਕ ਦੀ
ਕੁਰਸੀ ਦਿਲਵਾ ਕੇ ਹੀ ਹਟੇ ;
ਪੁੱਤ ਗੱਡੀ ਵਿੱਚ ਘੁੰਮੇਂ ਪਰ ਉਹ
ਪੈਦਲ ਤੁਰਿਆ ਕਰਦੇ ਸਨ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous article,,,,,,ਵਜ਼ੀਦ ਖਾਂ ਦੀ ਹਾਰ,,,,
Next articleਆਧਾਰ, ਮਨਰੇਗਾ, ਆਰਟੀਆਈ ਵਰਗੇ ਕਾਨੂੰਨਾਂ ਵਿੱਚ ਮਨਮੋਹਨ ਸਿੰਘ ਦੀਆਂ ਪ੍ਰਾਪਤੀਆਂ, ਜਾਣੋ ਆਰਥਿਕ ਸਲਾਹਕਾਰ ਤੋਂ ਪ੍ਰਧਾਨ ਮੰਤਰੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ